ਐੱਨ ਡੀ ਏ ਨੂੰ 100 ਤੋਂ ਵੱਧ ਸੀਟਾਂ ਨਹੀਂ ਮਿਲਣੀਆਂ: ਦੀਪਾਂਕਰ
ਸੀ ਪੀ ਆਈ (ਐੱਮ ਐੱਲ)-ਲਿਬਰੇਸ਼ਨ ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਨੇ ਬਿਹਾਰ ਚੋਣਾਂ ਸਬੰਧੀ ਕਿਹਾ ਕਿ ਪਹਿਲੇ ਗੇੜ ’ਚ ਵੱਧ ਵੋਟ ਦਰ ਦਰਸਾਉਂਦੀ ਹੈ ਕਿ ਲੋਕਾਂ ਨੇ ਬਦਲਾਅ ਲਿਆਉਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਬਿਹਾਰ ਦੀਆਂ 243 ਵਿਧਾਨ ਸਭਾ ਸੀਟਾਂ ‘ਚੋਂ ਐੱਨ ਡੀ ਏ ਦੀ ਗਿਣਤੀ ਸੌ ਤੋਂ ਘੱਟ ਹੀ ਰਹਿ ਜਾਵੇਗੀ। ਘੁਸਪੈਠੀਆਂ ਦੇ ਮਾਮਲੇ ਨੂੰ ਵਰਤ ਕੇ ਭਾਜਪਾ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ, ਜਦਕਿ ਘੁਸਪੈਠ ਨੂੰ ਰੋਕਣਾ ਸਰਕਾਰ ਦੀ ਜ਼ਿੰਮੇਵਾਰੀ ਹੈ।
ਉਨ੍ਹਾਂ ਕਿਹਾ ਕਿ ਪਹਿਲੇ ਗੇੜ ’ਚ ਵੱਧ ਮਤਦਾਨ ਦਰਸਾਉਂਦਾ ਹੈ ਕਿ ਲੋਕ ਸਰਕਾਰ ਦੇ ਵਿਰੁੱਧ ਵੋਟ ਪਾ ਰਹੇ ਹਨ। ਚੋਣਾਂ ਵਿੱਚ ‘ਇੰਡੀਆ’ ਗੱਠਜੋੜ ਨੂੰ 140 ਤੋਂ 150 ਸੀਟਾਂ ਮਿਲਣਗੀਆਂ ਤੇ ਐੱਨ ਡੀ ਏ 100 ਤੋਂ ਘੱਟ ’ਤੇ ਹੀ ਸਿਮਟ ਕੇ ਰਹਿ ਜਾਵੇਗਾ। ਕਾਂਗਰਸ ਵੱਲੋਂ ਭਾਜਪਾ ’ਤੇ ਲਾਏ ਵੋਟ ਚੋਰੀ ਦੇ ਦੋਸ਼ਾਂ ਦਾ ਸਮਰਥਨ ਕਰਦੇ ਹੋਏ ਸ੍ਰੀ ਭੱਟਾਚਾਰੀਆ ਨੇ ਕਿਹਾ ਲੋਕ ਇਸ ਦਾ ਜਵਾਬ ਚੋਣਾਂ ਵਿੱਚ ਦੇਣਗੇ। ਉਨ੍ਹਾਂ ਚੋਣਾਂ ਵਿੱਚ ਮਜ਼ਬੂਤ ਮੁੱਦੇ ਚੁੱਕਣ ’ਤੇ ਤੇਜਸਵੀ ਯਾਦਵ ਦੀ ਸ਼ਲਾਘਾ ਕੀਤੀ। ਉਨ੍ਹਾਂ ਐੱਨ ਡੀ ਏ ਸਰਕਾਰ ’ਤੇ ਦੋਸ਼ ਲਾਇਆ ਕਿ ਸਰਕਾਰ ਬਿਹਾਰ ਵਿੱਚ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਨਸ਼ਟ ਕਰਨ ’ਤੇ ਤੁਲੀ ਹੈ, ਇਸ ਦੀ ਜਾਂਚ ਹੋਣੀ ਚਾਹੀਦੀ ਹੈ।
