ਅਹਿਮਦਾਬਾਦ ਜਹਾਜ਼ ਹਾਦਸੇ ਦੀ ਨਵੀਂ ਵੀਡੀਓ ਆਈ ਸਾਹਮਣੇ
ਅਹਿਮਦਾਬਾਦ, 17 ਜੂਨ
ਅਹਿਮਦਾਬਾਦ ਹਵਾਈ ਜਹਾਜ਼ ਹਾਦਸੇ ਨਾਲ ਸਬੰਧਤ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ’ਚ 12 ਜੂਨ ਨੂੰ ਏਅਰ ਇੰਡੀਆ ਦੀ ਉਡਾਣ ਏਆਈ-171 ਦੇ ਬੀਜੇ ਮੈਡੀਕਲ (ਬੀਜੇਐੱਮਸੀ) ਕੰਪਲੈਕਸ ਨਾਲ ਟਕਰਾਉਣ ਮਗਰੋਂ ਉੱਥੋਂ ਘਬਰਾਏ ਹੋਏ ਲੋਕ ਪੰਜ ਮੰਜ਼ਿਲਾ ਇਮਾਰਤ ਦੀ ਬਾਲਕੋਨੀ ਤੋਂ ਛਾਲਾਂ ਮਾਰਦੇ ਜਾਂ ਛਾਲਾਂ ਮਾਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਇਸੇ ਦੌਰਾਨ ਡੀਐੱਨਏ ਰਾਹੀਂ 163 ਮ੍ਰਿਤਕਾਂ ਦੀ ਪਛਾਣ ਕਰ ਲਈ ਗਈ ਹੈ ਤੇ 124 ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਉੱਧਰ ਅਮਰੀਕੀ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਦੇ ਕਮਰਸ਼ੀਅਲ ਜਹਾਜ਼ ਮੁਖੀ ਸਟੈਫਨੀ ਪੋਪ ਨੇ ਗੁਰੂਗ੍ਰਾਮ ਸਥਿਤ ਏਅਰ ਇੰਡੀਆ ਦੇ ਹੈੱਡਕੁਆਰਟਰ ਦਾ ਦੌਰਾ ਕਰਕੇ ਟਾਟਾ ਸੰਨਜ਼ ਦੇ ਚੇਅਰਮੈਨ ਐੱਨ ਚੰਦਰਸ਼ੇਖਰਨ ਨਾਲ ਮੁਲਾਕਾਤ ਕੀਤੀ ਹੈ।
ਇਸ ਭਿਆਨਕ ਹਾਦਸੇ ਦੀ ਨਵੀਂ ਵੀਡੀਓ ਦੇ ਇੱਕ ਹਿੱਸੇ ’ਚ ਇੱਕ ਮਹਿਲਾ ਬਾਲਕੋਨੀ ਤੋਂ ਸਿਰਫ਼ ਰੇਲਿੰਗ ਸਹਾਰੇ ਹੇਠਾਂ ਉਤਰਨ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ ਜਦਕਿ ਘਟਨਾ ਸਥਾਨ ਤੋਂ ਕੁਝ ਹੀ ਮੀਟਰ ਦੀ ਦੂਰੀ ’ਤੇ ਅੱਗ ਦੀਆਂ ਲਪਟਾਂ ਉਠ ਰਹੀਆਂ ਹਨ। ਪਿੱਠਭੂਮੀ ’ਚ ਕੰਪਲੈਕਸ ਨਾਲ ਲਗਦੀ ਕੰਧ ਉਪਰੋਂ ਵੀਡੀਓ ਬਣਾਉਣ ਵਾਲੇ ਲੋਕ ਚੀਕਾਂ ਮਾਰਦੇ ਸੁਣੇ ਜਾ ਸਕਦੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਮਹਿਲਾ ਡਿੱਗ ਸਕਦੀ ਹੈ ਤੇ ਉਸ ਨੂੰ ਸੱਟ ਵੱਜ ਸਕਦੀ ਹੈ। ਬਾਅਦ ਵਿੱਚ ਇੱਕ ਆਦਮੀ ਵੀ ਇਸੇ ਤਰ੍ਹਾਂ ਹੇਠਾਂ ਉਤਰਨ ਦੀ ਕੋਸ਼ਿਸ਼ ਕਰਦਾ ਹੋਇਆ ਦਿਖਾਈ ਦਿੰਦਾ ਹੈ।
ਇਸੇ ਦਰਮਿਆਨ ਕੇਂਦਰੀ ਮੰਤਰੀ ਮੁਰਲੀਧਰ ਮੋਹੋਲ ਨੇ ਅੱਜ ਕਿਹਾ ਕਿ ਅਹਿਮਦਾਬਾਦ ਜਹਾਜ਼ ਹਾਦਸੇ ਦੀ ਜਾਂਚ ਲਈ ਗਠਿਤ ਉੱਚ ਪੱਧਰੀ ਕਮੇਟੀ ਤਿੰਨ ਮਹੀਨੇ ਅੰਦਰ ਆਪਣੀ ਰਿਪੋਰਟ ਸੌਂਪੇਗੀ। ਦੂਜੇ ਪਾਸੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਅਹਿਮਦਾਬਾਦ ’ਚ ਵਾਪਰੇ ਜਹਾਜ਼ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸੇ ਦੌਰਾਨ ਡੀਜੀਸੀਏ ਨੇ ਏਅਰ ਇੰਡੀਆ ਤੋਂ ਪਿਛਲੇ ਹਫ਼ਤੇ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਦੇ ਪਾਇਲਟਾਂ ਤੇ ਡਿਸਪੈਚਰਾਂ ਦਾ ਸਿਖਲਾਈ ਰਿਕਾਰਡ ਮੰਗਿਆ ਹੈ। -ਪੀਟੀਆਈ
ਏਅਰ ਇੰਡੀਆ ਦੇ ਪਾਇਲਟ ਕੈਪਟਨ ਸੁਮੀਤ ਸਭਰਵਾਲ ਦਾ ਸਸਕਾਰ
ਮੁੰਬਈ: ਅਹਿਮਦਾਬਾਦ ਵਿੱਚ ਹਾਦਸੇ ਦਾ ਸ਼ਿਕਾਰ ਹੋਏ ਏਅਰ ਇੰਡੀਆ ਦੇ ਜਹਾਜ਼ ਦੇ ਪਾਇਲਟ ਇਨ ਕਮਾਂਡ ਕੈਪਟਨ ਸੁਮੀਤ ਸਭਰਵਾਲ ਦਾ ਅੱਜ ਮੁੰਬਈ ’ਚ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਸਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਵੱਡੀ ਗਿਣਤੀ ਲੋਕਾਂ ਨੇ ਕੈਪਟਨ ਸੁਮੀਤ ਸਭਰਵਾਲ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸੇ ਹਾਦਸੇ ’ਚ ਹਲਾਕ ਹੋਈ ਚਾਲਕ ਦਲ ਦੀ ਮੈਂਬਰ ਮੈਥਿਲੀ ਪਾਟਿਲ ਦਾ ਰਾਏਗੜ੍ਹ ਜ਼ਿਲ੍ਹੇ ’ਚ ਸਸਕਾਰ ਕਰ ਦਿੱਤਾ ਗਿਆ ਜਿੱਥੇ ਵੱਡੀ ਗਿਣਤੀ ’ਚ ਸਥਾਨਕ ਲੋਕ, ਰਿਸ਼ਤੇਦਾਰ ਤੇ ਹੋਰ ਸਨੇਹੀ ਸ਼ਰਧਾਂਜਲੀ ਦੇਣ ਲਈ ਪੁੱਜੇ ਹੋਏ ਸਨ। -ਪੀਟੀਆਈ