ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਕਸਲੀ ਆਗੂ ਅਜ਼ੀਜ਼-ਉਲ ਹੱਕ ਦਾ ਦੇਹਾਂਤ

ਬੰਗਾਲ ਦੀ ਕੱਟਡ਼ਪੰਥੀ ਸਿਆਸਤ ਦੇ ਇਕ ਯੁੱਗ ਦਾ ਅੰਤ
Advertisement

ਸੀਨੀਅਰ ਨਕਸਲੀ ਆਗੂ ਅਜ਼ੀਜ਼-ਉਲ ਹੱਕ ਦਾ ਅੱਜ ਕੋਲਕਾਤਾ ਵਿੱਚ ਦੇਹਾਂਤ ਹੋ ਗਿਆ ਅਤੇ ਇਸ ਦੇ ਨਾਲ ਹੀ 1960 ਤੇ 1970 ਦੇ ਦਹਾਕੇ ਵਿੱਚ ਪੂਰੇ ਦੇਸ਼ ਨੂੰ ਹਿਲਾ ਕੇ ਰੱਖਣ ਵਾਲੇ ਬੰਗਾਲ ਦੇ ਕੱਟੜਵਾਦੀ ਖੱਬੇ ਪੱਖੀ ਇਤਿਹਾਸ ਦੇ ਖੂਨ ਨਾਲ ਭਿੱਜੇ ਹੋਏ ਅਧਿਆਏ ਦਾ ਵੀ ਅੰਤ ਹੋ ਗਿਆ। ਹੱਕ ਇਕ ਕਵੀ, ਸਿਆਸੀ ਵਿਚਾਰਕ ਅਤੇ ਭਾਰਤ ਦੇ ਨਕਸਲੀ ਵਿਦਰੋਹ ਦੇ ਆਖ਼ਰੀ ਉੱਘੇ ਆਗੂਆਂ ਵਿੱਚੋਂ ਇਕ ਸਨ। ਉਹ 83 ਸਾਲਾਂ ਦੇ ਸਨ।

ਹਾਵੜਾ ਵਿੱਚ 1942 ’ਚ ਜਨਮੇ ਹੱਕ, ਨਕਸਲੀ ਆਗੂਆਂ ਦੀ ਉਸ ਪੀੜ੍ਹੀ ’ਚੋਂ ਸਨ ਜੋ ਮੰਨਦੇ ਸਨ ਕਿ ‘ਬੋਂਦੂਕਰ ਨੋਲ-ਆਈ, ਖੋਮੋਤਾਰ ਉਤਸਾ’ (ਸਿਆਸੀ ਤਾਕਤ ਬੰਦੂਕ ਦੀ ਨਾਲੀ ’ਚੋਂ ਨਿਕਲਦੀ ਹੈ)। ਇਹ ਸਿਧਾਂਤ ਉਨ੍ਹਾਂ ਦੇ ਵਿਚਾਰਕ ਗੁਰੂ ਚਾਰੂ ਮਜੂਮਦਾਰ ਵੱਲੋਂ ਲੋਕਪ੍ਰਿਅ ਬਣਾਇਆ ਗਿਆ ਸੀ, ਜਿਨ੍ਹਾਂ ਨੇ 60 ਤੇ 70 ਦੇ ਦਹਾਕੇ ਵਿੱਚ ਭਾਰਤ ’ਚ ਮਾਓ ਜੇ ਤੁੰਗ ਦੇ ਨਾਅਰੇ ਨੂੰ ਲੋਕਪ੍ਰਿਯ ਬਣਾਇਆ ਸੀ। ਕਦੇ ਸੀਪੀਆਈ (ਐੱਮਐੱਲ) ਦੀ ਦੂਜੀ ਕੇਂਦਰੀ ਕਮੇਟੀ ਦੇ ਮੁਖੀ ਰਹੇ ਹੱਕ ਲੰਬੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸਨ। ਘਰ ’ਚ ਡਿੱਗਣ ਕਾਰਨ ਉਨ੍ਹਾਂ ਦਾ ਹੱਥ ਟੁੱਟ ਗਿਆ ਸੀ ਅਤੇ ਉਨ੍ਹਾਂ ਨੂੰ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਬਾਅਦ ਦੁਪਹਿਰ 2.28 ਵਜੇ ਆਖ਼ਰੀ ਸਾਹ ਲਏ।

Advertisement

ਜੁਝਾਰੂ ਤੇ ਦ੍ਰਿੜ੍ਹ ਸੰਕਲਪ ਵਾਲੇ ਆਗੂ ਸੀ ਹੱਕ: ਮਮਤਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਹੱਕ ਦੇ ਦੇਹਾਂਤ ’ਤੇ ਡੂੰਘਾ ਦੁੱਖ ਜ਼ਾਹਿਰ ਕਰਦੇ ਹੋਏ ਉਨ੍ਹਾਂ ਨੂੰ ਇਕ ਯੋਧਾ ਦੱਸਿਆ, ਜੋ ਕਿ ਆਪਣੀ ਲੰਬੀ ਸਿਆਸੀ ਜ਼ਿੰਦਗੀ ਵਿੱਚ ਕਦੇ ਨਹੀਂ ਝੁਕਿਆ। ਉਨ੍ਹਾਂ ‘ਐਕਸ’ ਉੱਤੇ ਲਿਖਿਆ, ‘‘ਮੈਂ ਸੀਨੀਅਰ ਸਿਆਸੀ ਆਗੂ ਅਜ਼ੀਜ਼-ਉਲ ਹੱਕ ਦੇ ਦੇਹਾਂਤ ’ਤੇ ਆਪਣੀ ਸੰਵੇਦਨਾ ਜ਼ਾਹਿਰ ਕਰਦੀ ਹਾਂ। ਅਜ਼ੀਜ਼-ਉਲ ਹੱਕ ਇਕ ਜੁਝਾਰੂ ਤੇ ਦ੍ਰਿੜ੍ਹ ਸੰਕਲਪ ਵਾਲੇ ਆਗੂ ਸੀ। ਆਪਣੇ ਲੰਬੇ ਸਿਆਸੀ ਜੀਵਨ ਵਿੱਚ ਉਨ੍ਹਾਂ ਨੇ ਕਦੇ ਆਪਣਾ ਸਿਰ ਨਹੀਂ ਝੁਕਾਇਆ। ਮੈਂ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕਰਦੀ ਹਾਂ।’’

Advertisement