ਨੇਪਾਲ ਸੰਕਟ: ਕਾਠਮੰਡੂ ਨੇੜੇ ਭਾਰਤੀਆਂ ਨੂੰ ਲਿਜਾ ਰਹੀ ਬੱਸ ’ਤੇ ਹਮਲਾ; ਕਈ ਜ਼ਖਮੀ
ਇੱਕ ਭਾਰਤੀ ਯਾਤਰੀ ਬੱਸ, ਨੇਪਾਲ ਦੇ ਕਾਠਮੰਡੂ ਸਥਿਤ ਪਸ਼ੂਪਤੀਨਾਥ ਮੰਦਰ ਤੋਂ ਵਾਪਸ ਆ ਰਹੀ ਸੀ ਬੱਸ ’ਤੇ ਪ੍ਰਦਰਸ਼ਨਕਾਰੀਆਂ ਵੱਲੋਂ ਕਥਿਤ ਤੌਰ 'ਤੇ ਹਮਲਾ ਕੀਤਾ ਗਿਆ, ਜਿਸ ਨਾਲ ਕਈ ਯਾਤਰੀ ਜ਼ਖਮੀ ਹੋ ਗਏ ਹਨ। ਬੱਸ ਦੇ ਡਰਾਈਵਰ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ।
ਕਥਿਤ ਘਟਨਾ 9 ਸਤੰਬਰ ਨੂੰ ਭਾਰਤ-ਨੇਪਾਲ ਸਰਹੱਦ 'ਤੇ ਸੋਨੌਲੀ ਨੇੜੇ ਵਾਪਰੀ, ਜਦੋਂ ਪ੍ਰਦਰਸ਼ਨਕਾਰੀਆਂ ਨੇ 49 ਭਾਰਤੀਆਂ ਨੂੰ ਲੈ ਕੇ ਜਾ ਰਹੀ ਬੱਸ ਨੂੰ ਨਿਸ਼ਾਨਾ ਬਣਾਇਆ। ਡਰਾਈਵਰ ਨੇ ਦਾਅਵਾ ਕੀਤਾ ਕਿ ਪੱਥਰਬਾਜ਼ੀ ਕੀਤੀ ਗਈ, ਜਿਸ ਨਾਲ ਬੱਸ ਦੀਆਂ ਖਿੜਕੀਆਂ ਟੁੱਟ ਗਈਆਂ ਅਤੇ ਔਰਤਾਂ ਤੇ ਬਜ਼ੁਰਗਾਂ ਸਮੇਤ ਕਈ ਯਾਤਰੀ ਜ਼ਖਮੀ ਹੋ ਗਏ।
ਰਿਪੋਰਟਾਂ ਅਨੁਸਾਰ ਸਥਾਨਕ ਅਧਿਕਾਰੀਆਂ ਨੇ ਜ਼ਖਮੀ ਲੋਕਾਂ ਨੂੰ ਕਾਠਮੰਡੂ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ, ਜਦੋਂ ਕਿ ਬਾਕੀ ਯਾਤਰੀਆਂ ਨੂੰ ਨੇਪਾਲੀ ਸਰਕਾਰ ਦੀ ਮਦਦ ਨਾਲ ਭਾਰਤੀ ਦੂਤਾਵਾਸ ਵੱਲੋਂ ਪ੍ਰਬੰਧਿਤ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਵਾਪਸ ਭੇਜਿਆ ਗਿਆ।
ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਬੱਸ ਡਰਾਈਵਰ ਰਾਮੂ ਨਿਸ਼ਾਦ ਨੇ ਕਿਹਾ, ‘‘ਅਸੀਂ (ਪਸ਼ੂਪਤੀਨਾਥ ਮੰਦਰ ਦੇ) ਦਰਸ਼ਨ ਕਰਕੇ ਵਾਪਸ ਆ ਰਹੇ ਸੀ, ਜਦੋਂ ਅਚਾਨਕ ਇੱਕ ਭੀੜ ਨੇ ਸਾਡੀ ਬੱਸ ਨੂੰ ਘੇਰ ਲਿਆ ਅਤੇ ਬਿਨਾਂ ਕਿਸੇ ਕਾਰਨ ਹਮਲਾ ਕਰ ਦਿੱਤਾ। ਯਾਤਰੀਆਂ ਵਿੱਚ ਔਰਤਾਂ ਅਤੇ ਬਜ਼ੁਰਗ ਲੋਕ ਵੀ ਸਨ, ਪਰ ਪ੍ਰਦਰਸ਼ਨਕਾਰੀਆਂ ਨੇ ਪਰਵਾਹ ਨਹੀਂ ਕੀਤੀ।’’
ਨੇਪਾਲ ਸੰਕਟ ਵਿਚਕਾਰ Gen Z ਦੇ ਪ੍ਰਦਰਸ਼ਨਕਾਰੀਆਂ ਨੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਇੱਥੇ ਇੱਕ ਪ੍ਰੈਸ ਮੀਟਿੰਗ ਦਾ ਆਯੋਜਨ ਕੀਤਾ ਹੈ। ਦੂਜੇ ਪਾਸੇ ਉਨ੍ਹਾਂ ਦੇ ਕੁਝ ਨੁਮਾਇੰਦੇ ਮੌਜੂਦਾ ਸਿਆਸੀ ਸੰਕਟ ਦਾ ਹੱਲ ਲੱਭਣ ਲਈ ਫੌਜ ਹੈੱਡਕੁਆਰਟਰ ਵਿੱਚ ਰਾਸ਼ਟਰਪਤੀ ਰਾਮਚੰਦਰ ਪੌਡੇਲ ਅਤੇ ਫੌਜ ਮੁਖੀ ਅਸ਼ੋਕ ਰਾਜ ਸਿਗਡੇਲ ਨਾਲ ਵਿਚਾਰ-ਵਟਾਂਦਰਾ ਕਰ ਰਹੇ ਸਨ। -ਪੀਟੀਆਈ