ਨੇਪਾਲ: ਜੇਲ੍ਹਾਂ ਵਿੱਚ ਝੜਪਾਂ ਦੌਰਾਨ ਤਿੰਨ ਕੈਦੀਆਂ ਦੀ ਮੌਤ; 15,000 ਤੋਂ ਵੱਧ ਫਰਾਰ
ਨੇਪਾਲ ਵਿੱਚ ਹਿੰਸਕ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਵੀਰਵਾਰ ਨੂੰ ਇੱਕ ਜੇਲ੍ਹ ਵਿੱਚ ਸੁਰੱਖਿਆ ਕਰਮਚਾਰੀਆਂ ਨਾਲ ਹੋਈ ਝੜਪ ਵਿੱਚ ਤਿੰਨ ਕੈਦੀ ਮਾਰੇ ਗਏ ਹਨ, ਜਦੋਂ ਕਿ ਦੋ ਦਰਜਨ ਤੋਂ ਵੱਧ ਜੇਲ੍ਹਾਂ ਵਿੱਚੋਂ 15,000 ਤੋਂ ਵੱਧ ਕੈਦੀ ਫਰਾਰ ਹੋ ਗਏ ਹਨ। ਇਸ ਦੌਰਾਨ ਸੁਰੱਖਿਆ ਬਲਾਂ ਨਾਲ ਝੜਪਾਂ ਵਿੱਚ ਮਰਨ ਵਾਲੇ ਕੈਦੀਆਂ ਦੀ ਗਿਣਤੀ ਅੱਠ ਹੋ ਗਈ ਹੈ।
ਇਸ ਹਿੰਸਕ ਅੰਦੋਲਨ ਨੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੂੰ ਮੰਗਲਵਾਰ ਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ ਸੀ। ਜਿਸ ਤੋਂ ਬਾਅਦ ਨੇਪਾਲੀ ਸੈਨਾ ਨੇ ਦੇਸ਼ ਭਰ ਵਿੱਚ ਗੰਭੀਰ ਕਾਨੂੰਨ ਵਿਵਸਥਾ ਦੀ ਸਥਿਤੀ ਕਾਰਨ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ।
ਸੂਤਰ ਨੇ ਦੱਸਿਆ ਕਿ ਝੜਪ ਉਦੋਂ ਸ਼ੁਰੂ ਹੋਈ ਜਦੋਂ ਕੈਦੀਆਂ ਨੇ ਇੱਕ ਗੈਸ ਸਿਲੰਡਰ ਦੀ ਵਰਤੋਂ ਕਰਕੇ ਧਮਾਕਾ ਕਰਦਿਆਂ ਜੇਲ੍ਹ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਸੁਰੱਖਿਆ ਬਲਾਂ ਨੇ ਕੰਟਰੋਲ ਮੁੜ ਸਥਾਪਤ ਕਰਨ ਲਈ ਗੋਲੀਬਾਰੀ ਕੀਤੀ, ਜਿਸ ਵਿੱਚ ਤਿੰਨ ਕੈਦੀ ਮਾਰੇ ਗਏ।
ਪੁਲਿਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਰਾਮੇਛਾਪ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ।
ਦ ਕਾਠਮੰਡੂ ਪੋਸਟ ਨੇ ਪੁਲਿਸ ਦੇ ਹਵਾਲੇ ਨਾਲ ਕਿਹਾ, “ਜੇਲ੍ਹ ਤੋੜਨ ਦੀਆਂ ਘਟਨਾਵਾਂ ਉਦੋਂ ਸ਼ੁਰੂ ਹੋਈਆਂ ਜਦੋਂ ਨੌਜਵਾਨ ਪ੍ਰਦਰਸ਼ਨਕਾਰੀਆਂ ਨੇ ਕਈ ਜੇਲ੍ਹ ਸਹੂਲਤਾਂ 'ਤੇ ਹਮਲਾ ਕੀਤਾ, ਪ੍ਰਸ਼ਾਸਨਿਕ ਇਮਾਰਤਾਂ ਨੂੰ ਅੱਗ ਲਗਾ ਦਿੱਤੀ ਅਤੇ ਜੇਲ੍ਹ ਦੇ ਦਰਵਾਜ਼ੇ ਖੋਲ੍ਹਣ ਲਈ ਮਜਬੂਰ ਕੀਤਾ। ਬੁੱਧਵਾਰ ਸ਼ਾਮ ਤੱਕ ਮੁੱਢਲੀਆਂ ਰਿਪੋਰਟਾਂ ਨੇ ਪੁਸ਼ਟੀ ਕੀਤੀ ਕਿ 25 ਤੋਂ ਵੱਧ ਜੇਲ੍ਹਾਂ ਵਿੱਚੋਂ 15,000 ਤੋਂ ਵੱਧ ਕੈਦੀ ਫਰਾਰ ਹੋ ਗਏ ਸਨ, ਜਿਨ੍ਹਾਂ ਵਿੱਚੋਂ ਬਹੁਤ ਘੱਟ ਗਿਣਤੀ ਵਿੱਚ ਖੁਦ ਵਾਪਸ ਆਏ ਜਾਂ ਦੁਬਾਰਾ ਫੜੇ ਗਏ ਹਨ।
ਨੇਪਾਲ ਵਿੱਚ ਅਸ਼ਾਂਤੀ ਦੇ ਮੱਦੇਨਜ਼ਰ ਭਾਰਤੀ ਦਾਰਜੀਲਿੰਗ ਸਰਹੱਦ ਰਾਹੀਂ ਵਾਪਸ ਪਰਤੇ
ਨੇਪਾਲ ਵਿੱਚ ਤਣਾਅ ਵਧਣ ਕਾਰਨ ਭਾਰਤੀ ਨਾਗਰਿਕਾਂ ਨੂੰ ਵੀਰਵਾਰ ਨੂੰ ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ਦੇ ਪਾਣੀਟੰਕੀ ਵਿੱਚ ਭਾਰਤ-ਨੇਪਾਲ ਸਰਹੱਦ ਪਾਰ ਕਰਕੇ ਵਾਪਸ ਘਰ ਪਰਤਦੇ ਦੇਖਿਆ ਗਿਆ।
ਏਐੱਨਆਈ ਨਾਲ ਗੱਲ ਕਰਦੇ ਹੋਏ ਨੇਪਾਲ ਤੋਂ ਵਾਪਸ ਪਰਤ ਰਹੇ ਇੱਕ ਭਾਰਤੀ ਨਾਗਰਿਕ ਨੇ ਦੱਸਿਆ ਕਿ ਉਹ ਨੇਪਾਲ ਦੇ ਧੂਲਾਬਾਰੀ ਖੇਤਰ ਤੋਂ ਵਾਪਸ ਆ ਰਿਹਾ ਹੈ, ਜਿੱਥੇ ਉਹ ਇੱਕ ਪਲਾਈਵੁੱਡ ਫੈਕਟਰੀ ਵਿੱਚ ਕੰਮ ਕਰਦਾ ਸੀ। ਉਸ ਨੇ ਕਿਹਾ, "ਅਸੀਂ ਨੇਪਾਲ ਦੇ ਧੂਲਾਬਾਰੀ ਤੋਂ ਆ ਰਹੇ ਹਾਂ। ਮੈਂ ਉੱਥੇ ਇੱਕ ਪਲਾਈਵੁੱਡ ਫੈਕਟਰੀ ਵਿੱਚ ਕੰਮ ਕਰਦਾ ਸੀ। ਉੱਥੇ ਕੰਮ ਬੰਦ ਹੋ ਗਿਆ ਹੈ, ਇਸ ਲਈ ਅਸੀਂ ਭਾਰਤ ਵਾਪਸ ਆ ਗਏ ਹਾਂ।"
ਨੇਪਾਲ ਵਿੱਚ ਸਰਕਾਰ ਦੇ ਕਥਿਤ ਭ੍ਰਿਸ਼ਟਾਚਾਰ ਅਤੇ ਇੱਕ ਵਿਵਾਦਪੂਰਨ ਸੋਸ਼ਲ ਮੀਡੀਆ ਪਾਬੰਦੀ ਦੇ ਵਿਰੁੱਧ ਨੌਜਵਾਨਾਂ ਦੀ ਅਗਵਾਈ ਵਿੱਚ ਵਿਰੋਧ ਪ੍ਰਦਰਸ਼ਨਾਂ ਕਾਰਨ ਕਾਫ਼ੀ ਅਸ਼ਾਂਤੀ ਫੈਲੀ ਹੋਈ ਹੈ, ਜਿਸ ਦੇ ਨਤੀਜੇ ਵਜੋਂ ਵਿਆਪਕ ਹਿੰਸਾ, ਅੱਗਜ਼ਨੀ ਅਤੇ ਤੋੜ-ਭੰਨ ਹੋਈ ਹੈ, ਜਿਸ ਨਾਲ ਰੋਜ਼ਾਨਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਇਹ ਸਥਿਤੀ 8 ਸਤੰਬਰ ਨੂੰ ਕਾਠਮੰਡੂ ਅਤੇ ਪੋਖਰਾ, ਬੁਟਵਾਲ ਅਤੇ ਬੀਰਗੰਜ ਸਮੇਤ ਹੋਰ ਵੱਡੇ ਸ਼ਹਿਰਾਂ ਵਿੱਚ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਸ਼ੁਰੂ ਹੋਈ, ਜਦੋਂ ਸਰਕਾਰ ਨੇ ਟੈਕਸ ਮਾਲੀਏ ਅਤੇ ਸਾਈਬਰ ਸੁਰੱਖਿਆ ਬਾਰੇ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਪ੍ਰਮੁੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਪਾਬੰਦੀ ਲਗਾ ਦਿੱਤੀ ਸੀ।