ਨਵਾਰੋ ਵੱਲੋਂ ਮੋਦੀ, ਸ਼ੀ ਅਤੇ ਪੂਤਿਨ ਦੀ ‘ਨੇੜਤਾ’ ਚਿੰਤਾਜਨਕ ਕਰਾਰ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਪਾਰਕ ਸਲਾਹਕਾਰ ਪੀਟਰ ਨਵਾਰੋ ਨੇ ਭਾਰਤ, ਰੂਸ ਅਤੇ ਚੀਨ ਦੇ ਆਗੂਆਂ ਵਿਚਕਾਰ ‘ਨੇੜਤਾ’ ਨੂੰ ਚਿੰਤਾਜਨਕ ਕਰਾਰ ਦਿੰਦਿਆਂ ਕਿਹਾ ਹੈ ਕਿ ਭਾਰਤ ਨੂੰ ਰੂਸ ਦੀ ਬਜਾਇ ਵਾਸ਼ਿੰਗਟਨ, ਯੂਰੋਪ ਅਤੇ ਯੂਕਰੇਨ ਨਾਲ ਖੜ੍ਹਨਾ ਚਾਹੀਦਾ ਹੈ। ਉਨ੍ਹਾਂ ਦੀ ਇਹ ਟਿੱਪਣੀ ਤਿਆਨਜਿਨ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਸਾਲਾਨਾ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ‘ਨੇੜਤਾ’ ਦਿਖਾਉਣ ਮਗਰੋਂ ਆਈ ਹੈ। ਤਿੰਨਾਂ ਆਗੂਆਂ ਦੀ ਇਸ ਨੇੜਤਾ ਸਬੰਧੀ ਪੁੱਛੇ ਸੁਆਲ ਦੇ ਜੁਆਬ ’ਚ ਸ੍ਰੀ ਨਵਾਰੋ ਨੇ ਵ੍ਹਾਈਟ ਹਾਊਸ ’ਚ ਕਿਹਾ,‘ਇਹ ਚਿੰਤਾਜਨਕ ਹੈ। ਕਾਫ਼ੀ ਚਿੰਤਾਜਨਕ।’ ਟਰੰਪ ਪ੍ਰਸ਼ਾਸਨ ਦੇ ਵਪਾਰ ਤੇ ਉਤਪਾਦਨ ਸਬੰਧੀ ਮਾਮਲਿਆਂ ਦੇ ਸੀਨੀਅਰ ਸਲਾਹਕਾਰ ਸ੍ਰੀ ਨਵਾਰੋ ਨੇ ਕਿਹਾ,‘ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਨੇਤਾ ਮੋਦੀ ਦਾ ਸਭ ਤੋਂ ਵੱਡੇ ਤਾਨਾਸ਼ਾਹਾਂ- ਪੂਤਿਨ ਅਤੇ ਸ਼ੀ ਜਿਨਪਿੰਗ ਨਾਲ ਦਿਖਾਈ ਦੇਣਾ ਸ਼ਰਮ ਦੀ ਗੱਲ ਹੈ। ਇਸ ਦਾ ਕੋਈ ਅਰਥ ਨਹੀਂ ਨਿਕਲਦਾ।’ ਸ੍ਰੀ ਨਵਾਰੋ ਨੇ ਕਿਹਾ,‘ਮੈਨੂੰ ਸਮਝ ਨਹੀਂ ਆਉਂਦਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਮਨ ’ਚ ਕੀ ਹੈ, ਖ਼ਾਸ ਕਰਕੇ ਅਜਿਹੇ ਸਮੇਂ ਜਦੋਂ ਭਾਰਤ ਪਿਛਲੇ ਕਈ ਦਹਾਕਿਆਂ ਤੋਂ ਚੀਨ ਨਾਲ ਕਦੇ ਸ਼ੀਤ ਜੰਗ ਤੇ ਕਦੇ ਸਿੱਧੇ ਸੰਘਰਸ਼ ਦੀ ਸਥਿਤੀ ’ਚ ਹੈ। ਅਸੀਂ ਉਮੀਦ ਕਰਦੇ ਹਾਂ ਕਿ ਭਾਰਤੀ ਆਗੂ ਇਹ ਸਮਝਣਗੇ ਕਿ ਉਨ੍ਹਾਂ ਨੂੰ ਰੂਸ ਦੇ ਨਾਲ ਨਹੀਂ ਬਲਕਿ ਸਾਡੇ, ਯੂਰੋਪ ਤੇ ਯੂਕਰੇਨ ਨਾਲ ਹੋਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਰੂਸ ਤੋਂ ਤੇਲ ਖ਼ਰੀਦਣਾ ਵੀ ਬੰਦ ਕਰਨਾ ਚਾਹੀਦਾ ਹੈ।’ -ਪੀਟੀਆਈ
ਭਾਰਤ ਅਤੇ ਅਮਰੀਕਾ ਮਸਲੇ ਦਾ ਹੱਲ ਕੱਢ ਲੈਣਗੇ: ਬੇਸੈਂਟ
ਨਿਊਯਾਰਕ/ਵਾਸ਼ਿੰਗਟਨ: ਅਮਰੀਕਾ ਵੱਲੋਂ ਮੁਲਕ ’ਚ ਦਰਾਮਦ ਹੋਣ ਵਾਲੀਆਂ ਭਾਰਤੀ ਵਸਤਾਂ ’ਤੇ ਟੈਰਿਫ ਵਧਾਉਣ ਮਗਰੋਂ ਦੋਵਾਂ ਮੁਲਕਾਂ ਦੇ ਸਬੰਧਾਂ ’ਚ ਆਏ ਤਣਾਅ ਦਰਮਿਆਨ ਅਮਰੀਕਾ ਦੇ ਵਿੱਤ ਮੰਤਰੀ ਸਕੌਟ ਬੇਸੈਂਟ ਨੇ ਕਿਹਾ ਹੈ ਕਿ ਆਖ਼ਰਕਾਰ ਦੋਵੇਂ ਮਹਾਨ ਮੁਲਕ ਇਸ ਮਸਲੇ ਦਾ ਹੱਲ ਕੱਢ ਲੈਣਗੇ। ਉਨ੍ਹਾਂ ਕਿਹਾ ਕਿ ਭਾਰਤ ਦੇ ਨੈਤਿਕ ਤੌਰ ’ਤੇ ਰੂਸ ਦੇ ਮੁਕਾਬਲੇ ਸਾਡੇ (ਅਮਰੀਕਾ) ਅਤੇ ਚੀਨ ਦੇ ਨੇੜੇ ਹੈ। ਉਨ੍ਹਾਂ ‘ਫੌਕਸ ਨਿਊਜ਼’ ਨੂੰ ਦਿੱਤੀ ਇੰਟਰਵਿਊ ’ਚ ਸ਼ੰਘਾਈ ਸਹਿਯੋਗ ਸੰਗਠਨ ਦੇ ਸਿਖਰ ਸੰਮੇਲਨ ਨੂੰ ‘ਮੁੱਖ ਤੌਰ ’ਤੇ ਦਿਖਾਵਾ’ ਕਰਾਰ ਦਿੱਤਾ। ਸ੍ਰੀ ਬੇਸੈਂਟ ਦੀਆਂ ਇਹ ਟਿੱਪਣੀ ਚੀਨ ਦੇ ਸ਼ਹਿਰ ਤਿਆਨਜਿਨ ’ਚ ਸਿਖ਼ਰ ਸੰਮੇਲਨ ਦੇ ਮੱਦੇਨਜ਼ਰ ਆਈਆਂ ਹਨ। ਉਨ੍ਹਾਂ ਕਿਹਾ,‘ਮੈਨੂੰ ਲੱਗਦਾ ਹੈ ਕਿ ਆਖ਼ਰਕਾਰ ਇਹ ਦੋ ਮਹਾਨ ਮੁਲਕ ਇਸ ਮੁੱਦੇ ਨੂੰ ਸੁਲਝਾ ਲੈਣਗੇ ਪਰ ਰੂਸ ਤੋਂ ਤੇਲ ਖ਼ਰੀਦਣ ਤੇ ਉਸ ਨੂੰ ਅੱਗੇ ਵੇਚਣ ਦੇ ਮਾਮਲੇ ਵਿੱਚ ਭਾਰਤੀਆਂ ਨੇ ਚੰਗਾ ਨਹੀਂ ਕੀਤਾ। ਇਸ ਨਾਲ ਯੂਕਰੇਨ ’ਚ ਰੂਸ ਵੱਲੋਂ ਕੀਤੇ ਜਾ ਰਹੇ ਹਮਲਿਆਂ ਨੂੁੰ ਵਿੱਤੀ ਮਦਦ ਮਿਲੀ ਹੈ।’ ਦੂਜੇ ਪਾਸੇ, ਭਾਰਤ ਨੇ ਉਸ ਵੱਲੋਂ ਰੂਸ ਤੋਂ ਕੱਚੇ ਤੇਲ ਦੀ ਖ਼ਰੀਦ ਦੇ ਪੱਖ ’ਚ ਕਿਹਾ ਕਿ ਉਸਦੀਆਂ ਊਰਜਾ ਲੋੜਾਂ ਕੌਮੀ ਹਿੱਤਾਂ ਤੇ ਬਾਜ਼ਾਰ ’ਤੇ ਅਧਾਰਿਤ ਹਨ। ‘ਫੌਕਸ ਨਿਊਜ਼’ ਅਨੁਸਾਰ ਅਮਰੀਕਾ ਅਤੇ ਭਾਰਤ ਦੀ ਵਪਾਰਕ ਗੱਲਬਾਤ ’ਚ ਧੀਮੀ ਗਤੀ ਨੂੰ ਵੀ ਵ੍ਹਾਈਟ ਹਾਊਸ ਵੱਲੋਂ ਭਾਰਤ ’ਤੇ ਟੈਰਿਫ ਵਧਾਉਣ ਦੇ ਇੱਕ ਕਾਰਨ ਵਜੋਂ ਦੇਖਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਬੇਸੈਂਟ, ਐੱਸ ਸੀ ਓ ਸਿਖ਼ਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਹੋਈਆਂ ਮੀਟਿੰਗਾਂ ਸਬੰਧੀ ਪੁੱਛੇ ਸੁਆਲਾਂ ਦੇ ਜੁਆਬ ਦੇ ਰਹੇ ਸਨ। -ਪੀਟੀਆਈ