ਰਵਾਇਤੀ ਬੀਜ ਸੰਭਾਲਣ ਦੀ ਲੋੜ: ਚੌਹਾਨ
ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਵੱਧ ਝਾੜ ਵਾਲੀਆਂ ਨਵੀਆਂ ਕਿਸਮਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਰਵਾਇਤੀ ਬੀਜ ਸੰਭਾਲਣ ਦੀ ਵੀ ਲੋੜ ਹੈ ਤੇ ਇਨ੍ਹਾਂ ਦੋਵਾਂ ਯਤਨਾਂ ਵਿਚਕਾਰ ਤਾਲਮੇਲ ਹੋਣਾ ਚਾਹੀਦਾ ਹੈ। ਖੇਤੀਬਾੜੀ ਮੰਤਰੀ ਨੇ ਇੱਥੇ ‘ਪਲਾਂਟ ਜੀਨੋਮ ਸੇਵੀਅਰ ਐਵਾਰਡ ਸਮਾਰੋਹ’ ਵਿੱਚ ਸ਼ਮੂਲੀਅਤ ਕੀਤੀ ਜੋ ਕਿਸਾਨ ਅਧਿਕਾਰ ਅਥਾਰਿਟੀ ਐਕਟ, 2001 ਦੇ 21ਵੇਂ ਸਥਾਪਨਾ ਦਿਵਸ ਮੌਕੇ ਕਰਵਾਇਆ ਗਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਹੁਣ ਕਈ ਰਵਾਇਤੀ ਬੀਜ ਖ਼ਤਮ ਹੋਣ ਲੱਗੇ ਹਨ ਪਰ ਕਿਸਾਨਾਂ ਦੀ ਸਖ਼ਤ ਮਿਹਨਤ ਸਦਕਾ ਇਨ੍ਹਾਂ ਨੂੰ ਸੰਭਾਲਿਆ ਜਾ ਰਿਹਾ ਹੈ। ਬੀਜ ਕਿਸਾਨ ਦੀ ਸਭ ਤੋਂ ਵੱਡੀ ਪੂੰਜੀ ਹੈ ਜਿੱਥੇ ਨਵੀਆਂ ਕਿਸਮਾਂ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ, ਉੱਥੇ ਰਵਾਇਤੀ ਬੀਜਾਂ ਨੂੰ ਸੰਭਾਲਣਾ ਵੀ ਓਨਾ ਹੀ ਜ਼ਰੂਰੀ ਹੈ। ਦੋਵਾਂ ਵਿਚਕਾਰ ਤਾਲਮੇਲ ਹੋਣਾ ਚਾਹੀਦਾ ਹੈ। ਸ੍ਰੀ ਚੌਹਾਨ ਨੇ ਕਿਹਾ ਕਿ ਕਿਸਾਨ ਅਧਿਕਾਰ ਐਕਟ ਦੇ ਤਹਿਤ ਸਰਕਾਰ ਬੀਜ ਦੀਆਂ ਕਿਸਮਾਂ ਦੀ ਸੰਭਾਲ ਨੂੰ ਯਕੀਨੀ ਬਣਾਉਣ ਲਈ 15 ਲੱਖ ਰੁਪਏ ਤੱਕ ਦੀ ਵਿੱਤੀ ਮਦਦ ਦਿੰਦੀ ਹੈ। ਉਨ੍ਹਾਂ ਇਸ ਗੱਲ ’ਤੇ ਚਿੰਤਾ ਪ੍ਰਗਟਾਈ ਕਿ ਕਿਸਾਨਾਂ ਵਿੱਚ ‘ਪੌਦਿਆਂ ਦੀਆਂ ਕਿਸਮਾਂ ਦੀ ਸੁਰੱਖਿਆ ਤੇ ਕਿਸਾਨ ਅਧਿਕਾਰ ਅਥਾਰਟੀ ਐਕਟ’ (ਪੀ ਪੀ ਵੀ ਅਤੇ ਐੱਫ਼ ਆਰ ਏ) ਬਾਰੇ ਜਾਗਰੂਕਤਾ ਅਜੇ ਵੀ ਸੀਮਤ ਹੈ।
