ਨਕਸਲਵਾਦ ਜਲਦੀ ਇਤਿਹਾਸ ਬਣ ਕੇ ਰਹਿ ਜਾਵੇਗਾ: ਰਾਜਨਾਥ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਪੁਲੀਸ ਤੇ ਸੁੁਰੱਖਿਆ ਬਲਾਂ ਦੇ ਅਣਥੱਕ ਯਤਨਾਂ ਸਦਕਾ ਖੱਬੇ ਪੱਖੀ ਕੱਟੜਵਾਦ (LWE) ਜਲਦੀ ਹੀ ਭਾਰਤ ਵਿਚ ਬੀਤੇ ਦੀ ਗੱਲ ਬਣ ਕੇ ਰਹਿ ਜਾਵੇਗਾ। ਸਿੰਘ ਇਥੇ ਪੁਲੀਸ ਯਾਦਗਾਰ ਦਿਵਸ ਮੌਕੇ ਬੋਲ ਰਹੇ ਸਨ। ਉਨ੍ਹਾਂ ਨੇ ਕੇਂਦਰੀ ਦਿੱਲੀ ਦੇ ਚਾਣਕਿਆਪੁਰੀ ਵਿੱਚ ਰਾਸ਼ਟਰੀ ਪੁਲੀਸ ਯਾਦਗਾਰ ਵਿਖੇ ਫੁੱਲਮਾਲਾ ਭੇਟ ਕੀਤੀ ਅਤੇ ਇੱਕ ਰਸਮੀ ਗਾਰਡ ਤੋਂ ਸਲਾਮੀ ਲਈ।
ਸਿੰਘ ਨੇ ਸੁਰੱਖਿਆ ਬਲਾਂ ਨੂੰ ਆਪਣੇ ਸੰਬੋਧਨ ਵਿਚ ਕਿਹਾ, ‘‘ਨਕਸਲੀਆਂ ਵਿਰੁੱਧ ਮੁਹਿੰਮ ਦੀ ਸਫਲਤਾ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਮਾਓਵਾਦੀ, ਜਿਨ੍ਹਾਂ ਨੇ ਕਦੇ ਰਾਜ ਵਿਰੁੱਧ ਹਥਿਆਰ ਚੁੱਕੇ ਸਨ, ਅੱਜ ਆਤਮ ਸਮਰਪਣ ਕਰ ਰਹੇ ਹਨ ਅਤੇ ਖ਼ੁਦ ਨੂੰ ਵਿਕਾਸ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰ ਰਹੇ ਹਨ।’’ ਉਨ੍ਹਾਂ ਕਿਹਾ, ‘‘ਸੁਰੱਖਿਆ ਬਲਾਂ ਦੇ ਅਣਥੱਕ ਯਤਨਾਂ ਕਾਰਨ, ਇਹ ਸਮੱਸਿਆ ਹੁਣ ਇਤਿਹਾਸ ਬਣਨ ਦੀ ਕਗਾਰ ’ਤੇ ਹੈ। ਸਾਡੇ ਸਾਰੇ ਸੁਰੱਖਿਆ ਬਲ ਇਸ ਲਈ ਵਧਾਈ ਦੇ ਹੱਕਦਾਰ ਹਨ।’’ ਕਾਬਿਲੇਗੌਰ ਹੈ ਕਿ ਕੇਂਦਰ ਨੇ ਐਲਾਨ ਕੀਤਾ ਹੈ ਕਿ ਮਾਰਚ 2026 ਤੱਕ ਭਾਰਤ ਵਿੱਚ ਨਕਸਲੀਆਂ ਦੀ ਅਲਾਮਤ ਖਤਮ ਹੋ ਜਾਵੇਗੀ।
ਸਿੰਘ ਨੇ ਕਿਹਾ, ‘‘ਲੰਬੇ ਸਮੇਂ ਤੋਂ, ਨਕਸਲਵਾਦ ਸਾਡੀ ਅੰਦਰੂਨੀ ਸੁਰੱਖਿਆ ਲਈ ਸਮੱਸਿਆ ਰਿਹਾ ਹੈ। ਇੱਕ ਸਮਾਂ ਸੀ ਜਦੋਂ ਛੱਤੀਸਗੜ੍ਹ, ਝਾਰਖੰਡ, ਓਡੀਸ਼ਾ, ਆਂਧਰਾ ਪ੍ਰਦੇਸ਼, ਤਿਲੰਗਾਨਾ ਅਤੇ ਮਹਾਰਾਸ਼ਟਰ ਦੇ ਕਈ ਜ਼ਿਲ੍ਹੇ ਨਕਸਲਵਾਦ ਤੋਂ ਪ੍ਰਭਾਵਿਤ ਸਨ। ਪਿੰਡਾਂ ਵਿੱਚ ਸਕੂਲ ਬੰਦ ਸਨ, ਸੜਕਾਂ ਨਹੀਂ ਸਨ ਅਤੇ ਲੋਕ ਡਰ ਵਿੱਚ ਰਹਿੰਦੇ ਸਨ। ਅਸੀਂ ਅਹਿਦ ਲਿਆ ਕਿ ਇਸ ਸਮੱਸਿਆ ਨੂੰ ਹੋਰ ਸਿਰ ਚੁੱਕਣ ਨਹੀਂ ਦੇਵਾਂਗੇ। ਸਾਡੀ ਪੁਲੀਸ, ਸੀਆਰਪੀਐਫ, ਬੀਐਸਐਫ ਅਤੇ ਸਥਾਨਕ ਪ੍ਰਸ਼ਾਸਨ ਨੇ ਜਿਸ ਤਰ੍ਹਾਂ ਸੰਗਠਿਤ ਢੰਗ ਨਾਲ ਇਕੱਠੇ ਕੰਮ ਕੀਤਾ ਹੈ, ਉਹ ਸ਼ਲਾਘਾਯੋਗ ਹੈ।’’