ਜਾਂਚ ਦੇ ਨਾਮ ’ਤੇ ਰੋਕੇ ਅਖ਼ਬਾਰ
ਜਦੋਂ ਅੱਜ ਸਵੇਰੇ ਪੰਜਾਬ ’ਚ ਪਾਠਕਾਂ ਨੂੰ ਆਪਣੇ ਬੂਹਿਆਂ ’ਤੇ ਅਖ਼ਬਾਰ ਨਾ ਲੱਭੇ ਤਾਂ ਉਨ੍ਹਾਂ ਨੇ ਹਾਕਰਾਂ ਨੂੰ ਫੋਨ ਖੜਕਾਉਣੇ ਸ਼ੁਰੂ ਕਰ ਦਿੱਤੇ। ਉਹ ਪੰਜਾਬ ਪੁਲੀਸ ਵਲੋਂ ਅਖ਼ਬਾਰਾਂ ਦੀ ਸਪਲਾਈ ਕਈ ਘੰਟਿਆਂ ਤੱਕ ਰੋਕੇ ਜਾਣ ਦੀ ਕਿਸੇ ਵੀ ਕਾਰਵਾਈ ਤੋਂ ਅਣਜਾਣ ਸਨ। ਪੁਲੀਸ ਸਵੇਰੇ ਚਾਰ ਵਜੇ ਹੀ ਸੜਕਾਂ ’ਤੇ ਉੱਤਰੀ ਅਤੇ ਅਖ਼ਬਾਰਾਂ ਦੀ ਸਪਲਾਈ ਵਾਲੇ ਵਾਹਨਾਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ। ਮੁੱਖ ਸੜਕਾਂ ’ਤੇ ਖੜ੍ਹੀ ਪੁਲੀਸ ਵਾਹਨਾਂ ’ਚ ਪਏ ਅਖ਼ਬਾਰਾਂ ਦੇ ਬੰਡਲ ਫਰੋਲਦੀ ਰਹੀ ਅਤੇ ਵਾਹਨ ਥਾਣੇ ਲਗਾ ਦਿੱਤੇ। ਰੌਲਾ ਪੈਣ ਮਗਰੋਂ ਪੁਲੀਸ ਨੇ ਸਵੇਰੇ 9 ਵਜੇ ਦੇ ਕਰੀਬ ਵਾਹਨ ਛੱਡੇ।
ਲੁਧਿਆਣਾ ਅਰਬਨ ਅਸਟੇਟ ਦੇ ਵਾਸੀ ਇਸ਼ਵਰ ਸਿੰਘ ਭੰਦੋਹਲ ਨੇ ਕਿਹਾ ਕਿ ਆਮ ਤੌਰ ’ਤੇ ਅਖ਼ਬਾਰ ਸਵੇਰੇ ਸੱਤ ਵਜੇ ਆ ਜਾਂਦੇ ਹਨ ਪਰ ਅੱਜ ਉਨ੍ਹਾਂ ਨੂੰ ਅਖ਼ਬਾਰ ਦੇਖਣ ਲਈ ਬੂਹੇ ਦੇ ਵਾਰ-ਵਾਰ ਚੱਕਰ ਕੱਟਣੇ ਪਏ। ਇਸੇ ਤਰ੍ਹਾਂ ਅਹਿਮਦਗੜ੍ਹ ਮੰਡੀ ’ਚ 9 ਵਜੇ ਤੱਕ ਜਦੋਂ ਕੋਈ ਅਖ਼ਬਾਰ ਨਾ ਪੁੱਜਿਆ ਤਾਂ ਪਾਠਕਾਂ ਨੇ ਇਕੱਠੇ ਹੋ ਕੇ ਸੋਸ਼ਲ ਮੀਡੀਆ ’ਤੇ ਸੁਆਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ। ਸੂਤਰਾਂ ਮੁਤਾਬਕ ਪੁਲੀਸ ਨੇ ਸਾਰੇ ਜ਼ਿਲ੍ਹਿਆਂ ’ਚ ਦੇਰ ਰਾਤ ਇਸ ਅਪਰੇਸ਼ਨ ਤੋਂ ਜਾਣੂ ਕਰਾ ਦਿੱਤਾ ਸੀ।
ਸ਼ਹਿਰੀ ਲੋਕਾਂ ਨੇ ਸਵਾਲ ਉਠਾਏ ਕਿ ਪੰਜਾਬ ’ਚ ਜਦੋਂ ਕਾਲਾ ਦੌਰ ਚੱਲ ਰਿਹਾ ਸੀ ਤਾਂ ਉਸ ਵਕਤ ਵੀ ਸਾਰੇ ਅਖ਼ਬਾਰਾਂ ਦੀ ਕਿਤੇ ਵੀ ਸਪਲਾਈ ਨਹੀਂ ਰੋਕੀ ਗਈ ਸੀ। ਜਦੋਂ ਇਸ ਮਾਮਲੇ ’ਤੇ ਵਿਵਾਦ ਭਖ਼ ਗਿਆ ਤਾਂ ਪੁਲੀਸ ਨੇ ਤਸਕਰੀ ਦੀ ਖ਼ੁਫ਼ੀਆ ਇਨਪੁਟ ਦਾ ਹਵਾਲਾ ਦੇ ਕੇ ਮਾਮਲੇ ਤੋਂ ਪੱਲਾ ਝਾੜ ਲਿਆ। ਵੇਰਵਿਆਂ ਅਨੁਸਾਰ ਜਲੰਧਰ ਤੇ ਚੰਡੀਗੜ੍ਹ ਤੋਂ ਅਖ਼ਬਾਰ ਲੈ ਕੇ ਰਵਾਨਾ ਹੋਣ ਵਾਲੇ ਵਾਹਨਾਂ ਨੂੰ ਪੁਲੀਸ ਨੇ ਸਖ਼ਤੀ ਨਾਲ ਰੋਕਿਆ ਅਤੇ ਕਈ ਸ਼ਹਿਰਾਂ ’ਚ ਸੜਕਾਂ ਕਿਨਾਰੇ ਅਖ਼ਬਾਰਾਂ ਦੇ ਢੇਰ ਵੀ ਲਾ ਦਿੱਤੇ। ਮੋਗਾ ਦੇ ਪਿੰਡ ਕਮਾਲ ਕੇ ਕੋਲ ਵਾਹਨ ਰੋਕੇ ਜਾਣ ਨਾਲ ਮੁਕਤਸਰ ਤੇ ਫ਼ਿਰੋਜ਼ਪੁਰ ’ਚ ਸਪਲਾਈ ਪ੍ਰਭਾਵਿਤ ਹੋਈ। ਜਾਣਕਾਰੀ ਮੁਤਾਬਕ ਪਠਾਨਕੋਟ, ਬਟਾਲਾ, ਤਰਨ ਤਾਰਨ, ਹੁਸ਼ਿਆਰਪੁਰ, ਬਿਆਸ, ਲੁਧਿਆਣਾ, ਅਹਿਮਦਗੜ੍ਹ ਮੰਡੀ, ਫ਼ਰੀਦਕੋਟ, ਮੁਕਤਸਰ, ਪਟਿਆਲਾ, ਅੰਮ੍ਰਿਤਸਰ, ਮੋਗਾ, ਤਪਾ ਮੰਡੀ, ਫ਼ਿਰੋਜ਼ਪੁਰ ਆਦਿ ਸ਼ਹਿਰਾਂ ਦੇ ਆਸ-ਪਾਸ ਅਖ਼ਬਾਰਾਂ ਵਾਲੇ ਵਾਹਨ ਰੋਕੇ ਗਏ। ਅਖ਼ਬਾਰਾਂ ਦੀ ਸਪਲਾਈ ਰੋਕੇ ਜਾਣ ਦੇ ਲੁਕਵੇਂ ਮੰਤਵ ਦਾ ਹਾਲੇ ਭੇਤ ਬਣਿਆ ਹੋਇਆ ਹੈ। ਪ੍ਰੈੱਸ ਕਲੱਬ ਚੰਡੀਗੜ੍ਹ ਨੇ ਪੁਲੀਸ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ। ਇਸੇ ਤਰ੍ਹਾਂ ਪੱਤਰਕਾਰ ਐਸੋਸੀਏਸ਼ਨਾਂ ’ਚ ਵੀ ਰੋਸ ਪਾਇਆ ਜਾ ਰਿਹਾ ਹੈ। ਇੱਕ ਵਾਹਨ ਚਾਲਕ ਨੇ ਦੱਸਿਆ ਕਿ ਪੁਲੀਸ ਮੁਲਾਜ਼ਮ ਇਕੱਲਾ ਇਕੱਲਾ ਬੰਡਲ ਖੋਲ੍ਹ ਕੇ ਅਖ਼ਬਾਰਾਂ ਦੇਖਦੇ ਰਹੇ।
ਅਖ਼ਬਾਰ ਸਪਲਾਈ ਦੇਣ ਵਾਲੇ ਵਾਹਨ ਠੇਕੇਦਾਰ ਰਮੇਸ਼ ਕੁਮਾਰ ਨੇ ਕਿਹਾ ਕਿ ਉਸ ਨੇ ਆਪਣੇ ਤਿੰਨ ਦਹਾਕੇ ਦੇ ਇਸ ਕਾਰੋਬਾਰ ’ਚ ਪਹਿਲੀ ਵਾਰ ਅਜਿਹਾ ਮਾਹੌਲ ਦੇਖਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਵਾਹਨਾਂ ’ਚੋਂ ਅਖ਼ਬਾਰ ਉਤਰਵਾ ਕੇ ਡਰਾਈਵਰਾਂ ਦੇ ਫ਼ੋਨ ਸਵਿੱਚ ਆਫ਼ ਕਰਵਾ ਦਿੱਤੇ। ਰਮੇਸ਼ ਕੁਮਾਰ ਨੇ ਦੱਸਿਆ ਕਿ ਕਈ ਥਾਵਾਂ ’ਤੇ ਡਰਾਈਵਰਾਂ ਨੂੰ ਹਵਾਲਾਤ ’ਚ ਵੀ ਬੰਦ ਰੱਖਿਆ ਗਿਆ। ਦੂਸਰੀ ਤਰਫ਼ ਪੁਲੀਸ ਅਧਿਕਾਰੀ ਆਖਦੇ ਹਨ ਕਿ ਅਖ਼ਬਾਰਾਂ ਦੀ ਸਪਲਾਈ ਵਾਲੇ ਵਾਹਨਾਂ ਦੀ ਚੈਕਿੰਗ ਲਈ ਵਿਸ਼ੇਸ਼ ਤੌਰ ’ਤੇ ਕੋਈ ਦਿਸ਼ਾ-ਨਿਰਦੇਸ਼ ਨਹੀਂ ਦਿੱਤੇ ਗਏ।
ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਨੇ ‘ਐਕਸ’ ’ਤੇ ਪੋਸਟ ਸਾਂਝੀ ਕਰਕੇ ਕਿਹਾ ਕਿ ‘ਆਪ’ ਸਰਕਾਰ ਦੀ ਅਖ਼ਬਾਰਾਂ ਨੂੰ ਵੰਡਣ ਤੋਂ ਰੋਕਣ ਦੀ ਇਹ ਕਾਰਵਾਈ ਖ਼ਾਮੋਸ਼ ਐਮਰਜੈਂਸੀ ਵਾਂਗ ਹੈ, ਸਰਕਾਰ ਸੱਚ ਦਬਾਉਣ ਲਈ ਅਖ਼ਬਾਰਾਂ ਨੂੰ ਵੰਡਣ ਤੋਂ ਰੋਕ ਰਹੀ ਹੈ ਤੇ ਇਹ ਪ੍ਰੈੱਸ ਦੀ ਆਜ਼ਾਦੀ ’ਤੇ ਸਿੱਧਾ ਹਮਲਾ ਹੈ। ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਸਰਕਾਰ ‘ਪੰਜਾਬ ਵਿੱਚ ਅਣਐਲਾਨੀ ਐਮਰਜੈਂਸੀ’ ਲਾਗੂ ਕਰਨ ਲਈ ਨੀਵੇਂ ਪੱਧਰ ਤੱਕ ਡਿੱਗ ਰਹੀ ਹੈ, ਅਜਿਹੀ ਸਰਕਾਰੀ ਕਾਰਵਾਈ ਗ਼ੈਰ-ਜਮਹੂਰੀ ਹੈ।
ਸਰਕਾਰ ਦੀ ਅਣਐਲਾਨੀ ਐਮਰਜੈਂਸੀ: ਭਾਜਪਾ
ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਬਾ ਸਰਕਾਰ ਦੀ ਇਸ ਕਾਰਵਾਈ ਨੂੰ ਅਣਐਲਾਨੀ ਐਮਰਜੈਂਸੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪੁਲੀਸ ਨੇ ਬੰਡਲਾਂ ’ਚੋਂ ਅਖ਼ਬਾਰਾਂ ਪੜ੍ਹਨ ਤੋਂ ਬਾਅਦ ਹੀ ਵਾਹਨ ਅੱਗੇ ਜਾਣ ਦਿੱਤੇ। ਸ਼ੀਸ਼ ਮਹਿਲ ਦੀਆਂ ਖ਼ਬਰਾਂ ਤੋਂ ਘਬਰਾਈ ‘ਆਪ’ ਸਰਕਾਰ ਨੇ ਇਹ ਕਦਮ ਚੁੱਕਿਆ ਹੈ।
ਧੱਕੇਸ਼ਾਹੀ ਨਹੀਂ ਚੱਲਣ ਦਿਆਂਗੇ: ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਧੱਕੇ ਨੂੰ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਪ੍ਰੈੱਸ ਦੀ ਆਜ਼ਾਦੀ ਦੇ ਨਾਲ ਡਟ ਕੇ ਖੜ੍ਹਨ ਦੀ ਗੱਲ ਕਰਦਿਆਂ ਕਿਹਾ ਕਿ ਉਹ ਸੂਬੇ ਚ ਅਜਿਹੀ ਧੱਕੇਸ਼ਾਹੀ ਨਹੀਂ ਚੱਲਣ ਦੇਣਗੇ। ਸੱਚ ਨੂੰ ਲੋਕਾਂ ਤੱਕ ਜਾਣ ਤੋਂ ਰੋਕਿਆ ਨਹੀਂ ਜਾ ਸਕਦਾ ਹੈ।
ਖ਼ੁਫ਼ੀਆ ਇਤਲਾਹ ’ਤੇ ਵਾਹਨਾਂ ਦੀ ਚੈਕਿੰਗ ਕੀਤੀ: ਪੰਜਾਬ ਪੁਲੀਸ
ਪੰਜਾਬ ਪੁਲੀਸ ਦੇ ਬੁਲਾਰੇ ਨੇ ਕਿਹਾ ਕਿ ਪੰਜਾਬ ਪੁਲੀਸ ਨੇ ਵਿਸ਼ੇਸ਼ ਖ਼ੁਫ਼ੀਆ ਇਤਲਾਹ ਦੇ ਆਧਾਰ ’ਤੇ ਵੱਖ-ਵੱਖ ਹਿੱਸਿਆਂ ’ਚ ਸਮਾਨ ਦੀ ਢੋਆ-ਢੁਆਈ ਵਾਲੇ ਵਾਹਨਾਂ ਅਤੇ ਖ਼ਾਸ ਕਰਕੇ ਵਪਾਰਕ ਵਾਹਨਾਂ ਦੀ ਚੈਕਿੰਗ ਕੀਤੀ ਹੈ। ਇਹ ਯਕੀਨੀ ਬਣਾਇਆ ਗਿਆ ਕਿ ਚੈਕਿੰਗ ਦੌਰਾਨ ਆਮ ਲੋਕਾਂ ਨੂੰ ਘੱਟ ਤੋਂ ਘੱਟ ਅਸੁਵਿਧਾ ਹੋਵੇ। ਪ੍ਰਾਪਤ ਰਿਪੋਰਟਾਂ ਅਨੁਸਾਰ ਪੰਜਾਬ ਦੇ ਕਈ ਹਿੱਸਿਆਂ ’ਚ ਅਖ਼ਬਾਰਾਂ ਨੂੰ ਲਿਜਾਣ ਵਾਲੇ ਵਾਹਨਾਂ ਦੀ ਜਾਂਚ ਦੇ ਚੱਲਦਿਆਂ ਅਖ਼ਬਾਰਾਂ ਦੀ ਡਿਲਿਵਰੀ ਵਿੱਚ ਦੇਰੀ ਹੋਈ ਹੈ।
ਪੰਜਾਬ ਸਰਕਾਰ ਮੁਆਫ਼ੀ ਮੰਗੇ: ਵੜਿੰਗ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੰਗ ਕੀਤੀ ਕਿ ਸੂਬਾ ਸਰਕਾਰ ਨੂੰ ਇਸ ਕਾਰਵਾਈ ਦੇ ਬਦਲੇ ’ਚ ਮੀਡੀਆ ਭਾਈਚਾਰੇ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਕਿਉਂਕਿ ਪੁਲੀਸ ਨੇ ਦੋਸ਼ ਲਗਾਏ ਹਨ ਕਿ ਅਖ਼ਬਾਰਾਂ ਦੇ ਵਾਹਨਾਂ ’ਚ ਕਾਲੇ ਧਨ ਅਤੇ ਨਸ਼ੀਲੇ ਪਦਾਰਥਾਂ ਦੀ ਢੋਆ-ਢੁਆਈ ਬਾਰੇ ਸੂਚਨਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਮੀਡੀਆ ਨੂੰ ਡਰਾਉਣ-ਧਮਕਾਉਣ ਵਾਲੇ ਤਰੀਕੇ ਹੁਣ ਕੰਮ ਨਹੀਂ ਕਰਨਗੇ।
