ਨਵੇਂ ਕੈਨੇਡੀਅਨ ਸਫ਼ੀਰ ਨੇ ਮੁਰਮੂ ਨੂੰ ਦਸਤਾਵੇਜ਼ ਸੌਂਪੇ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸ਼ੁੱਕਰਵਾਰ ਨੂੰ ਕੈਨੇਡਾ ਦੇ ਹਾਈ ਕਮਿਸ਼ਨਰ ਕ੍ਰਿਸਟੋਫਰ ਕੂਟਰ ਤੋਂ ਉਨ੍ਹਾਂ ਦੇ ਯੋਗਤਾ ਦਸਤਾਵੇਜ਼ ਸਵੀਕਾਰ ਕੀਤੇ। ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਭਾਰਤ ਦਾ ਹੱਥ ਹੋਣ ਦੇ ਦੋਸ਼ਾਂ ਨੂੰ ਲੈ ਕੇ ਦੁਵੱਲੇ ਸਬੰਧਾਂ ’ਚ ਨਿਘਾਰ ਆਉਣ ਦੇ ਕਰੀਬ ਇਕ ਸਾਲ ਬਾਅਦ ਕੈਨੇਡਾ ਦੇ ਨਵੇਂ ਹਾਈ ਕਮਿਸ਼ਨਰ ਦੀ ਨਿਯੁਕਤੀ ਹੋਈ ਹੈ। ਭਾਰਤ ਨੇ ਕੈਨੇਡਾ ਦੇ ਦੋਸ਼ਾਂ ਮਗਰੋਂ ਪਿਛਲੇ ਸਾਲ ਅਕਤੂਬਰ ’ਚ ਆਪਣੇ ਹਾਈ ਕਮਿਸ਼ਨਰ ਅਤੇ ਪੰਜ ਹੋਰ ਡਿਪਲੋਮੈਟਾਂ ਨੂੰ ਵਾਪਸ ਸੱਦ ਲਿਆ ਸੀ। ਭਾਰਤ ਨੇ ਜਵਾਬੀ ਕਾਰਵਾਈ ਕਰਦਿਆਂ ਪੰਜ ਕੈਨੇਡੀਅਨ ਡਿਪਲੋਮੈਟਾਂ ਨੂੰ ਵੀ ਕੱਢ ਦਿੱਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਕੈਨੇਡਿਆਈ ਹਮਰੁਤਬਾ ਮਾਰਕ ਕਾਰਨੀ ਨੇ ਜੂਨ ’ਚ ਭਾਰਤ-ਕੈਨੇਡਾ ਸਬੰਧਾਂ ’ਚ ਸਥਿਰਤਾ ਬਹਾਲ ਕਰਨ ਲਈ ਸਾਰਥਕ ਕਦਮ ਚੁੱਕਣ ਬਾਰੇ ਸਹਿਮਤੀ ਜਤਾਈ ਸੀ ਜਿਸ ’ਚ ਇਕ-ਦੂਜੇ ਦੀਆਂ ਰਾਜਧਾਨੀਆਂ ’ਚ ਸਫ਼ੀਰਾਂ ਦੀ ਜਲਦੀ ਵਾਪਸੀ ਵੀ ਸ਼ਾਮਲ ਸੀ। ਭਾਰਤ ਨੇ ਤਜਰਬੇਕਾਰ ਡਿਪਲੋਮੈਟ ਦਿਨੇਸ਼ ਕੇ. ਪਟਨਾਇਕ ਨੂੰ ਓਟਵਾ ’ਚ ਜਦਕਿ ਕੈਨੇਡਾ ਨੇ ਦਿੱਲੀ ’ਚ ਕੂਟਰ ਨੂੰ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਸੀ। ਪਟਨਾਇਕ ਨੇ 25 ਸਤੰਬਰ ਨੂੰ ਕੈਨੇਡਾ ਦੇ ਗਵਰਨਰ ਜਨਰਲ ਮੈਰੀ ਸਿਮੋਨ ਨੂੰ ਆਪਣੇ ਯੋਗਤਾ ਦਸਤਾਵੇਜ਼ ਸੌਂਪੇ ਸਨ। ਰਾਸ਼ਟਰਪਤੀ ਦਫ਼ਤਰ ਨੇ ਬਿਆਨ ’ਚ ਕਿਹਾ ਕਿ ਕੈਨੇਡਾ ਅਤੇ ਸਲੋਵੇਨੀਆ ਸਮੇਤ ਚਾਰ ਮੁਲਕਾਂ ਦੇ ਸਫ਼ੀਰਾਂ ਨੇ ਮੁਰਮੂ ਨੂੰ ਆਪਣੇ ਯੋਗਤਾ ਦਸਤਾਵੇਜ਼ ਸੌਂਪੇ ਹਨ।