ਨਕਸਲਵਾਦ ਵਿਕਾਸ ਦੀ ਰਾਹ ’ਚ ਅੜਿੱਕਾ: ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਐੱਨ ਡੀ ਏ ਸਰਕਾਰ ਨੇ ਛੱਤੀਸਗੜ੍ਹ ਦੀ ਬਸਤਰ ਡਿਵੀਜ਼ਨ ਨੂੰ ਅਗਲੇ ਪੰਜ ਸਾਲਾਂ ਵਿੱਚ ਸਭ ਤੋਂ ਵਿਕਸਿਤ ਕਬਾਇਲੀ ਖੇਤਰ ਬਣਾਉਣ ਦਾ ਅਹਿਦ ਲਿਆ ਹੈ। ਸ਼ਾਹ ਨੇ ਕਿਹਾ ਕਿ ਨਕਸਲਵਾਦ ਦਾ ਕਿਸੇ ਨੂੰ ਲਾਭ ਨਹੀਂ ਹੁੰਦਾ, ਨਾ ਹਥਿਆਰ ਚੁੱਕਣ ਵਾਲਿਆਂ ਨੂੰ ਅਤੇ ਨਾ ਸੁਰੱਖਿਆ ਮੁਲਾਜ਼ਮਾਂ ਨੂੰ। ਉਨ੍ਹਾਂ ਕਿਹਾ ਕਿ ਸ਼ਾਤੀ ਹੀ ਵਿਕਾਸ ਦਾ ਰਾਹ ਪੱਧਰਾ ਕਰ ਸਕਦੀ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ 31 ਮਾਰਚ 2026 ਤਕ ਨਕਸਲਵਾਦ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ।
ਗ੍ਰਹਿ ਮੰਤਰੀ ਬਸਤਰ ਜ਼ਿਲ੍ਹੇ ਦੇ ਜਗਦਲਪੁਰ ਵਿੱਚ ਇੰਦਰਾ ਪ੍ਰਿਯਾਦਰਸ਼ਨੀ ਸਟੇਡੀਅਮ ਵਿੱਚ ਬਸਤਰ ਓਲੰਪਿਕ ਖੇਡਾਂ -2025 ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਮਾਓਵਾਦੀਆਂ ਨੂੰ ਹਥਿਆਰ ਛੱਡ ਕੇ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਬਸਤਰ ਡਿਵੀਜ਼ਨ ਦੇ ਸੱਤ ਜ਼ਿਲ੍ਹਿਆਂ ਕਾਂਕੇਰ, ਕੋਂਡਾਗਾਓਂ, ਬਸਤਰ, ਸੁਕਮਾ, ਬੀਜਾਪੁਰ, ਨਾਰਾਇਣਪੁਰ ਅਤੇ ਦਾਂਤੇਵਾੜਾ ਨੂੰ ਦਸੰਬਰ 2030 ਤਕ ਮੁਲਕ ਦੇ ਸਭ ਤੋਂ ਵਿਕਸਿਤ ਕਬਾਇਲੀ ਜ਼ਿਲ੍ਹਿਆਂ ਵਜੋਂ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਨੇ ਗੁਮਰਾਹ ਹੋਏ ਨੌਜਵਾਨਾਂ ਨੂੰ ਮੁੜ ਵਸੇਬਾ ਨੀਤੀ ਦਾ ਲਾਭ ਚੁੱਕਣ ਅਤੇ ਸਨਮਾਨਯੋਗ ਜੀਵਨ ਜੀਉਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਬਸਤਰ ਓਲੰਪਿਕ ਵਿੱਚ ਆਤਮ-ਸਮਰਪਣ ਕਰ ਚੁੱਕੇ 700 ਤੋਂ ਵਧ ਨੌਜਵਾਨਾਂ ਨੇ ਹਿੱਸਾ ਲਿਆ, ਜੋ ਵੰਡ ਦੀ ਥਾਂ ਏਕਤਾ ਅਤੇ ਵਿਨਾਸ਼ ਦੀ ਥਾਂ ਵਿਕਾਸ ਦੀ ਰਾਹ ਚੁਣਨ ਦਾ ਪ੍ਰਤੀਕ ਹੈ।
