ਨੇਪਾਲ ਸੰਕਟ: ਪ੍ਰਧਾਨ ਮੰਤਰੀ ਓਲੀ ਵੱਲੋਂ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਮਗਰੋਂ ਅਸਤੀਫ਼ਾ
ਨੇਪਾਲ ਨੂੰ ਗੰਭੀਰ ਸਿਆਸੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਈ ਸੀਨੀਅਰ ਸਿਆਸੀ ਆਗੂਆਂ ਦੀਆਂ ਨਿੱਜੀ ਰਿਹਾਇਸ਼ਾਂ ਤੇ ਸਿਆਸੀ ਪਾਰਟੀਆਂ ਦੇ ਹੈੱਡਕੁਆਰਟਰਾਂ ’ਤੇ ਹਮਲੇ ਕੀਤੇ ਅਤੇ ਇੱਥੋਂ ਤੱਕ ਕਿ ਸੰਸਦ ਵਿੱਚ ਵੀ ਭੰਨਤੋੜ ਕੀਤੀ। ਇਹ ਘਟਨਾ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਪੁਲੀਸ ਕਾਰਵਾਈ ਵਿੱਚ 19 ਵਿਅਕਤੀਆਂ ਦੀ ਮੌਤ ਹੋਣ ਤੋਂ ਇੱਕ ਦਿਨ ਬਾਅਦ ਵਾਪਰੀ ਹੈ। ਇਸੇ ਦੌਰਾਨ ਨੇਪਾਲ ਦੀ ਫੌਜ ਵੱਲੋਂ ਰਾਤ 10 ਵਜੇ ਤੋਂ ਬਾਅਦ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲਣ ਦਾ ਦਾਅਵਾ ਕੀਤਾ ਗਿਆ। ਨੇਪਾਲ ਦੇ ਰਾਸ਼ਟਰਪਤੀ ਰਾਮਚੰਦਰ ਪੌਡੇਲ ਨੇ ਅੱਜ ਸਾਰੀਆਂ ਧਿਰਾਂ ਨੂੰ ਸੰਜਮ ਵਰਤਣ ਅਤੇ ਮਸਲੇ ਦੇ (ਪਹਿਲੇ ਸਫ਼ੇ ਤੋਂ)
ਹੱਲ ਲਈ ਗੱਲਬਾਤ ਵਾਸਤੇ ਅੱਗੇ ਆਉਣ ਦੀ ਅਪੀਲ ਕੀਤੀ ਹੈ। ਵਿਦਿਆਰਥੀਆਂ ਦੀ ਅਗਵਾਈ ਵਾਲੇ ਪ੍ਰਦਰਸ਼ਨਾਂ ਨੇ ਸੋਸ਼ਲ ਮੀਡੀਆ ’ਤੇ ਪਾਬੰਦੀ ਅਤੇ ਕਥਿਤ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਨਾ ਕਰਨ ਸਣੇ ਕਈ ਮੁੱਦਿਆਂ ’ਤੇ ਓਲੀ ਸਰਕਾਰ ਪ੍ਰਤੀ ਵਧ ਰਹੇ ਜਨਤਕ ਰੋਹ ਨੂੰ ਦਰਸਾਇਆ ਹੈ। ਪ੍ਰਦਰਸ਼ਨਕਾਰੀਆਂ ਨੇ ਕਰਫਿਊ ਅਤੇ ਸੁਰੱਖਿਆ ਬਲਾਂ ਦੀ ਤਾਇਨਾਤੀ ਦੀ ਉਲੰਘਣਾ ਕਰਦਿਆਂ ਵੱਖ-ਵੱਖ ਆਗੂਆਂ ਦੇ ਦਫ਼ਤਰਾਂ ਤੇ ਰਿਹਾਇਸ਼ਾਂ ਨੂੰ ਅੱਗ ਲਗਾ ਦਿੱਤੀ ਅਤੇ ਵੱਖ-ਵੱਖ ਮੁੱਖ ਇਮਾਰਤਾਂ ਤੇ ਅਦਾਰਿਆਂ ’ਤੇ ਹਮਲਾ ਕੀਤਾ। ਓਲੀ ਦੇ ਅਸਤੀਫੇ ਤੋਂ ਕੁਝ ਘੰਟੇ ਪਹਿਲਾਂ, ਪ੍ਰਦਰਸ਼ਨਕਾਰੀਆਂ ਨੇ ਬਾਲਕੋਟ ਵਿੱਚ ਨੇਪਾਲੀ ਆਗੂ ਦੇ ਨਿੱਜੀ ਘਰ ਨੂੰ ਅੱਗ ਲਗਾ ਦਿੱਤੀ ਅਤੇ ਰਾਸ਼ਟਰਪਤੀ ਰਾਮਚੰਦਰ ਪੌਡੇਲ, ਸਾਬਕਾ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਾਹਲ, ਸੰਚਾਰ ਮੰਤਰੀ ਪ੍ਰਿਥਵੀ ਸੁੱਬਾ ਗੁਰੁੰਗ, ਸਾਬਕਾ ਗ੍ਰਹਿ ਮੰਤਰੀ ਰਮੇਸ਼ ਲੇਖਕ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਦੀਆਂ ਜਾਇਦਾਦਾਂ ’ਤੇ ਹਮਲਾ ਕੀਤਾ। ਸਰਕਾਰ ਵੱਲੋਂ ਸੋਸ਼ਲ ਮੀਡੀਆ ਸਾਈਟਾਂ ’ਤੇ ਪਾਬੰਦੀ ਲਗਾਏ ਜਾਣ ਖ਼ਿਲਾਫ਼ ਸੋਮਵਾਰ ਨੂੰ ਸ਼ੁਰੂ ਹੋਏ ਪ੍ਰਦਰਸ਼ਨਾਂ ਦੀ ਤੀਬਰਤਾ ਮੰਗਲਵਾਰ ਨੂੰ ਹੋਰ ਵਧ ਗਈ ਅਤੇ ਪ੍ਰਦਰਸ਼ਨਕਾਰੀਆਂ ਨੇ ਸਾਰੇ ਪ੍ਰਮੁੱਖ ਸ਼ਹਿਰਾਂ ਅਤੇ ਕਸਬਿਆਂ ਵਿੱਚ ਸਰਕਾਰ ਵਿਰੋਧੀ ਮਾਰਚ ਕੱਢੇ। ਪ੍ਰਦਰਸ਼ਨਾਂ ਦੇ ਮੱਦੇਨਜ਼ਰ ਕਾਠਮੰਡੂ ਦੇ ਤ੍ਰਿਭੁਵਨ ਕੌਮਾਂਤਰੀ ਹਵਾਈ ਅੱਡੇ ’ਤੇ ਉਡਾਣ ਸੇਵਾਵਾਂ ਅੰਸ਼ਿਕ ਤੌਰ ’ਤੇ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਕੇ.ਪੀ. ਸ਼ਰਮਾ ਓਲੀ ਨੇ ਉਸ ਸਮੇਂ ਅਸਤੀਫਾ ਦਿੱਤਾ, ਜਦੋਂ ਸੈਂਕੜੇ ਅੰਦੋਲਨਕਾਰੀ ਉਨ੍ਹਾਂ ਦੇ ਦਫ਼ਤਰ ਵਿੱਚ ਦਾਖ਼ਲ ਹੋ ਗਏ ਅਤੇ ਸੋਮਵਾਰ ਨੂੰ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਪੁਲੀਸ ਕਾਰਵਾਈ ਦੌਰਾਨ ਘੱਟੋ-ਘੱਟ 19 ਵਿਅਕਤੀਆਂ ਦੀ ਮੌਤ ਹੋਣ ਅਤੇ ਭ੍ਰਿਸ਼ਟਾਚਾਰ ਖ਼ਿਲਾਫ ਲਾਪ੍ਰਵਾਹੀ ਲਈ ਉਨ੍ਹਾਂ ਨੂੰ ਹਟਾਉਣ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕਰ ਰਹੇ ਸਨ। ਰਾਸ਼ਟਰਪਤੀ ਰਾਮਚੰਦਰ ਪੌਡੇਲ ਨੂੰ ਲਿਖੇ ਆਪਣੇ ਅਸਤੀਫੇ ਵਿੱਚ ਓਲੀ ਨੇ ਨੇਪਾਲ ਦੇ ਸਾਹਮਣੇ ਆਏ ਅਸਾਧਾਰਨ ਹਾਲਾਤ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਉਹ ਮੌਜੂਦਾ ਸਥਿਤੀ ਦੇ ਸੰਵਿਧਾਨਕ ਅਤੇ ਸਿਆਸੀ ਹੱਲ ਲਈ ਰਸਤਾ ਬਣਾਉਣ ਵਾਸਤੇ ਅਸਤੀਫਾ ਦੇ ਰਹੇ ਹਨ। ਚੀਨ ਦੇ ਨਜ਼ਦੀਕ ਮੰਨੇ ਜਾਣ ਵਾਲੇ ਓਲੀ, ਨੇਪਾਲੀ ਕਾਂਗਰਸ ਪਾਰਟੀ ਦੇ ਸਮਰਥਨ ਨਾਲ ਜੁਲਾਈ 2024 ਵਿੱਚ ਚੌਥੀ ਵਾਰ ਪ੍ਰਧਾਨ ਮੰਤਰੀ ਬਣੇ ਸਨ। ਉਨ੍ਹਾਂ ਦਾ ਇਸ ਮਹੀਨੇ ਭਾਰਤ ਦਾ ਦੌਰਾ ਕਰਨ ਦਾ ਪ੍ਰੋਗਰਾਮ ਸੀ।
ਜੈੱਨ ਜ਼ੀ ਦੇ ਬੈਨਰ ਹੇਠ ਅੰਦੋਲਨਕਾਰੀਆਂ ਨੇ ਕਾਠਮੰਡੂ ਦੇ ਨਾਇਕਾਪ ਵਿੱਚ ਸਾਬਕਾ ਗ੍ਰਹਿ ਮੰਤਰੀ ਰਮੇਸ਼ ਲੇਖਕ ਦੀ ਰਿਹਾਇਸ਼ ਨੂੰ ਵੀ ਅੱਗ ਲਗਾ ਦਿੱਤੀ। ਕਾਠਮੰਡੂ ਵਿੱਚ ਕਾਲੰਕੀ, ਕਾਲੀਮਤੀ, ਤਾਹਚਲ ਅਤੇ ਬਾਨੇਸ਼ਵਰ ਦੇ ਨਾਲ-ਨਾਲ ਲਲਿਤਪੁਰ ਜ਼ਿਲ੍ਹੇ ਦੇ ਚਿਆਸਲ, ਚਪਾਗਾਓਂ, ਥੇਚੋ ਇਲਾਕਿਆਂ ਵਿੱਚ ਵੀ ਪ੍ਰਦਰਸ਼ਨ ਹੋਣ ਦੀ ਖ਼ਬਰ ਮਿਲੀ ਹੈ। ਪ੍ਰਦਰਸ਼ਨਕਾਰੀਆਂ ਨੇ ਸੰਚਾਰ ਮੰਤਰੀ ਪ੍ਰਿਥਵੀ ਸੁੱਬਾ ਗੁਰੁੰਗ ਦੇ ਲਲਿਤਪੁਰ ਜ਼ਿਲ੍ਹੇ ’ਚ ਪੈਂਦੇ ਸੁਨਾਕੋਠੀ ਵਿੱਚ ਸਥਿਤ ਘਰ ’ਤੇ ਵੀ ਪਥਰਾਅ ਕੀਤਾ। -ਪੀਟੀਆਈ
ਝਾਲਾ ਨਾਥ ਖਨਾਲ ਦੇ ਘਰ ਨੂੰ ਅੱਗ ਲਾਉਣ ’ਤੇ ਪਤਨੀ ਦੀ ਸੜ ਕੇ ਮੌਤ
ਕਾਠਮੰਡੂ: ਦੱਲੂ ਵਿੱਚ ਪ੍ਰਦਰਸ਼ਨਕਾਰੀਆਂ ਦੀ ਭੀੜ ਨੇ ਸਾਬਕਾ ਪ੍ਰਧਾਨ ਮੰਤਰੀ ਝਾਲਾ ਨਾਥ ਖਨਾਲ ਦੇ ਘਰ ਨੂੰ ਅੱਗ ਲਗਾ ਦਿੱਤੀ। ਪ੍ਰਤੱਖਦਰਸੀਆਂ ਅਨੁਸਾਰ, ਘਰ ਦੇ ਅੰਦਰ ਫਸੀ ਖਨਾਲ ਦੀ ਪਤਨੀ ਰਾਜਲਕਸ਼ਮੀ ਚਿਤਰਕਾਰ ਗੰਭੀਰ ਰੂਪ ਵਿੱਚ ਝੁਲਸ ਗਈ। ਨਿਊਜ਼ ਪੋਰਟਲ ‘ਖਬਰਹੱਬ’ ਨੇ ਪਰਿਵਾਰਕ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਉਸ ਨੂੰ ਗੰਭੀਰ ਹਾਲਤ ਵਿੱਚ ਕੀਰਤੀਪੁਰ ਬਰਨ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ। ਖਨਾਲ ਨੇ ਫਰਵਰੀ 2011 ਤੋਂ ਅਗਸਤ 2011 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ ਸੀ। ਪ੍ਰਦਰਸ਼ਨਕਾਰੀਆਂ ਨੇ ਸਾਬਕਾ ਵਿੱਤ ਮੰਤਰੀ ਅਤੇ ਨੇਪਾਲੀ ਕਾਂਗਰਸ ਦੇ ਨੇਤਾ ਰਾਮਸ਼ਰਨ ਮਾਹਤ ਦੇ ਕਪਾਨ ਸਥਿਤ ਘਰ ਨੂੰ ਵੀ ਸਾੜ ਦਿੱਤਾ।
ਭਾਰਤੀ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ
ਨਵੀਂ ਦਿੱਲੀ: ਨੇਪਾਲ ਵਿੱਚ ਫੈਲੀ ਅਸ਼ਾਂਤੀ ਦੇ ਮੱਦੇਨਜ਼ਰ ਭਾਰਤ ਨੇ ਆਪਣੇ ਨਾਗਰਿਕਾਂ ਨੂੰ ਗੁਆਂਢੀ ਮੁਲਕ ’ਚ ਹਾਲਾਤ ਸਥਿਰ ਹੋਣ ਤੱਕ ਨੇਪਾਲ ਯਾਤਰਾ ਮੁਲਤਵੀ ਕਰਨ ਨੂੰ ਕਿਹਾ ਹੈ। ਵਿਦੇਸ਼ ਮੰਤਰਾਲੇ ਨੇ ਇਕ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ, ‘‘ਨੇਪਾਲ ਵਿੱਚ ਪਹਿਲਾਂ ਤੋਂ ਮੌਜੂਦ ਭਾਰਤੀ ਨਾਗਰਿਕਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪੋ ਆਪਣੀਆਂ ਮੌਜੂਦਾ ਰਿਹਾਇਸ਼ੀ ਥਾਵਾਂ ’ਤੇ ਹੀ ਰਹਿਣ ਅਤੇ ਬਾਹਰ ਸੜਕਾਂ ’ਤੇ ਜਾਣ ਤੋਂ ਗੁਰੇਜ਼ ਕਰਨ।’’ ਵਿਦੇਸ਼ ਮੰਤਰਾਲੇ ਨੇ ਅੱਜ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਉਹ ਨੇਪਾਲ ਵਿੱਚ ਬਣੇ ਹਾਲਾਤ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਐਡਵਾਈਜ਼ਰੀ ਵਿੱਚ ਨੇਪਾਲ ’ਚ ਰਹਿੰਦੇ ਭਾਰਤੀ ਨਾਗਰਿਕਾਂ ਨੂੰ ਚੌਕਸ ਰਹਿਣ ਅਤੇ ਸਥਾਨਕ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ। -ਪੀਟੀਆਈ
ਨੇਪਾਲ ਦੇ ਹਾਲਾਤ ’ਤੇ ਨਜ਼ਰ ਰੱਖ ਰਹੇ ਹਾਂ: ਰੂਸ
ਮਾਸਕੋ: ਰੂਸ ਨੇ ਅੱਜ ਕਿਹਾ ਕਿ ਉਹ ਨੇਪਾਲ ਦੇ ਹਾਲਾਤ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਅਤੇ ਉਸ ਨੇ ਆਪਣੇ ਰੂਸੀ ਨਾਗਰਿਕਾਂ ਨੂੰ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਰੂਸ ਦੀ ਸਰਕਾਰੀ ਖ਼ਬਰ ਏਜੰਸੀ ‘ਤਾਸ’ ਦੀ ਖ਼ਬਰ ਮੁਤਾਬਕ ਕਾਠਮੰਡੂ ਵਿੱਚ ਸਥਿਤ ਰੂਸੀ ਦੂਤਘਰ ਨੇ ਕਿਹਾ ਹੈ ਕਿ ਉਹ ਸਥਿਤੀ ’ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ ਅਤੇ ਰੂਸੀ ਨਾਗਰਿਕ ਸੁਰੱਖਿਅਤ ਹਨ। ਦੂਤਘਰ ਨੇ ਇਹ ਵੀ ਕਿਹਾ ਕਿ ਉਹ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਤਿਆਰ ਹੈ। ਹਾਲਾਂਕਿ, ਦੂਤਘਰ ਨੇ ਇਹ ਵੀ ਕਿਹਾ ਹੈ ਕਿ ਉਸ ਦੀ ਆਪਣੇ ਡਿਪਲੋਮੈਟਾਂ ਨੂੰ ਨੇਪਾਲ ’ਚੋਂ ਕੱਢਣ ਦੀ ਕੋਈ ਯੋਜਨਾ ਨਹੀਂ ਹੈ। -ਪੀਟੀਆਈ