ਅਪਰੇਸ਼ਨ ਸਿੰਧੂਰ ’ਚ ਜਲ ਸੈਨਾ ਨੇ ਤਾਕਤ ਦਾ ਮੁਜ਼ਾਹਰਾ ਕੀਤਾ: ਜਲ ਸੈਨਾ ਮੁਖੀ
ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਨੇ ਅੱਜ ਕਿਹਾ ਕਿ ਅਪਰੇਸ਼ਨ ਸਿੰਧੂਰ ਵਿੱਚ ਪਹਿਲਗਾਮ ਹਮਲੇ ਤੋਂ ਬਾਅਦ ਭਾਰਤੀ ਜਲ ਸੈਨਾ ਦੀ ਤਿਆਰੀ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਤੇਜ਼ੀ ਨਾਲ ਤਾਇਨਾਤੀ, ਹਮਲੇ ਅਤੇ ਜੰਗੀ ਹੁਨਰ ਸ਼ਾਮਲ ਸੀ। ਇਸ ਕਾਰਨ ਪਾਕਿਸਤਾਨੀ ਬੇੜੇ ਆਪਣੀਆਂ ਬੰਦਰਗਾਹਾਂ ਦੇ ਅੰਦਰ ਹੀ ਰਹੇ। ਐਡਮਿਰਲ ਤ੍ਰਿਪਾਠੀ ਨੇ ਕਿਹਾ, ‘‘ਜਦੋਂ ਦੁਨੀਆਂ ਦੇ ਸਮੁੰਦਰ ਅਸ਼ਾਂਤ ਹੁੰਦੇ ਹਨ ਤਾਂ ਦੁਨੀਆ ਸਥਿਰ ਲਾਈਟ-ਹਾਊਸ ਦੀ ਭਾਲ ਕਰਦੀ ਹੈ। ਭਾਰਤ ਉਹ ਭੂਮਿਕਾ ਨਿਭਾਅ ਸਕਦਾ ਹੈ ਅਤੇ ਸਮੁੰਦਰ ਵਿੱਚ ਭਾਰਤੀ ਜਲ ਸੈਨਾ ਦੀਆਂ ਕਾਰਵਾਈਆਂ ਇਸ ਭੂਮਿਕਾ ਨੂੰ ਦਰਸਾਉਂਦੀਆਂ ਹਨ।’’ ਉਹ ਨੇਵੀ ਫਾਊਂਡੇਸ਼ਨ ਪੁਣੇ ਵੱਲੋਂ ਕਰਵਾਏ ਐਡਮਿਰਲ ਜੇ ਜੀ ਨਾਦਕਰਨੀ ਯਾਦਗਾਰੀ ਭਾਸ਼ਣ ਦੌਰਾਨ ਸੰਬੋਧਨ ਕਰ ਰਹੇ ਸਨ। ਐਡਮਿਰਲ ਨੇ ਕਿਹਾ, ‘‘ਭਾਰਤੀ ਜਲ ਸੈਨਾ ਆਪਣੀ ਲੜਾਈ ਦੀ ਤਿਆਰੀ ਲਈ ਜਾਣੀ ਜਾਂਦੀ ਹੈ ਅਤੇ ਅਸੀਂ ਹਮੇਸ਼ਾ ਲੜਾਈ ਲਈ ਤਿਆਰ ਰਹਿੰਦੇ ਹਾਂ ਭਾਵੇਂ ਉਹ ਘੱਟ ਹੀ ਕਿਉਂ ਨਾ ਹੋਵੇ ਪਰ ਹੁਣ ਕੀ ਬਦਲਿਆ ਹੈ? ਅੱਜ, ਸੰਘਰਸ਼ ਬਿਨਾਂ ਕਿਸੇ ਨੋਟਿਸ ਦੇ ਹੋ ਰਹੇ ਹਨ, ਜੋ ਸਾਡੀ ਲਗਾਤਾਰ ਤਿਆਰੀ ਦਾ ਨਵਾਂ ਮਾਡਲ ਲਿਆਏ ਹਨ। ਅਪਰੇਸ਼ਨ ਸਿੰਧੂਰ ਇਸ ਦੀ ਵਿਲੱਖਣ ਮਿਸਾਲ ਹੈ।’’
