ਮਨੀਪੁਰ ਦੇ ਹਿੱਲਜ਼ ਅਤੇ ਘਾਟੀ ਦੇ ਲੋਕਾਂ ’ਚ ਵਿਸ਼ਵਾਸ ਬਹਾਲੀ ਦੀ ਲੋੜ: ਮੋਦੀ
ਮਨੀਪੁਰ ’ਚ ਵੱਖ ਵੱਖ ਜਥੇਬੰਦੀਆਂ ਨੂੰ ਹਿੰਸਾ ਛੱਡਣ ਦੀ ਅਪੀਲ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਲੋਕਾਂ ਨਾਲ ਡਟ ਕੇ ਖੜ੍ਹੀ ਹੈ ਅਤੇ ਉਹ ਹਿੰਸਾ ਨਾਲ ਝੰਬੇ ਸੂਬੇ ਨੂੰ ਸ਼ਾਂਤੀ ਤੇ ਖੁਸ਼ਹਾਲੀ ਦਾ ਪ੍ਰਤੀਕ ਬਣਾਉਣ ਲਈ ਕੰਮ ਕਰ ਰਹੇ ਹਨ। ਮਈ 2023 ’ਚ ਜਾਤੀ ਹਿੰਸਾ ਫੈਲਣ ਮਗਰੋਂ ਪ੍ਰਧਾਨ ਮੰਤਰੀ ਦਾ ਇਹ ਮਨੀਪੁਰ ਦਾ ਪਹਿਲਾ ਦੌਰਾ ਸੀ। ਪ੍ਰਧਾਨ ਮੰਤਰੀ ਨੇ ਇੰਫਾਲ ਅਤੇ ਚੂਰਾਚਾਂਦਪੁਰ ’ਚ ਦੋ ਵੱਖੋ ਵੱਖਰੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕੁਕੀ ਅਤੇ ਮੈਤੇਈ ਭਾਈਚਾਰੇ ਦੇ ਪੀੜਤਾਂ ਨਾਲ ਮੁਲਾਕਾਤ ਵੀ ਕੀਤੀ। ਉਨ੍ਹਾਂ ਚੂਰਾਚਾਂਦਪੁਰ ’ਚ 7,300 ਕਰੋੜ ਰੁਪਏ ਤੋਂ ਵਧ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਅਤੇ ਇੰਫਾਲ ’ਚ 1200 ਕਰੋੜ ਰੁਪਏ ਦੀ ਲਾਗਤ ਵਾਲੇ 17 ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇੰਫਾਲ ਦੇ ਕਾਂਗਲਾ ਫੋਰਟ ’ਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਮਨੀਪੁਰ ਦੇ ਹਿੱਲਜ਼ ਅਤੇ ਘਾਟੀ ਦੇ ਲੋਕਾਂ ਵਿਚਾਲੇ ਵਿਸ਼ਵਾਸ ਦਾ ਮਜ਼ਬੂਤ ਪੁਲ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਮਨੀਪੁਰ ਦੇ ਨਾਂ ਵਿੱਚ ਹੀ ਮਣੀ ਹੈ ਅਤੇ ਇਹ ਭਾਰਤ ਮਾਤਾ ਦੇ ਤਾਜ ਦਾ ਉਹ ਰਤਨ ਹੈ ਜੋ ਆਉਣ ਵਾਲੇ ਸਮੇਂ ਵਿੱਚ ਪੂਰੇ ਉੱਤਰ-ਪੂਰਬ ਲਈ ਚਮਕੇਗਾ। ਕੇਂਦਰ ਸਰਕਾਰ ਮਨੀਪੁਰ ਨੂੰ ਵਿਕਾਸ ਦੇ ਰਾਹ ’ਤੇ ਅੱਗੇ ਲਿਜਾਣ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸੇ ਕੋਸ਼ਿਸ਼ ਤਹਿਤ ਮੈਂ ਅੱਜ ਤੁਹਾਡੇ ਸਾਰਿਆਂ ਵਿਚਕਾਰ ਹਾਂ।’’ ਕੁਕੀ ਭਾਈਚਾਰੇ ਦੀ ਵੱਡੀ ਗਿਣਤੀ ਵਾਲੇ ਚੂਰਾਚਾਂਦਪੁਰ ਜ਼ਿਲ੍ਹੇ ’ਚ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਮਨੀਪੁਰ ਦੀ ਉਮੀਦਾਂ ਅਤੇ ਖਾਹਿਸ਼ਾਂ ਦੀ ਧਰਤੀ ਵਜੋਂ ਸ਼ਲਾਘਾ ਕਰਦਿਆਂ ਕਿਹਾ ਕਿ ਬਦਕਿਸਮਤੀ ਨਾਲ ਹਿੰਸਾ ਨੇ ਇਸ ਖ਼ੂਬਸੂਰਤ ਖ਼ਿੱਤੇ ਨੂੰ ਆਪਣੇ ਪਰਛਾਵੇਂ ਹੇਠ ਲੈ ਲਿਆ ਸੀ। ਉਨ੍ਹਾਂ ਕਿਹਾ, ‘‘ਮੈਂ ਰਾਹਤ ਕੈਂਪਾਂ ’ਚ ਪੀੜਤ ਪਰਿਵਾਰਾਂ ਨੂੰ ਮਿਲਿਆ ਹਾਂ। ਇਸ ਮੁਲਾਕਾਤ ਮਗਰੋਂ ਮੈਂ ਪੂਰੇ ਯਕੀਨ ਨਾਲ ਆਖ ਸਕਦਾ ਹਾਂ ਕਿ ਮਨੀਪੁਰ ’ਚ ਆਸ ਅਤੇ ਵਿਸ਼ਵਾਸ ਦਾ ਨਵਾਂ ਪਹੁ ਫੁਟਾਲਾ ਹੋ ਰਿਹਾ ਹੈ। ਕਿਤੇ ਵੀ ਵਿਕਾਸ ਲਈ ਸ਼ਾਂਤੀ ਜ਼ਰੂਰੀ ਹੁੰਦੀ ਹੈ। ਪਿਛਲੇ 11 ਸਾਲਾਂ ’ਚ ਉੱਤਰ-ਪੂਰਬ ’ਚ ਕਈ ਸੰਘਰਸ਼ਾਂ ਅਤੇ ਵਿਵਾਦਾਂ ਦਾ ਹੱਲ ਕੱਢਿਆ ਗਿਆ ਹੈ। ਲੋਕਾਂ ਨੇ ਸ਼ਾਂਤੀ ਦਾ ਰਾਹ ਚੁਣ ਕੇ ਵਿਕਾਸ ਨੂੰ ਤਰਜੀਹ ਦਿੱਤੀ ਹੈ।’’ ਲੰਬੇ ਸਮੇਂ ਤੋਂ ਜਾਤੀਗਤ ਹਿੰਸਾ ਦੇ ਬਾਵਜੂਦ ਮਨੀਪੁਰ ਦਾ ਦੌਰਾ ਨਾ ਕਰਨ ਲਈ ਪ੍ਰਧਾਨ ਮੰਤਰੀ ਵਿਰੋਧੀ ਧਿਰ ਦੇ ਨਿਸ਼ਾਨੇ ’ਤੇ ਸਨ। ਮੋਦੀ ਨੇ ਕਿਹਾ ਕਿ ਕੇਂਦਰ ਹਿੰਸਾ ਕਾਰਨ ਦਰ-ਬਦਰ ਹੋਏ ਪਰਿਵਾਰਾਂ ਲਈ 7 ਹਜ਼ਾਰ ਨਵੇਂ ਘਰ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰੀਬ 3 ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਹੁਣੇ ਪ੍ਰਵਾਨ ਕੀਤਾ ਗਿਆ ਹੈ ਜਿਸ ’ਚੋਂ 500 ਕਰੋੜ ਰੁਪਏ ਉਚੇਚੇ ਤੌਰ ’ਤੇ ਉਜੜੇ ਲੋਕਾਂ ਦੀ ਸਹਾਇਤਾ ਲਈ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਦਿੱਲੀ ’ਚ ਲਏ ਗਏ ਫ਼ੈਸਲੇ ਇਥੇ ਪੁੱਜਣ ’ਚ ਕਈ ਦਹਾਕੇ ਲੱਗ ਜਾਂਦੇ ਸਨ ਪਰ ਹੁਣ ਮਨੀਪੁਰ ਬਾਕੀ ਮੁਲਕ ਨਾਲ ਤਰੱਕੀ ਦੇ ਰਾਹ ’ਤੇ ਅਗਾਂਹ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਕਈ ਦਹਾਕਿਆਂ ਮਗਰੋਂ ਵੀ ਮਨੀਪੁਰ ਦੇ ਹਿੱਲ ਖ਼ਿੱਤੇ ’ਚ ਇਕ ਵੀ ਮੈਡੀਕਲ ਕਾਲਜ ਨਹੀਂ ਸੀ ਪਰ ਉਨ੍ਹਾਂ ਦੀ ਸਰਕਾਰ ਨੇ ਚੂਰਾਚਾਂਦਪੁਰ ’ਚ ਇਕ ਮੈਡੀਕਲ ਕਾਲਜ ਸਥਾਪਤ ਕਰ ਦਿੱਤਾ ਹੈ।
‘ਉੱਤਰ-ਪੂਰਬ ਨੂੰ ਵੋਟ ਬੈਂਕ ਸਿਆਸਤ ਕਾਰਨ ਨੁਕਸਾਨ ਝਲਣਾ ਪਿਆ’
ਆਇਜ਼ੌਲ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉੱਤਰ-ਪੂਰਬੀ ਖ਼ਿੱਤੇ ਨੂੰ ਵੋਟ ਬੈਂਕ ਸਿਆਸਤ ਕਾਰਨ ਭਾਰੀ ਨੁਕਸਾਨ ਝਲਣਾ ਪਿਆ ਹੈ ਪਰ ਹੁਣ ਇਹ ਦੇਸ਼ ਦਾ ਵਿਕਾਸ ਇੰਜਣ ਬਣ ਰਿਹਾ ਹੈ। ਪ੍ਰਧਾਨ ਮੰਤਰੀ ਬਣਨ ਮਗਰੋਂ ਮਿਜ਼ੋਰਮ ਦੇ ਆਪਣੇ ਦੂਜੇ ਦੌਰੇ ’ਤੇ ਆਏ ਮੋਦੀ ਨੇ 9 ਹਜ਼ਾਰ ਕਰੋੜ ਰੁਪਏ ਮੁੱਲ ਦੇ ਪ੍ਰਾਜੈਕਟਾਂ ਦਾ ਆਗ਼ਾਜ਼ ਕੀਤਾ। ਉਨ੍ਹਾਂ ਆਇਜ਼ੌਲ ਨੇੜੇ ਲੇਂਗਪੂਈ ਹਵਾਈ ਅੱਡੇ ਤੋਂ ਰੈਲੀ ਨੂੰ ਵਰਚੁਅਲੀ ਸੰਬੋਧਨ ਕੀਤਾ ਕਿਉਂਕਿ ਮੋਹਲੇਧਾਰ ਮੀਂਹ ਕਾਰਨ ਉਹ ਰੈਲੀ ਵਾਲੀ ਥਾਂ ’ਤੇ ਨਹੀਂ ਪਹੁੰਚ ਸਕੇ। ਮੋਦੀ ਨੇ ਆਇਜ਼ੌਲ ਅਤੇ ਦਿੱਲੀ ਵਿਚਕਾਰ ਚੱਲਣ ਵਾਲੀ ਰਾਜਧਾਨੀ ਐਕਸਪ੍ਰੈੱਸ ਨੂੰ ਵੀ ਝੰਡੀ ਦਿਖਾਈ। -ਪੀਟੀਆਈ
ਪ੍ਰਧਾਨ ਮੰਤਰੀ ਨੂੰ ਮਨੀਪੁਰ ਦਾ ਬਹੁਤ ਪਹਿਲਾਂ ਦੌਰਾ ਕਰਨਾ ਚਾਹੀਦਾ ਸੀ: ਪ੍ਰਿਯੰਕਾ
ਵਾਇਨਾਡ: ਕਾਂਗਰਸ ਦੀ ਲੋਕ ਸਭਾ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਉਸ ਨੂੰ ਖੁਸ਼ੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿੰਸਾ ਦੇ ਦੋ ਸਾਲਾਂ ਮਗਰੋਂ ਮਨੀਪੁਰ ਦੀ ਸਾਰ ਲੈਣ ਦਾ ਫ਼ੈਸਲਾ ਲਿਆ ਪਰ ਉਨ੍ਹਾਂ ਨੂੰ ਬਹੁਤ ਪਹਿਲਾਂ ਸੂਬੇ ਦਾ ਦੌਰਾ ਕਰਨਾ ਚਾਹੀਦਾ ਸੀ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਮੋਦੀ ਨੇ ਮਨੀਪੁਰ ’ਚ ਹਿੰਸਾ ਹੋਣ ਦਿੱਤੀ। ਕਾਂਗਰਸ ਦੇ ਲੋਕ ਸਭਾ ’ਚ ਉਪ ਨੇਤਾ ਗੌਰਵ ਗੋਗੋਈ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਉੱਤਰ-ਪੂਰਬ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਿਆਂ ਉਥੋਂ ਦੇ ਮਸਲਿਆਂ ਨੂੰ ਹੱਲ ਕਰਨਾ ਚਾਹੀਦਾ ਹੈ। -ਪੀਟੀਆਈ