ਵੱਡੀਆਂ ਬਿੱਲੀਆਂ ਦੀਆਂ ਪ੍ਰਜਾਤੀਆਂ ਦੀ ਸੰਭਾਲ ਲਈ ਗੱਠਜੋੜ ਵਿੱਚ ਸ਼ਾਮਲ ਹੋਇਆ ਨੇਪਾਲ
ਵੱਡੀਆਂ ਬਿੱਲੀਆਂ ਦੀਆਂ ਪ੍ਰਜਾਤੀਆਂ ਦੀ ਸੰਭਾਲ ਲਈ ਅਧਿਕਾਰਤ ਤੌਰ ’ਤੇ ਕੀਤੇ ਗਏ ਅੰਤਰਰਾਸ਼ਟਰੀ ਗੱਠਜੋੜ (ਆਈਬੀਸੀਏ) ਵਿੱਚ ਨੇਪਾਲ ਸ਼ਾਮਲ ਹੋ ਗਿਆ ਹੈ। ਇਸ ਸੰਸਥਾ ਦੀ ਅਗਵਾਈ ਭਾਰਤ ਕਰ ਰਿਹਾ ਹੈ ਤੇ ਇਹ ਗੱਠਜੋੜ ਵੱਡੀਆਂ ਬਿੱਲੀਆਂ ਦੀਆਂ ਸੱਤ ਪ੍ਰਜਾਤੀਆਂ ਦੀ ਸੁਰੱਖਿਆ ਲਈ ਵਿਸ਼ਵ ਭਰ ਵਿਚ ਯਤਨਸ਼ੀਲ ਹੈ। ਆਈਬੀਸੀਏ 90 ਤੋਂ ਵੱਧ ਵੱਡੀਆਂ ਬਿੱਲੀਆਂ ਦੀ ਸ਼੍ਰੇਣੀ ਵਾਲੇ ਦੇਸ਼ਾਂ ਦਾ ਗੱਠਜੋੜ ਹੈ। ਇਸ ਸਬੰਧੀ ਨੇਪਾਲ ਨੇ ਸਮਝੌਤੇ ’ਤੇ ਦਸਤਖਤ ਕਰ ਦਿੱਤੇ ਹਨ ਤੇ ਉਹ ਰਸਮੀ ਤੌਰ ’ਤੇ ਆਈਬੀਸੀਏ ਵਿੱਚ ਸ਼ਾਮਲ ਹੋ ਗਿਆ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਨੇਪਾਲ ਵਿਚ 2009 ਵਿਚ ਬਾਘਾਂ ਦੀ ਗਿਣਤੀ ਸਿਰਫ 121 ਸੀ ਪਰ ਨੇਪਾਲ ਨੇ 2022 ਵਿੱਚ ਆਪਣੀ ਬਾਘਾਂ ਦੀ ਆਬਾਦੀ ਨੂੰ ਲਗਪਗ ਤਿੰਨ ਗੁਣਾਂ ਕਰ ਕੇ 355 ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 9 ਅਪਰੈਲ, 2023 ਨੂੰ ਕਰਨਾਟਕ ਦੇ ਮੈਸੂਰ ਵਿੱਚ ਆਈਬੀਸੀਏ ਦੀ ਸ਼ੁਰੂਆਤ ਕੀਤੀ ਸੀ ਜਿਸ ਰਾਹੀਂ ਸੱਤ ਵੱਡੀਆਂ ਬਿੱਲੀਆਂ ਦੀਆਂ ਪ੍ਰਜਾਤੀਆਂ ਜਿਵੇਂ ਬਾਘ, ਸ਼ੇਰ, ਤੇਂਦੂਆ, ਸਨੋਅ ਲੈਪਰਡ (ਬਰਫੀਲੀਆਂ ਥਾਵਾਂ ’ਤੇ ਰਹਿਣ ਵਾਲਾ ਚੀਤਾ), ਚੀਤਾ, ਜੈਗੁਆਰ ਅਤੇ ਪਿਊਮਾ ਦੀ ਵਿਸ਼ਵਵਿਆਪੀ ਸੰਭਾਲ ਕੀਤੀ ਜਾਂਦੀ ਹੈ। ਇਸ ਗੱਠਜੋੜ ਵਿਚ ਸ਼ਾਮਲ ਦੇਸ਼ ਵੱਡੀਆਂ ਬਿੱਲੀਆਂ ਦੀਆਂ ਪ੍ਰਜਾਤੀਆਂ ਬਾਰੇ ਆਪਣੇ ਤਜਰਬੇ ਸਾਂਝੇ ਕਰਦੇ ਹਨ ਤਾਂ ਕਿ ਇਨ੍ਹਾਂ ਦੀ ਸੰਭਾਲ ਲਈ ਆਪਣੇ ਵਸੀਲੇ ਵਰਤੇ ਜਾ ਸਕਣ। ਪੀਟੀਆਈ