ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਏ ਡੀ ਜੀ ਪੀ ਖ਼ੁਦਕੁਸ਼ੀ ਮਾਮਲੇ ’ਚ ਨਵਾਂ ਮੋੜ

ਪੋਸਟਮਾਰਟਮ ਲਈ ਅਦਾਲਤ ਪੁੱਜੀ ਪੁਲੀਸ
ਰਾਹੁਲ ਗਾਂਧੀ ਏ ਡੀ ਜੀ ਪੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ। -ਫੋਟੋ: ਰਵੀ ਕੁਮਾਰ
Advertisement

ਏ ਡੀ ਜੀ ਪੀ ਵਾਈ ਪੂਰਨ ਕੁਮਾਰ ਖੁਦਕੁਸ਼ੀ ਮਾਮਲੇ ’ਚ ਅੱਜ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਮਰਹੂਮ ਏ ਡੀ ਜੀ ਪੀ ਦਾ ਪੋਸਟਮਾਰਟਮ ਕਰਾਉਣ ਦੀ ਮੰਗ ’ਤੇ ਚੰਡੀਗੜ੍ਹ ਪੁਲੀਸ ਜ਼ਿਲ੍ਹਾ ਅਦਾਲਤ ਪਹੁੰਚ ਗਈ ਕਿਉਂਕਿ ਪਰਿਵਾਰ ਵੱਲੋਂ ਪੋਸਟਮਾਰਟਮ ਲਈ ਸਹਿਮਤੀ ਨਾ ਦਿੱਤੇ ਜਾਣ ਕਾਰਨ ਕੇਸ ਦੀ ਜਾਂਚ ਅੱਗੇ ਨਹੀਂ ਵਧ ਰਹੀ। ਅੱਜ ਅੱਠਵੇਂ ਦਿਨ ਵੀ ਲਾਸ਼ ਦਾ ਪੋਸਟਮਾਰਟਮ ਨਹੀਂ ਹੋ ਸਕਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਰਿਵਾਰ ਵੱਲੋਂ ਪੋਸਟਮਾਰਟਮ ਲਈ ਲਾਸ਼ ਦੀ ਸ਼ਨਾਖਤ ਨਾ ਕਰਨ ਕਰ ਕੇ ਅੱਜ ਚੰਡੀਗੜ੍ਹ ਪੁਲੀਸ ਨੇ ਜ਼ਿਲ੍ਹਾ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਪੁਲੀਸ ਨੇ ਅਦਾਲਤ ਵਿੱਚ ਕਿਹਾ ਕਿ ਪੋਸਟਮਾਰਟਮ ’ਚ ਦੇਰੀ ਹੋਣ ਕਾਰਨ ਫੋਰੈਂਸਿਕ ਸਬੂਤ ਨਸ਼ਟ ਹੋਣ ਦਾ ਡਰ ਹੈ। ਅਦਾਲਤ ਨੇ ਵਾਈ ਪੂਰਨ ਕੁਮਾਰ ਦੀ ਪਤਨੀ ਅਮਨੀਤ ਪੀ ਕੁਮਾਰ ਨੂੰ 15 ਅਕਤੂਬਰ ਤੱਕ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਹੈ। ਪੁਲੀਸ ਨੇ ਮ੍ਰਿਤਕ ਦਾ ਲੈਪਟਾਪ ਦੇਣ ਦੀ ਮੰਗ ਵੀ ਕੀਤੀ ਹੈ। ਪੁਲੀਸ ਨੇ ਹਰਿਆਣਾ ਸਰਕਾਰ ਨੂੰ ਕੁਝ ਜ਼ਰੂਰੀ ਦਸਤਾਵੇਜ਼ ਮੁਹੱਈਆ ਕਰਵਾਉਣ ਲਈ ਨੋਟਿਸ ਭੇਜਿਆ ਹੈ।

ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਲੰਘੀ ਦੇਰ ਰਾਤ ਹੀ ਡੀ ਜੀ ਪੀ ਸ਼ਤਰੂਜੀਤ ਕਪੂਰ ਨੂੰ ਛੁੱਟੀ ’ਤੇ ਭੇਜ ਦਿੱਤਾ ਸੀ ਤੇ ਅੱਜ ਸਵੇਰੇ 1992 ਬੈਚ ਦੇ ਆਈ ਪੀ ਐੱਸ ਅਧਿਕਾਰੀ ਓਮ ਪ੍ਰਕਾਸ਼ ਸਿੰਘ ਨੂੰ ਡੀ ਜੀ ਪੀ ਦੀ ਵਾਧੂ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਦੇ ਬਾਵਜੂਦ ਪੀੜਤ ਪਰਿਵਾਰ ਵੱਲੋਂ ਵਾਈ ਪੂਰਨ ਕੁਮਾਰ ਦਾ ਪੋਸਟਮਾਰਟਮ ਕਰਵਾਉਣ ਲਈ ਸਹਿਮਤੀ ਨਹੀਂ ਦਿੱਤੀ ਗਈ ਹੈ। ਉੱਧਰ ਇਨਸਾਫ਼ ਸੰਘਰਸ਼ ਮੋਰਚਾ ਨੇ ਅੱਜ ਸ਼ਾਮ 48 ਘੰਟੇ ਦਾ ਅਲਟੀਮੇਟਮ ਖਤਮ ਹੋਣ ਮਗਰੋਂ ਮੁੜ ਮੀਟਿੰਗ ਕਰਕੇ ਡੀ ਜੀ ਪੀ ਨੂੰ ਛੁੱਟੀ ’ਤੇ ਭੇਜਣ ’ਤੇ ਇਤਰਾਜ਼ ਜਤਾਇਆ। ਮੋਰਚੇ ਨੇ 15 ਅਕਤੂਬਰ ਨੂੰ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਮੰਗ ਪੱਤਰ ਸੌਂਪਣ ਦਾ ਫ਼ੈਸਲਾ ਕੀਤਾ ਹੈ।

Advertisement

ਸਰਕਾਰਾਂ ਡਰਾਮਾ ਛੱਡ ਕੇ ਇਨਸਾਫ ਦਿਵਾਉਣ: ਰਾਹੁਲ

ਚੰਡੀਗੜ੍ਹ : ਸੀਨੀਅਰ ਕਾਂਗਰਸ ਆਗੂ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਮਰਹੂਮ ਏ ਡੀ ਜੀ ਪੀ ਵਾਈ ਪੂਰਨ ਕੁਮਾਰ ਦੇ ਚੰਡੀਗੜ੍ਹ ਸਥਿਤ ਘਰ ਪਹੁੰਚ ਕੇ ਉਨ੍ਹਾਂ ਦੀ ਆਈ ਏ ਐੱਸ ਪਤਨੀ ਅਮਨੀਤ ਪੀ ਕੁਮਾਰ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰ ਕੇ ਦੁੱਖ ਸਾਂਝਾ ਕੀਤਾ ਤੇ ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਸੂਬਾ ਤੇ ਕੇਂਦਰ ਸਰਕਾਰ ਨੂੰ ਤਮਾਸ਼ਾ ਬੰਦ ਕਰਕੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਕਿਹਾ।

ਪਰਿਵਾਰ ਨੂੰ ਮਿਲਣ ਮਗਰੋਂ ਰਾਹੁਲ ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਵਿੱਚ ਦਲਿਤਾਂ ’ਤੇ ਜ਼ੁਲਮ ਹੋ ਰਹੇ ਹਨ। ਇਹ ਕਿਸੇ ਇੱਕ ਪਰਿਵਾਰ ਦਾ ਨਹੀਂ ਸਗੋਂ ਦੇਸ਼ ਦੇ ਕਰੋੜਾਂ ਦਲਿਤਾਂ ਨਾਲ ਜੁੜਿਆ ਹੋਇਆ ਮਸਲਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਨੂੰ ਉਕਤ ਮਾਮਲੇ ਵਿੱਚ ਤਮਾਸ਼ਾ ਬੰਦ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਪੀੜਤ ਪਰਿਵਾਰ ’ਤੇ ਦਬਾਅ ਬਣਾਉਣਾ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਪੀੜਤ ਪਰਿਵਾਰ ਨੂੰ ਜਲਦੀ ਇਨਸਾਫ਼ ਦੇਣ ਦਾ ਵਾਅਦਾ ਕੀਤਾ ਸੀ, ਜੋ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੋਂ ਮੰਗ ਕੀਤੀ ਕਿ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਵਾਈ ਪੂਰਨ ਕੁਮਾਰ ਦਾ ਸਸਕਾਰ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਇਸ ਲੜਾਈ ਨੂੰ ਕੌਮੀ ਪੱਧਰ ’ਤੇ ਲਿਜਾਵੇਗੀ ਤਾਂ ਜੋ ਅਜਿਹੀ ਘਟਨਾ ਮੁੜ ਨਾ ਵਾਪਰੇ।

ਇਸੇ ਦੌਰਾਨ ਕੇਂਦਰੀ ਮੰਤਰੀ ਅਤੇ ਲੋਕ ਜਨ ਸ਼ਕਤੀ ਪਾਰਟੀ ਦੇ ਕੌਮੀ ਪ੍ਰਧਾਨ ਚਿਰਾਗ ਪਾਸਵਾਨ ਨੇ ਵੀ ਅੱਜ ਚੰਡੀਗੜ੍ਹ ਪਹੁੰਚ ਕੇ ਪਰਿਵਾਰ ਨਾਲ ਮੁਲਾਕਾਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸਾਰੇ ਵਰਗ ਦੇ ਲੋਕ ਇਕੱਠੇ ਰਹਿੰਦੇ ਹਨ, ਪਰ ਕੁਝ ਲੋਕ ਆਪਸੀ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨਾਲ ਵੀ ਗੱਲ ਕਰਕੇ ਆਏ ਹਨ ਕਿ ਪੀੜਤ ਪਰਿਵਾਰ ਨੂੰ ਜਲਦੀ ਇਨਸਾਫ਼ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਦੀ ਮੰਗ ਅਨੁਸਾਰ ਮੁਲਜ਼ਮਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਦੀ ਜ਼ਿੰਮੇਵਾਰ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਫੌਰੀ ਕਾਰਵਾਈ ਹੋਵੇ: ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਹਰਿਆਣਾ ਦੇ ਆਈ ਪੀ ਐੱਸ ਅਧਿਕਾਰੀ ਮਰਹੂਮ ਵਾਈ ਪੂਰਨ ਕੁਮਾਰ ਦੇ ਘਰ ਪਹੁੰਚ ਕੇ ਪੀੜਤ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ। ਉਨ੍ਹਾਂ ਹਰਿਆਣਾ ਸਰਕਾਰ ਵੱਲੋਂ ਖ਼ੁਦਕੁਸ਼ੀ ਪੱਤਰ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਕਾਰਵਾਈ ਨਾ ਕੀਤੇ ਜਾਣ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਖ਼ੁਦਕੁਸ਼ੀ ਪੱਤਰ ਮਿਲ ਜਾਵੇ ਤਾਂ ਉਸ ਵਿੱਚ ਸ਼ਾਮਿਲ ਵਿਅਕਤੀਆਂ ਖ਼ਿਲਾਫ਼ ਫੌਰੀ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਮਾਮਲੇ ਵਿੱਚ ਹਰਿਆਣਾ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ। ਜੇਕਰ ਆਈ ਏ ਐੱਸ ਤੇ ਆਈ ਪੀ ਐੱਸ ਅਧਿਕਾਰੀਆਂ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲ ਰਿਹਾ ਤਾਂ ਆਮ ਬੰਦੇ ਲਈ ਕੀ ਉਮੀਦ ਕੀਤੀ ਜਾ ਸਕਦੀ ਹੈ। ਉਨ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਵਾਈ ਪੂਰਨ ਕੁਮਾਰ ਦੇ ਖ਼ੁਦਕੁਸ਼ੀ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇ।

Advertisement
Show comments