ਐੱਸ ਸੀ ਵਜ਼ੀਫ਼ੇ ਸਬੰਧੀ ਨਵੀਆਂ ਸੇਧਾਂ
ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲੇ ਨੇ 2024-25 ਅਕਾਦਮਿਕ ਸਾਲ ਲਈ ਵਿੱਤੀ ਸਹਾਇਤਾ ਦਾ ਵਿਸਤਾਰ ਅਤੇ ਸੰਸਥਾਈ ਜਵਾਬਦੇਹੀ ਸਖ਼ਤ ਕਰਦਿਆਂ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਉੱਚ ਸਿੱਖਿਆ ਵਜ਼ੀਫ਼ਾ ਯੋਜਨਾ ਸਬੰਧੀ ਤਾਜ਼ਾ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸੋਧੇ ਵਿੱਤੀ ਮਾਪਦੰਡਾਂ ਤਹਿਤ ਕੇਂਦਰ ਵੱਲੋਂ ਵਿਦਿਆਰਥੀਆਂ ਨੂੰ ਡੀ ਬੀ ਟੀ ਰਾਹੀਂ ਪੂਰੀ ਟਿਊਸ਼ਨ ਫੀਸ ਅਤੇ ਨਾ-ਵਾਪਸੀਯੋਗ ਫੀਸ ਦੀ ਸਿੱਧੀ ਅਦਾਇਗੀ ਕੀਤੀ ਜਾਵੇਗੀ, ਜੋ ਨਿੱਜੀ ਸੰਸਥਾਵਾਂ ਲਈ ਪ੍ਰਤੀ ਸਾਲ 2 ਲੱਖ ਰੁਪਏ ਤੱਕ ਸੀਮਿਤ ਹੈ। ਵਿਦਿਆਰਥੀਆਂ ਨੂੰ ਪਹਿਲੇ ਸਾਲ 86,000 ਰੁਪਏ ਅਤੇ ਬਾਅਦ ਦੇ ਸਾਲਾਂ ਦੌਰਾਨ ਰਹਿਣ-ਸਹਿਣ ਦਾ ਖਰਚ, ਕਿਤਾਬਾਂ ਅਤੇ ਲੈਪਟਾਪ ਆਦਿ ਲਈ 41,000 ਰੁਪਏ ਦਾ ਭੱਤਾ ਵੀ ਮਿਲੇਗਾ। ਇਹ ਵਜ਼ੀਫ਼ਾ 8 ਲੱਖ ਰੁਪਏ ਤੱਕ ਦੀ ਸਾਲਾਨਾ ਪਰਿਵਾਰਕ ਆਮਦਨ ਵਾਲੇ ਐੱਸ ਸੀ ਵਿਦਿਆਰਥੀਆਂ ਲਈ ਹੈ।
ਭਾਰਤ ’ਚ ਚਾਰਜਿੰਗ ਢਾਂਚਾ ਬਣਾ ਰਹੇ ਹਾਂ: ਟੈਸਲਾ
ਨਵੀਂ ਦਿੱਲੀ: ਅਮਰੀਕਾ ਦੀ ਇਲੈਕਟ੍ਰਿਕ ਵਾਹਨ ਬਣਾਉਣ ਵਾਲੀ ਸਭ ਤੋਂ ਵੱਡੀ ਕੰਪਨੀ ਟੈਸਲਾ ਦਾ ਮਕਸਦ ਪੂਰੇ ਭਾਰਤ ਵਿੱਚ ਗਾਹਕਾਂ ਦੀਆਂ ਵੱਖ-ਵੱਖ ਜ਼ਰੂਰਤਾਂ ਮੁਤਾਬਕ ਚਾਰਜਿੰਗ ਦਾ ਬੁਨਿਆਦੀ ਢਾਂਚਾ ਤਿਆਰ ਕਰਨਾ ਹੈ। ਕੰਪਨੀ ਪਹਿਲਾਂ ਹੀ ਦਿੱਲੀ ਅਤੇ ਮੁੰਬਈ ਵਿੱਚ ਆਪਣੀ ਮੌਜੂਦਗੀ ਬਣਾ ਚੁੱਕੀ ਹੈ। ਕੰਪਨੀ ਦਾ ਮਕਸਦ ਸੁਪਰਚਾਰਜਿੰਗ ਬੁਨਿਆਦੀ ਢਾਂਚਾ ਬਣਾਉਣਾ ਅਤੇ ਗਾਹਕਾਂ ਨੂੰ ਘਰ ਵਿੱਚ ਹੀ ਚਾਰਜਿੰਗ ਦੀ ਸਹੂਲਤ ਵੀ ਦੇਣਾ ਹੈ। ਟੈਸਲਾ ਇੰਡੀਆ ਦੇ ਜਨਰਲ ਮੈਨੇਜਰ ਸ਼ਰਦ ਅਗਰਵਾਲ ਨੇ ਕਿਹਾ, ‘‘ਸਾਰੇ ਵੱਡੇ ਸ਼ਹਿਰਾਂ ਤੱਕ ਪਹੁੰਚ ਲਈ ਚਾਰਜਿੰਗ ਦਾ ਬੁਨਿਆਦੀ ਢਾਂਚਾ ਵਿਕਸਤ ਕਰਾਂਗੇ।’’ -ਪੀਟੀਆਈ
ਮੁਕਾਮੀ ਲੋਕਾਂ ਨੂੰ ਨੌਕਰੀਆਂ ’ਚ ਤਰਜੀਹ ਮਿਲੇ: ਫੜਨਵੀਸ
ਪਾਲਘਰ: ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਪਾਲਘਰ ਜ਼ਿਲ੍ਹੇ ਵਿੱਚ ਵਧਾਵਨ ਬੰਦਰਗਾਹ ਪ੍ਰਾਜੈਕਟ ਵਿੱਚ ਸਥਾਨਕ ਲੋਕਾਂ ਨੂੰ ਨੌਕਰੀਆਂ ਵਿੱਚ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਵਿਸ਼ਾਲ ਪ੍ਰਾਜੈਕਟ ਵਿੱਚ ਅਜਿਹੇ ਲੋਕਾਂ ਨੂੰ ਉਨ੍ਹਾਂ ਦੇ ਢੁੱਕਵੇਂ ਰੁਜ਼ਗਾਰ ਤੋਂ ਲਾਂਭੇ ਰੱਖਣ ਦੀ ਕੋਈ ਵੀ ਕੋਸ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਬੰਦਰਗਾਹ ਪ੍ਰਾਜੈਕਟ ਨਾਲ ਦਸ ਲੱਖ ਨੌਕਰੀਆਂ ਪੈਦਾ ਹੋਣਗੀਆਂ। -ਪੀਟੀਆਈ
41 ਨਕਸਲੀਆਂ ਵੱਲੋਂ ਆਤਮ-ਸਮਰਪਣ
ਬੀਜਾਪੁਰ: ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ’ਚ 41 ਨਕਸਲੀਆਂ ਨੇ ਆਤਮ-ਸਮਰਪਣ ਕੀਤਾ ਹੈ ਜਿਨ੍ਹਾਂ ਵਿੱਚੋਂ 32 ਦੇ ਸਿਰ ’ਤੇ 1.19 ਕਰੋੜ ਰੁਪਏ ਦਾ ਇਨਾਮ ਸੀ। ਬੀਜਾਪੁਰ ਦੇ ਐੱਸ ਪੀ ਜਿਤੇਂਦਰ ਕੁਮਾਰ ਯਾਦਵ ਨੇ ਦੱਸਿਆ ਕਿ ਇਨ੍ਹਾਂ ਵਿੱਚ 12 ਔਰਤਾਂ ਸ਼ਾਮਲ ਹਨ। ਇਨ੍ਹਾਂ ਵਿੱਚੋਂ ਚਾਰ ਜਣੇ ਪੀ ਐੱਲ ਜੀ ਏ ਦੀ ਬਟਾਲੀਅਨ ਨੰਬਰ 1 ਅਤੇ ਮਾਓਵਾਦੀਆਂ ਦੀਆਂ ਵੱਖ-ਵੱਖ ਕੰਪਨੀਆਂ ਦੇ ਮੈਂਬਰ ਸਨ। -ਪੀਟੀਆਈ
ਸ਼ਰਾਬ ਘੁਟਾਲਾ: ਤਿੰਨ ਮੁਲਜ਼ਮਾਂ ਨੂੰ ਆਤਮ-ਸਮਰਪਣ ਤੋਂ ਛੋਟ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਆਂਧਰਾ ਪ੍ਰਦੇਸ਼ ’ਚ ਕਥਿਤ 3,500 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ ਦੇ ਸਬੰਧ ’ਚ ਤਿੰਨ ਮੁਲਜ਼ਮਾਂ ਨੂੰ ਆਤਮ-ਸਮਰਪਣ ਕਰਨ ਤੋਂ ਅੰਤਰਿਮ ਰਾਹਤ ਦੇ ਦਿੱਤੀ। ਅਦਾਲਮ ਨੇ ਆਂਧਰਾ ਪ੍ਰਦੇਸ਼ ਹਾਈ ਕੋਰਟ ਦਾ ਉਹ ਹੁਕਮ ਲਾਗੂ ਕਰਨ ’ਤੇ ਰੋਕ ਲਾ ਦਿੱਤੀ ਜਿਸ ’ਚ ਇਨ੍ਹਾਂ ਮੁਲਜ਼ਮਾਂ ਨੂੰ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਸੀ। ਹਾਈ ਕੋਰਟ ਵੱਲੋਂ ਮੁਲਜ਼ਮਾਂ ਨੂੰ ਮਾਮਲੇ ਦੀ ਸੁਣਵਾਈ ਕਰ ਰਹੀ ਅਦਾਲਤ ’ਚ 26 ਨਵੰਬਰ ਨੂੰ ਆਤਮ-ਸਮਰਪਣ ਕਰਨ ਅਤੇ ਜ਼ਮਾਨਤ ਲਈ ਅਪੀਲ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ। -ਪੀਟੀਆਈ
