New Education Policy ਨਵੀਂ ਸਿੱਖਿਆ ਨੀਤੀ ਤਹਿਤ ਦੂਜੇ ਰਾਜਾਂ ’ਤੇ ਹਿੰਦੀ ਨਹੀਂ ਥੋਪੀ ਜਾਵੇਗੀ: ਧਰਮੇਂਦਰ ਪ੍ਰਧਾਨ
ਨਵੀਂ ਦਿੱਲੀ, 2 ਮਾਰਚ
New Education Policy ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਅੱਜ ਜ਼ੋਰ ਦੇ ਕੇ ਆਖਿਆ ਕਿ ਨਵੀਂ ਸਿੱਖਿਆ ਨੀਤੀ (NEP) ਤਹਿਤ ਰਾਜਾਂ ’ਤੇ ਹਿੰਦੀ ਜਬਰੀ ਨਹੀਂ ਥੋਪੀ ਜਾਵੇਗੀ। ਉਨ੍ਹਾਂ ਕਿਹਾ ਕਿ ਤਾਮਿਲ ਨਾਡੂ ਵੱਲੋਂ ਕੀਤੇ ਜਾ ਰਹੇ ਵਿਰੋਧ ਪਿੱਛੇ ‘ਸਿਆਸੀ ਮੰਤਵ’ ਹਨ।
ਪ੍ਰਧਾਨ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਅਸੀਂ ਨਵੀਂ ਸਿੱਖਿਆ ਨੀਤੀ 2020 ਵਿਚ ਇਹ ਗੱਲ ਕਦੇ ਨਹੀਂ ਕਹੀ ਕਿ ਸਿਰਫ਼ ਹਿੰਦੀ ਹੀ ਰਹੇਗੀ; ਅਸੀਂ ਸਿਰਫ਼ ਇੰਨਾ ਕਿਹਾ ਕਿ ਸਿੱਖਿਆ ਮਾਂ-ਬੋਲੀ ’ਤੇ ਅਧਾਰਿਤ ਹੋਵੇਗੀ। ਤਾਮਿਲ ਨਾਡੂ ਵਿਚ ਇਹ ਤਾਮਿਲ ਹੋਵੇਗੀ।’’ ਸਿੱਖਿਆ ਮੰਤਰੀ ਨੇੇ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ ਜਦੋਂ ਨਵੀਂ ਸਿੱਖਿਆ ਨੀਤੀ ਤੇ ਤਿੰਨ ਭਾਸ਼ਾ ਨੀਤੀ ਲਾਗੂ ਕਰਨ ਬਾਰੇ ਤਾਮਿਲ ਨਾਡੂ ਸਰਕਾਰ ਤੇ ਕੇਂਦਰ ਸਰਕਾਰ ਦਰਮਿਆਨ ਟਕਰਾਅ ਜਾਰੀ ਹੈ।
ਪ੍ਰਧਾਨ ਨੇ ਕਿਹਾ, ‘‘ਮੈਂ ਕੁਝ ਲੋਕਾਂ ਦੇ ਸਿਆਸੀ ਮੁਫ਼ਾਦਾਂ ਦਾ ਜਵਾਬ ਨਹੀਂ ਦੇਣਾ ਚਾਹੁੰਦਾ। ਨਵੀਂ ਸਿੱਖਿਆ ਨੀਤੀ 2020 ਭਾਰਤ ਦੀਆਂ ਵੱਖੋ-ਵੱਖਰੀਆਂ ਭਾਸ਼ਾਵਾਂ ’ਤੇ ਅਧਾਰਿਤ ਹੈ, ਫਿਰ ਚਾਹੇ ਇਹ ਹਿੰਦੀ ਹੋਵੇ ਜਾਂ ਫਿਰ ਤਾਮਿਲ, ਉੜੀਆ ਜਾਂ ਪੰਜਾਬੀ। ਸਾਰੀਆਂ ਭਾਸ਼ਾਵਾਂ ਦੀ ਇਕੋ ਜਿਹੀ ਅਹਿਮੀਅਤ ਹੈ। ਤਾਮਿਲ ਨਾਡੂ ਵਿਚ ਕੁਝ ਲੋਕ ਮਹਿਜ਼ ਸਿਆਸਤ ਕਰਕੇ ਇਸ ਦਾ ਵਿਰੋਧ ਕਰ ਰਹੇ ਹਨ।’’
ਚੇਤੇ ਰਹੇ ਕਿ ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ.ਕੇ.ਸਟਾਲਿਨ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਮਸਨੂਈ ਬੌਧਿਕਤਾ) ਦੇ ਯੁੱਗ ਵਿਚ ਸਕੂਲਾਂ ’ਚ ਤੀਜੀ ਭਾਸ਼ਾ ਵਜੋਂ ਕਿਸੇ ਵੀ ਹੋਰ ਭਾਸ਼ਾ ਨੂੰ ਲਾਗੂ ਕਰਨ ਲਈ ਦਬਾਅ ਪਾਉਣਾ ਬੇਲੋੜਾ ਹੈ। ਸਟਾਲਿਨ ਨੇ ਐਕਸ ’ਤੇ ਲਿਖਿਆ ਸੀ, ‘‘ਆਧੁਨਿਕ ਅਨੁਵਾਦ ਤਕਨੀਕ ਨੇ ਭਾਸ਼ਾਈ ਅੜਿੱਕੇ ਪਹਿਲਾਂ ਹੀ ਖ਼ਤਮ ਕਰ ਦਿੱਤੇ ਹਨ। ਵਿਦਿਆਰਥੀਆਂ ’ਤੇ ਵਾਧੂ ਭਾਸ਼ਾਵਾਂ ਨੂੰ ਲੈ ਕੇ ਦਬਾਅ ਨਹੀਂ ਪਾਉਣਾ ਚਾਹੀਦਾ।’’ -ਪੀਟੀਆਈ