ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨੇਪਾਲ: ਫ਼ੌਜ ਵੱਲੋਂ ਦੇਸ਼ ਭਰ ’ਚ ਪਾਬੰਦੀਆਂ ਦੇ ਹੁਕਮ, ਕਰਫਿਊ ਲਾਗੂ

ਰਾਜਧਾਨੀ ਕਾਠਮੰਡੂ ਤੇ ਹੋਰ ਸ਼ਹਿਰਾਂ ’ਚ ਸੁੰਨ ਪੱਸਰੀ; ਜ਼ਰੂਰੀ ਸੇਵਾਵਾਂ ਬਾਰੇ ਵਰਕਰਾਂ ਨੂੰ ਪਾਬੰਦੀਆਂ ਤੋਂ ਛੋਟ; ਹਵਾਈ ਅੱਡਾ ਬੰਦ
ਬਿਹਾਰ ਦੇ ਰਕਸੌਲ ਵਿੱਚ ਭਾਰਤ-ਨੇਪਾਲ ਸਰਹੱਦ ’ਤੇ ਨੇਪਾਲ ਵੱਲੋਂ ਆ ਰਹੇ ਲੋਕਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਦੇ ਹੋਏ ਸੁਰੱਖਿਆ ਜਵਾਨ। -ਫੋਟੋ: ਪੀਟੀਆਈ
Advertisement

ਨੇਪਾਲ ਦੀ ਸੈਨਾ ਨੇ ਪ੍ਰਦਰਸ਼ਨ ਦੌਰਾਨ ਹਿੰਸਾ ਨੂੰ ਰੋਕਣ ਲਈ ਅੱਜ ਦੇਸ਼ ਪੱਧਰੀ ਪਾਬੰਦੀਆਂ ਦੇ ਹੁਕਮ ਤੇ ਕਰਫਿਊ ਲਾਗੂ ਕਰ ਦਿੱਤਾ ਹੈ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਇੱਕ ਦਿਨ ਪਹਿਲਾਂ ਹੀ ਸਰਕਾਰ ਵਿਰੋਧੀ ਮੁਜ਼ਾਹਰਿਆਂ ਕਾਰਨ ਕੇ ਪੀ ਓਲੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਇਸੇ ਦੌਰਾਨ ਨੇਪਾਲ ਦਾ ਕੌਮਾਂਤਰੀ ਹਵਾਈ ਅੱਡਾ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ। ਮੁਜ਼ਾਹਰਿਆਂ ਦੌਰਾਨ ਦੇਸ਼ ਦੀ ਸੰਸਦ, ਰਾਸ਼ਟਰਪਤੀ ਦਾ ਦਫ਼ਤਰ, ਪ੍ਰਧਾਨ ਮੰਤਰੀ ਦੀ ਰਿਹਾਇਸ਼, ਸਰਕਾਰੀ ਇਮਾਰਤਾਂ, ਸੁਪਰੀਮ ਕੋਰਟ, ਸਿਆਸੀ ਪਾਰਟੀਆਂ ਦੇ ਦਫ਼ਤਰ ਅਤੇ ਸੀਨੀਅਰ ਆਗੂਆਂ ਦੇ ਘਰਾਂ ਸਮੇਤ ਦੇਸ਼ ਦੀਆਂ ਹੋਰ ਪ੍ਰਮੁੱਖ ਇਮਾਰਤਾਂ ਸਾੜ ਦਿੱਤੀਆਂ ਗਈਆਂ। ਦੇਸ਼ ਭਰ ’ਚ ਫ਼ੌਜ ਦੀਆਂ ਟੁਕੜੀਆਂ ਤਾਇਨਾਤ ਕੀਤੇ ਜਾਣ ਮਗਰੋਂ ਨੇਪਾਲ ਦੀ ਰਾਜਧਾਨੀ ਕਾਠਮੰਡੂ ਤੇ ਹੋਰ ਅਹਿਮ ਸ਼ਹਿਰ ਸੁੰਨ ਨਜ਼ਰ ਆਏ।

ਫ਼ੌਜ ਨੇ ਇੱਕ ਬਿਆਨ ’ਚ ਕਿਹਾ ਕਿ ਪਾਬੰਦੀ ਦੇ ਹੁਕਮ ਪੂਰੇ ਦੇਸ਼ ’ਚ ਸ਼ਾਮ ਪੰਜ ਵਜੇ ਤੱਕ ਲਾਗੂ ਰਹਿਣਗੇ ਅਤੇ 11 ਸਤੰਬਰ ਨੂੰ ਸਵੇਰੇ ਛੇ ਵਜੇ ਤੱਕ ਕਰਫਿਊ ਲਾਗੂ ਰਹੇਗਾ। ਸੈਨਾ ਨੇ ਕਿਹਾ ਕਿ ਪ੍ਰਦਰਸ਼ਨ ਦੀ ਆੜ ਹੇਠ ਲੁੱਟ-ਖੋਹ, ਅੱਗਜ਼ਨੀ ਤੇ ਹੋਰ ਤਬਾਹਕੁਨ ਗਤੀਵਿਧੀਆਂ ਦੀਆਂ ਸੰਭਾਵੀ ਘਟਨਾਵਾਂ ਰੋਕਣ ਲਈ ਇਹ ਕਦਮ ਜ਼ਰੂਰੀ ਹਨ। ਲੰਘੀ ਰਾਤ 10 ਵਜੇ ਤੋਂ ਦੇਸ਼ ਭਰ ’ਚ ਸੁਰੱਖਿਆ ਮੁਹਿੰਮ ਦੀ ਕਮਾਨ ਸੰਭਾਲਣ ਵਾਲੀ ਸੈਨਾ ਨੇ ਚਿਤਾਵਨੀ ਦਿੱਤੀ ਕਿ ਪਾਬੰਦੀ ਵਾਲੀ ਮਿਆਦ ਦੌਰਾਨ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨ, ਭੰਨ-ਤੋੜ, ਅੱਗਜ਼ਨੀ ਜਾਂ ਵਿਅਕਤੀਆਂ ਤੇ ਜਾਇਦਾਦਾਂ ’ਤੇ ਹਮਲੇ ਨੂੰ ਅਪਰਾਧਿਕ ਕਾਰਵਾਈ ਮੰਨਿਆ ਜਾਵੇਗਾ ਅਤੇ ਉਸ ਨਾਲ ਢੁੱਕਵੇਂ ਢੰਗ ਨਾਲ ਨਜਿੱਠਿਆ ਜਾਵੇਗਾ। ਬਿਆਨ ’ਚ ਕਿਹਾ ਗਿਆ ਹੈ, ‘ਜਬਰ ਜਨਾਹ ਤੇ ਹਿੰਸਕ ਹਮਲਿਆਂ ਦਾ ਵੀ ਖਤਰਾ ਹੈ। ਦੇਸ਼ ਦੀ ਸੁਰੱਖਿਆ ਸਥਿਤੀ ਨੂੰ ਧਿਆਨ ’ਚ ਰੱਖਦਿਆਂ ਪਾਬੰਦੀ ਦੇ ਹੁਕਮ ਤੇ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ।’ ਬਿਆਨ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਐਂਬੂਲੈਂਸ, ਫਾਇਰ ਬ੍ਰਿਗੇਡ, ਸਿਹਤ ਵਰਕਰ ਤੇ ਸੁਰੱਖਿਆ ਬਲਾਂ ਸਮੇਤ ਜ਼ਰੂਰੀ ਸੇਵਾਵਾਂ ’ਚ ਲੱਗੇ ਵਾਹਨਾਂ ਤੇ ਕਰਮੀਆਂ ਨੂੰ ਪਾਬੰਦੀ ਦੇ ਹੁਕਮਾਂ ਤੇ ਕਰਫਿਊ ਦੌਰਾਨ ਕੰਮ ਕਰਨ ਦੀ ਇਜਾਜ਼ਤ ਹੋਵੇਗੀ। ਦੂਜੇ ਪਾਸੇ ਹਿੰਸਕ ਰੋਸ ਮੁਜ਼ਾਹਰਿਆਂ ਤੋਂ ਬਾਅਦ ਸੈਂਕੜੇ ਵਿਦੇਸ਼ੀ ਨਾਗਰਿਕ ਨੇਪਾਲ ’ਚ ਫਸੇ ਹੋਏ ਹਨ ਅਤੇ ਨੇਪਾਲ ’ਚ ਤ੍ਰਿਭੁਵਨ ਕੌਮਾਂਤਰੀ ਹਵਾਈ ਅੱਡਾ ਅੱਜ ਅਗਲੀ ਸੂਚਨਾ ਤੱਕ ਬੰਦ ਕਰ ਦਿੱਤਾ ਗਿਆ ਹੈ।

Advertisement

 

ਨੇਪਾਲ ਦੀਆਂ ਜੇਲ੍ਹਾਂ ’ਚੋਂ ਸੱਤ ਹਜ਼ਾਰ ਕੈਦੀ ਫ਼ਰਾਰ

ਕਾਠਮੰਡੂ: ਪੱਛਮੀ ਨੇਪਾਲ ਦੀ ਜੇਲ੍ਹ ’ਚ ਸੁਰੱਖਿਆ ਕਰਮੀਆਂ ਨਾਲ ਝੜਪ ’ਚ ਘੱਟ ਤੋਂ ਘੱਟ ਪੰਜ ਨਾਬਾਲਗ ਕੈਦੀਆਂ ਦੀ ਮੌਤ ਹੋ ਗਈ ਜਦਕਿ ਸਰਕਾਰ ਵਿਰੋਧੀ ਰੋਸ ਮੁਜ਼ਾਹਰਿਆਂ ਦੌਰਾਨ ਦੇਸ਼ ਭਰ ਦੀਆਂ ਵੱਖ ਵੱਖ ਜੇਲ੍ਹਾਂ ’ਚੋਂ ਸੱਤ ਹਜ਼ਾਰ ਤੋਂ ਵੱਧ ਕੈਦੀ ਫਰਾਰ ਹੋ ਗਏ। ਮੀਡੀਆ ਰਿਪੋਰਟਾਂ ਅਨੁਸਾਰ ਲੰਘੀ ਰਾਤ ਨੌਬਸਤਾ ਖੇਤਰੀ ਜੇਲ੍ਹ ਦੇ ਨੌਬਸਤਾ ਬਾਲ ਸੁਧਾਰ ਘਰ ’ਚ ਸੁਰੱਖਿਆ ਕਰਮੀਆਂ ਨਾਲ ਝੜਪ ’ਚ ਪੰਜ ਨਾਬਾਲਗ ਕੈਦੀਆਂ ਦੀ ਮੌਤ ਹੋ ਗਈ ਤੇ ਚਾਰ ਹੋਰ ਗੰਭੀਰ ਜ਼ਖ਼ਮੀ ਹੋ ਗਏ। ਇਹ ਝੜਪ ਉਸ ਸਮੇਂ ਹੋਈ ਜਦੋਂ ਕੈਦੀਆਂ ਨੇ ਸੁਧਾਰ ਘਰ ਦੇ ਸੁਰੱਖਿਆ ਕਰਮੀਆਂ ਤੋਂ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ। ਮੀਡੀਆ ਰਿਪੋਰਟ ’ਚ ਇਹ ਵੀ ਦੱਸਿਆ ਗਿਆ ਹੈ ਕਿ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ’ਚੋਂ ਤਕਰੀਬਨ ਸੱਤ ਹਜ਼ਾਰ ਕੈਦੀ ਫਰਾਰ ਹੋ ਗਏ ਹਨ। -ਪੀਟੀਆਈ

 

ਚੀਨ ਵੱਲੋਂ ਨੇਪਾਲ ’ਚ ਸਥਿਰਤਾ ਬਹਾਲੀ ਦੀ ਅਪੀਲ

ਪੇਈਚਿੰਗ: ਚੀਨ ਨੇ ਅੱਜ ਨੇਪਾਲ ਦੇ ਸਾਰੇ ਵਰਗਾਂ ਨੂੰ ਘਰੇਲੂ ਮਸਲੇ ਢੁੱਕਵੇਂ ਢੰਗ ਨਾਲ ਨਜਿੱਠਣ ਅਤੇ ਸਮਾਜਿਕ ਵਿਵਸਥਾ ਤੇ ਸਥਿਰਤਾ ਬਹਾਲ ਕਰਨ ਦਾ ਸੱਦਾ ਦਿੱਤਾ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਇੱਥੇ ਪ੍ਰੈੱਸ ਵਾਰਤਾ ਦੌਰਾਨ ਨੇਪਾਲ ਦੇ ਹਾਲਾਤ ’ਤੇ ਪਹਿਲੀ ਵਾਰ ਟਿੱਪਣੀ ਕਰਦਿਆਂ ਕਿਹਾ, ‘ਚੀਨ ਤੇ ਨੇਪਾਲ ਰਵਾਇਤੀ ਤੌਰ ’ਤੇ ਗੁਆਂਢੀ ਮਿੱਤਰ ਹਨ। ਸਾਨੂੰ ਉਮੀਦ ਹੈ ਕਿ ਨੇਪਾਲ ਦੇ ਸਾਰੇ ਵਰਗ ਘਰੇਲੂ ਮੁੱਦਿਆਂ ਨੂੰ ਢੁੱਕਵੇਂ ਢੰਗ ਨਾਲ ਨਜਿੱਠਣਗੇ, ਸਮਾਜਿਕ ਵਿਵਸਥਾ ਤੇ ਖੇਤਰੀ ਸਥਿਰਤਾ ਜਲਦੀ ਹੀ ਬਹਾਲ ਕਰਨਗੇ।’ ਉਨ੍ਹਾਂ ਹਾਲਾਂਕਿ ਓਲੀ ਦੇ ਅਸਤੀਫੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਜਿਨ੍ਹਾਂ ਨੂੰ ਚੀਨ ਦਾ ਹਮਾਇਤੀ ਮੰਨਿਆ ਜਾਂਦਾ ਹੈ। -ਪੀਟੀਆਈ

 

ਕਾਂਗਰਸ ਵੱਲੋਂ ਨੇਪਾਲ ਤੋਂ ਸਬਕ ਲੈਣ ਦੀ ਵਕਾਲਤ

ਨਵੀਂ ਦਿੱਲੀ: ਕਾਂਗਰਸ ਨੇ ਨੇਪਾਲ ਦੀ ਸਥਿਤੀ ’ਤੇ ਚਿੰਤਾ ਜਤਾਉਂਦਿਆਂ ਅੱਜ ਕਿਹਾ ਕਿ ਭਾਰਤ ਨੂੰ ਉੱਥੋਂ ਦੇ ਹਾਲਾਤ ’ਤੇ ਨਜ਼ਰ ਰੱਖਣ ਅਤੇ ਉਡੀਕ ਕਰਨ ਦੀ ਰਣਨੀਤੀ ’ਤੇ ਅਮਲ ਕਰਨਾ ਚਾਹੀਦਾ ਹੈ ਅਤੇ ਗੁਆਂਢੀ ਮੁਲਕ ਵਿੱਚ ਜੋ ਕੁੱਝ ਹੋਇਆ ਇਸ ਤੋਂ ਸਬਕ ਲੈਣਾ ਜ਼ਰੂਰੀ ਹੈ। ਕਾਂਗਰਸ ਦੇ ਵਿਦੇਸ਼ ਮਾਮਲਿਆਂ ਦੇ ਵਿਭਾਗ ਦੇ ਪ੍ਰਧਾਨ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਇਹ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ। ਉਧਰ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਦੇ ਵਿਦੇਸ਼ ਸਕੱਤਰ ਨਾਲ ਗੱਲ ਕੀਤੀ ਹੈ, ਜਿਨ੍ਹਾਂ ਨੇ ਨੇਪਾਲ ਵਿੱਚ ਫਸੇ ਲਗਪਗ ਇੱਕ ਹਜ਼ਾਰ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਦਾ ਭਰੋਸਾ ਦਿੱਤਾ ਹੈ। ਉਧਰ ਭਾਰਤ ਨੇ ਨੇਪਾਲ ਵਿੱਚ ਫਸੇ ਆਪਣੇ ਨਾਗਰਿਕਾਂ ਦੀ ਸਹਾਇਤਾ ਲਈ ਵਿਸ਼ੇਸ਼ ਸੈੱਲ ਸਥਾਪਤ ਕੀਤੇ ਹਨ ਅਤੇ ਸਰਹੱਦ ’ਤੇ ਚੌਕਸੀ ਵਧਾ ਦਿੱਤੀ ਹੈ। -ਪੀਟੀਆਈ

Advertisement
Show comments