ਅਮਰੀਕੀ ਧਮਕੀਆਂ ਅੱਗੇ ਡਟ ਕੇ ਖੜ੍ਹਨ ਦੀ ਲੋੜ: ਮਾਰੂਤੀ ਚੇਅਰਮੈਨ
ਮਾਰੂਤੀ ਸੁਜ਼ੂਕੀ ਇੰਡੀਆ ਦੇ ਚੇਅਰਮੈਨ ਆਰ ਸੀ ਭਾਰਗਵ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਨੂੰ ਟੈਰਿਫ਼ ਨੂੰ ਲੈ ਕੇ ਅਮਰੀਕੀ ਧਮਕੀਆਂ ਅੱਗੇ ਨਹੀਂ ਝੁਕਣਾ ਚਾਹੀਦਾ ਹੈ ਅਤੇ ਮੁਲਕ ਨੂੰ ਆਪਣੀ ਇੱਜ਼ਤ ਅਤੇ ਸਨਮਾਨ ਬਹਾਲ ਰੱਖਦਿਆਂ ਇਕਜੁੱਟ ਰਹਿਣਾ ਚਾਹੀਦਾ ਹੈ। ਕੰਪਨੀ ਦੀ 44ਵੀਂ ਸਾਲਾਨਾ ਆਮ ਮੀਟਿੰਗ (ਏਜੀਐੱਮ) ਵਿੱਚ ਸ਼ੇਅਰਧਾਰਕਾਂ ਨੂੰ ਸੰਬੋਧਨ ਕਰਦਿਆਂ ਭਾਰਗਵ ਨੇ ਅਮਰੀਕੀ ਟੈਰਿਫ਼ ਕਾਰਨ ਹਾਲੀਆ ਮਹੀਨਿਆਂ ਵਿੱਚ ਆਲਮੀ ਬੇਯਕੀਨੀ ਦੇ ਮਾਹੌਲ ਬਾਰੇ ਗੱਲ ਕੀਤੀ। ਭਾਰਗਵ ਨੇ ਕਿਹਾ, ‘‘ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਈ ਤਰੀਕਿਆਂ ਨਾਲ ਮੁਲਕਾਂ ਨੂੰ ਆਪਣੀਆਂ ਰਵਾਇਤੀ ਨੀਤੀਆਂ ਅਤੇ ਸਬੰਧਾਂ ’ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕੀਤਾ ਹੈ। ਕੂਟਨੀਤੀ ਵਿੱਚ ਟੈਰਿਫ਼ ਦੀ ਹਥਿਆਰ ਵਜੋਂ ਵਰਤੋਂ ਪਹਿਲੀ ਵਾਰ ਦੇਖੀ ਜਾ ਰਹੀ ਹੈ।’’ ਉਨ੍ਹਾਂ ਕਿਹਾ ਕਿ ਸਰਕਾਰ ਨੇ ਬਰਤਾਨੀਆ ਨਾਲ ਇਤਿਹਾਸਕ ਮੁਕਤ ਵਪਾਰ ਸਮਝੌਤਾ ਕੀਤਾ ਹੈ ਅਤੇ ਇਹ ਭਵਿੱਖ ਦੇ ਹੋਰ ਸਮਝੌਤਿਆਂ ਲਈ ਮਿਸਾਲ ਬਣ ਸਕਦਾ ਹੈ। ਮਾਰੂਤੀ ਸੁਜ਼ੂਕੀ ਦੇ ਚੇਅਰਮੈਨ ਨੇ ਵਸਤੂ ਅਤੇ ਸੇਵਾਵਾਂ ਟੈਕਸ (ਜੀਐੱਸਟੀ) ’ਚ ਪੁਨਰਗਠਨ ਦੇ ਐਲਾਨ ਨੂੰ ਵੱਡਾ ਸੁਧਾਰ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਨਾਲ ਆਰਥਿਕ ਵਿਕਾਸ ’ਚ ਤੇਜ਼ੀ ਆਵੇਗੀ ਤੇ ਰੁਜ਼ਗਾਰ ਦੇ ਮੌਕੇ ਵਧਣਗੇ। ਜੀਐੱਸਟੀ ਦਰਾਂ ’ਚ ਬਦਲਾਅ ਨਾਲ ਛੋਟੀਆਂ ਕਾਰਾਂ ਦੇ ਬਾਜ਼ਾਰ ’ਚ ਤੇਜ਼ੀ ਆਉਣ ਦੀ ਸੰਭਾਵਨਾ ਜਤਾਉਂਦਿਆਂ ਭਾਰਗਵ ਨੇ ਆਸ ਜਤਾਈ ਕਿ ਮੁਸ਼ਕਲ ਦੀ ਘੜੀ ’ਚ ਖਪਤਕਾਰਾਂ ਨੂੰ ਟੈਕਸਾਂ ’ਚ ਬਦਲਾਅ ਦਾ ਲਾਭ ਹੋਵੇਗਾ। -ਪੀਟੀਆਈ