ਨਵਨੀਤ ਚਤੁਰਵੇਦੀ ਨੂੰ ਸੱਤ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ
ਰੂਪਨਗਰ ਪੁਲੀਸ ਨੇ ਰਾਜ ਸਭਾ ਨਾਮਜ਼ਦਗੀ ਵਿੱਚ ਬੇਨਿਯਮੀਆਂ ਅਤੇ ਹੋਰ ਖੁਲਾਸਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਅਦਾਲਤ ਤੋਂ ਦਸ ਦਿਨਾਂ ਦਾ ਪੁਲਿਸ ਰਿਮਾਂਡ ਮੰਗਿਆ। ਅਦਾਲਤ ਨੇ ਸੱਤ ਦਿਨਾਂ ਦਾ ਪੁਲੀਸ ਰਿਮਾਂਡ ਦੇ ਦਿੱਤਾ। ਸੀਜੇਐੱਮ ਰੂਪਨਗਰ ਨੇ ਚੰਡੀਗੜ੍ਹ ਪੁਲੀਸ ਨੂੰ ਗ੍ਰਿਫ਼ਤਾਰੀ ਵਾਰੰਟ ’ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿਚ ਸਹਿਯੋਗ ਕਰਨ ਦੇ ਨਿਰਦੇਸ਼ ਦਿੱਤੇ ਸਨ, ਜਿਸ ਉਪਰੰਤ ਰੂਪਨਗਰ ਪੁਲੀਸ ਚਤੁਰਵੇਦੀ ਨੂੰ ਗ੍ਰਿਫ਼ਤਾਰ ਕਰਕੇ ਦੇਰ ਸ਼ਾਮ ਰੂਪਨਗਰ ਲੈ ਕੇ ਪੁੱਜੀ ਸੀ। ਉਨ੍ਹਾਂ ਸੈਕਟਰ 3 ਥਾਣੇ ਦੇ ਐੱਸਐੱਚਓ ਨੂੰ ਵੀ ਅਦਾਲਤ ਵਿਚ ਪੇਸ਼ ਹੋਣ ਅਤੇ ਆਪਣਾ ਪੱਖ ਪੇਸ਼ ਕਰਨ ਲਈ ਤਲਬ ਕੀਤਾ ਸੀ। ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਦਰਜ ਕਰਵਾਈ ਐੱਫਆਈਆਰ ਵਿੱਚ ਕਿਹਾ ਹੈ ਕਿ ਮੁਲਜ਼ਮ ਨਵਨੀਤ ਚਤੁਰਵੇਦੀ, ਜੋ ਜੈਪੁਰ (ਰਾਜਸਥਾਨ) ਦੇ ਪ੍ਰਤਾਪ ਨਗਰ ਵਿਚ ਸਰਯੂ ਅਪਾਰਟਮੈਂਟਸ ਦੇ ਘਰ ਨੰਬਰ 402 ਵਿਚ ਰਹਿੰਦਾ ਹੈ, ਨੇ ਆਪਣੀ ਰਾਜ ਸਭਾ ਨਾਮਜ਼ਦਗੀ ਦੌਰਾਨ ਨਾ ਸਿਰਫ਼ ਵਿਧਾਨ ਸਭਾ ਵਿੱਚ ਫ਼ਰਜ਼ੀ ਦਸਤਾਵੇਜ਼ ਪੇਸ਼ ਕੀਤੇ, ਸਗੋਂ ਉਨ੍ਹਾਂ ਨੂੰ ਇੰਟਰਨੈੱਟ ’ਤੇ ਵੀ ਪ੍ਰਸਾਰਿਤ ਕੀਤਾ।