ਅਗਲੀ DGP-IGP ਮੀਟਿੰਗ ਛੱਤੀਸਗੜ੍ਹ ਵਿੱਚ; ਪ੍ਰਧਾਨ ਮੰਤਰੀ ਮੋਦੀ ਅਤੇ ਸ਼ਾਹ ਕਰਨਗੇ ਸ਼ਿਰਕਤ
ਛੱਤੀਸਗੜ੍ਹ ਵਿੱਚ ਅਗਲੇ ਮਹੀਨੇ ਪਹਿਲੀ ਵਾਰ ਆਲ ਇੰਡੀਆ DGP-IGP ਕਾਨਫਰੰਸ ਦੀ ਮੀਟਿੰਗ ਕੀਤੀ ਜਾਣੀ ਹੈ, ਜਿੱਥੇ ਅੰਦਰੂਨੀ ਸੁਰੱਖਿਆ, ਨਕਸਲੀਆਂ ਵਿਰੁੱਧ ਚੱਲ ਰਹੇ ਆਪਰੇਸ਼ਨ ਅਤੇ ਸਾਈਬਰ ਸੁਰੱਖਿਆ ਨਾਲ ਸਬੰਧਤ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ।
28 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਇਸ ਤਿੰਨ-ਰੋਜ਼ਾ ਕਾਨਫਰੰਸ ਦਾ 60ਵੇਂ ਐਡੀਸ਼ਨ ਦਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਉਦਘਾਟਨ ਕੀਤਾ ਜਾਵੇਗਾ, ਜਦੋਂ ਕਿ ਸਮਾਪਤੀ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।
DGP ਅਤੇ IGP ਰੈਂਕ ਦੇ ਲਗਪਗ 250 ਅਧਿਕਾਰੀ ਨਿੱਜੀ ਤੌਰ ’ਤੇ ਮੀਟਿੰਗ ਵਿੱਚ ਹਿੱਸਾ ਲੈਣਗੇ, ਜਦੋਂ ਕਿ 200 ਤੋਂ ਵੱਧ ਹੋਰ ਵਰਚੁਅਲੀ (ਆਨਲਾਈਨ) ਸ਼ਾਮਲ ਹੋਣਗੇ।
ਇਸ ਸਾਲ ਕਾਨਫਰੰਸ ਵਿੱਚ ਵਿਸ਼ੇਸ਼ ਤੌਰ ’ਤੇ ਨਕਸਲ ਪ੍ਰਭਾਵਿਤ ਖੇਤਰਾਂ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਛੱਤੀਸਗੜ੍ਹ ਦੇ ਬਸਤਰ ਡਿਵੀਜ਼ਨ ਵਿੱਚ ਸੁਬਾਈ ਪੁਲੀਸ ਅਤੇ ਕੇਂਦਰੀ ਬਲਾਂ ਵੱਲੋਂ ਕੀਤੇ ਸਾਂਝੇ ਆਪਰੇਸ਼ਨਾਂ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਮਹੱਤਵਪੂਰਨ ਸਫਲਤਾ ਪ੍ਰਾਪਤ ਕੀਤੀ ਹੈ।
ਮੀਟਿੰਗ ਵਿੱਚ ਨਸ਼ੀਲੇ ਪਦਾਰਥਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਰਣਨੀਤੀ, ਜੰਮੂ ਅਤੇ ਕਸ਼ਮੀਰ ਦੀ ਸਥਿਤੀ ਅਤੇ ਸਰਹੱਦ ਪ੍ਰਬੰਧਨ ਵਰਗੇ ਮੁੱਦਿਆਂ ’ਤੇ ਵੀ ਚਰਚਾ ਕੀਤੀ ਜਾਵੇਗੀ।
ਗ਼ੌਰਤਲਬ ਹੈ ਕਿ 2014 ਤੋਂ ਪ੍ਰਧਾਨ ਮੰਤਰੀ ਨੇ DGP ਕਾਨਫਰੰਸ ਵਿੱਚ ਖਾਸ ਦਿਲਚਸਪੀ ਲਈ ਹੈ। ਇਹ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਪ੍ਰਧਾਨ ਮੰਤਰੀ ਨਾਲ ਦੇਸ਼ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਖ ਪੁਲਿਸਿੰਗ ਅਤੇ ਅੰਦਰੂਨੀ ਸੁਰੱਖਿਆ ਮੁੱਦਿਆਂ 'ਤੇ ਆਪਣੇ ਵਿਚਾਰ ਅਤੇ ਸਿਫ਼ਾਰਸ਼ਾਂ ਸਾਂਝੀਆਂ ਕਰਨ ਦਾ ਮੌਕਾ ਪ੍ਰਦਾਨ ਕਰੇਗਾ।