ਦਿਵਿਆਂਗਾਂ ਲਈ ਬਰਾਬਰ ਮੌਕਿਆਂ ਦੀ ਲੋੜ: ਮੁਰਮੂ
ਨਵੀਂ ਦਿੱਲੀ, 3 ਦਸੰਬਰ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਦਿਵਿਆਂਗ ਵਿਅਕਤੀਆਂ ਲਈ ਹਮਦਰਦੀ ਅਤੇ ਬਰਾਬਰ ਮੌਕਿਆਂ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਆਖਿਆ ਕਿ ਉਨ੍ਹਾਂ ਦਾ ਸ਼ਕਤੀਕਰਨ ਸਮਾਜ ਤੇ ਸਰਕਾਰ ਦੀ ਸਮੂਹਿਕ ਜ਼ਿੰਮੇਵਾਰੀ ਹੈ।
ਰਾਸ਼ਟਰਪਤੀ ਨੇ ਇਹ ਗੱਲ ਦਿਵਿਆਂਗਾਂ ਦੀ ਭਲਾਈ ਕੰਮ ਕਰਨ ਵਾਲੇ ਵਿਅਕਤੀਆਂ ਤੇ ਸੰਗਠਨਾਂ ਨੂੰ ਕੌਮੀ ਐਵਾਰਡ ਪ੍ਰਦਾਨ ਕਰਨ ਮੌਕੇ ਆਖੀ ਅਤੇ ਸਮਾਜਿਕ ਨਜ਼ਰੀਏ ’ਚ ਬਦਲਾਅ ਦਾ ਸੱਦਾ ਦਿੱਤਾ। ਕੌਮਾਂਤਰੀ ਦਿਵਿਆਂਗ ਦਿਵਸ ਮੌਕੇ ਦਿਵਿਆਂਗਾਂ ਨਾਲ ਸਨਮਾਨ ਅਤੇ ਬਰਾਬਰੀ ਦਾ ਸਲੂਕ ਕਰਨ ਵਾਲੇ ਸਮਾਜ ਦੀ ਕਾਇਮੀ ਦਾ ਸੱਦਾ ਦਿੰਦਿਆਂ ਰਾਸ਼ਟਰਪਤੀ ਮੁਰਮੂ ਨੇ ਆਖਿਆ, ‘‘ਉਨ੍ਹਾਂ (ਦਿਵਿਆਂਗਾਂ) ਨੂੰ ਹਮਦਰਦੀ ਦੀ ਲੋੜ ਹੈ, ਤਰਸ ਦੀ ਨਹੀਂ। ਉਹ ਵਿਸ਼ੇਸ਼ ਧਿਆਨ ਦੇ ਨਹੀਂ ਬਲਕਿ ਕੁਦਰਤੀ ਲਗਾਅ ਦੇ ਪਾਤਰ ਹਨ। ਇਸ ਸਭ ਤੋਂ ਵਧ ਕੇ ਉਨ੍ਹਾਂ ਨੂੰ ਸਨਮਾਨ ਮਿਲਣਾ ਚਾਹੀਦਾ ਹੈ।’’ ਉਨ੍ਹਾਂ ਆਖਿਆ ਕਿ ਦਿਵਿਆਂਗ ਹੋਣਾ ਕੋਈ ‘ਅੜਿੱਕਾ’ ਨਹੀਂ ਹੈ ਬਲਕਿ ਇਹ ਇੱਕ ‘ਵਿਸ਼ੇਸ਼ ਸਥਿਤੀ’ ਹੈ ਜਿਸ ਲਈ ਲਗਾਤਾਰ ਸਮਰਥਨ ਦੀ ਲੋੜ ਹੁੰਦੀ ਹੈ। ਮੁਰਮੂ ਨੇ ਕਿਹਾ, ‘‘ਉਨ੍ਹਾਂ ਦੀਆਂ ਲੋੜਾਂ ਮੁਤਾਬਕ ਵਿਸ਼ੇਸ਼ ਸਿਖਲਾਈ, ਕਾਊਂਸਲਿੰਗ ਤੇ ਸਹੂਲਤਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ। ਜਦੋਂ ਸਰਕਾਰ ਉਨ੍ਹਾਂ (ਦਿਵਿਆਗਾਂ) ਦੀ ਭਲਾਈ ਨੂੰ ਤਰਜੀਹ ਦੇ ਰਹੀ ਹੈ ਤਾਂ ਸਮਾਜ ਨੂੰ ਵੀ ਉਨ੍ਹਾਂ ਦੇ ਸਮਾਵੇਸ਼ ਨੂੰ ਤਰਜੀਹ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ।’’ ਉਨ੍ਹਾਂ ਨੇ ਦਿਵਿਆਂਗਾਂ ਵੱਲੋਂ ਖੇਡਾਂ ਸਣੇ ਵੱਖ-ਵੱਖ ਖੇਤਰਾਂ ’ਚ ਮਾਰੀਆਂ ਮੱਲਾਂ ਦਾ ਜ਼ਿਕਰ ਵੀ ਕੀਤਾ। ਇਹ ਸਨਮਾਨ ਸਿੱਖਿਆ, ਖੇਡਾਂ, ਕਲਾਂ ਤੇ ਸਮਾਜਿਕ ਉੱਦਮਤਾ ਦੇ ਖੇਤਰ ’ਚ ਅਸਧਾਰਨ ਯੋਗਦਾਨ ਦੇਣ ਵਾਲਿਆਂ ਨੂੰ ਪ੍ਰਦਾਨ ਕੀਤੇ ਗਏ। -ਪੀਟੀਆਈ