ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੁਦਰਤ ਦੀ ਤੜ: ਦਰਿਆਵਾਂ ਦੇ ਪਾਣੀ ਨੇ ਭੁਲਾ ਦਿੱਤੇ ਪੁਰਾਣੇ ਹੜ੍ਹ

ਮੌਤਾਂ ਦੀ ਗਿਣਤੀ 26 ਹੋਈ; ਸੂਬੇ ਦੇ 1300 ਤੋਂ ਵੱਧ ਪਿੰਡ ਹੜ੍ਹਾਂ ਦੀ ਲਪੇਟ ’ਚ
ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ 15 ਦਿਨਾਂ ਦੇ ਬੱਚੇ ਨੂੰ ਸੁਰੱਖਿਅਤ ਥਾਂ ’ਤੇ ਲਿਜਾਂਦੇ ਹੋਏ ਫ਼ੌਜ ਦੇ ਜਵਾਨ। -ਫੋਟੋ: ਪੀਟੀਆਈ
Advertisement

ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ’ਚ ਅੱਜ ਦੋ ਹੋਰ ਵਿਅਕਤੀਆਂ ਦੀ ਮੌਤ ਨਾਲ ਹੁਣ ਤੱਕ ਕਰੀਬ 26 ਜਾਨਾਂ ਜਾ ਚੁੱਕੀਆਂ ਹਨ ਪਰ ਹਾਲੇ ਵੀ ਤੇਜ਼ ਰਫ਼ਤਾਰ ਪਾਣੀ ਠੱਲ੍ਹ ਨਹੀਂ ਰਿਹਾ ਹੈ। ਰਾਵੀ ਤੇ ਬਿਆਸ ਦਰਿਆਵਾਂ ਨੇ ਸਰਹੱਦੀ ਜ਼ਿਲ੍ਹਿਆਂ ਨੂੰ ਪਾਣੀ-ਪਾਣੀ ਕਰ ਦਿੱਤਾ ਹੈ। ਦਰਿਆਈ ਪਾਣੀ ਦੀ ਸਭ ਤੋਂ ਵੱਧ ਮਾਰ ਝੱਲਣ ਵਾਲੇ ਅਜਨਾਲਾ ਅਤੇ ਡੇਰਾ ਬਾਬਾ ਨਾਨਕ ਹੁਣ ਕੁਦਰਤੀ ਕਹਿਰ ਦੇ ਮੁੱਖ ਕੇਂਦਰ ਬਣ ਗਏ ਹਨ। ਇਨ੍ਹਾਂ ਹੜ੍ਹਾਂ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਝੰਬ ਕੇ ਰੱਖ ਦਿੱਤਾ ਹੈ ਅਤੇ ਇਸ ਕੁਦਰਤੀ ਕਹਿਰ ਨੇ ਸਾਲ 1988 ਵਿੱਚ ਆਏ ਹੜ੍ਹਾਂ ਨੂੰ ਵੀ ਭੁਲਾ ਦਿੱਤਾ ਹੈ।

ਸਮੁੱਚੇ ਸੂਬੇ ਵਿੱਚ 1312 ਪਿੰਡ ਹੜ੍ਹਾਂ ਦੀ ਲਪੇਟ ’ਚ ਆ ਚੁੱਕੇ ਹਨ ਅਤੇ ਸੱਕੀ ਨਾਲਾ ਅਜਨਾਲਾ ਹਲਕੇ ’ਚ ਤਬਾਹੀ ਦਾ ਕਾਰਨ ਬਣ ਰਿਹਾ ਹੈ। ਪਿੰਡਾਂ ਤੋਂ ਬਾਅਦ ਹੁਣ ਹੜ੍ਹਾਂ ਦੇ ਪਾਣੀ ਦੀ ਮਾਰ ਅਜਨਾਲਾ ਸ਼ਹਿਰ ਤੱਕ ਹੋ ਗਈ ਹੈ। ਪਹਾੜਾਂ ਦੇ ਪਾਣੀ ਤੋਂ ਇਲਾਵਾ ਹੁਣ ਪੰਜਾਬ ’ਚ ਪਈ ਬਾਰਿਸ਼ ਨੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ ਬੀ ਐੱਮ ਬੀ) ਨੇ ਅੱਜ ਰਾਤ ਨੂੰ ਮੀਟਿੰਗ ਸੱਦੀ ਹੈ, ਜਿਸ ਵਿੱਚ ਡੈਮਾਂ ’ਚੋਂ ਹੋਰ ਪਾਣੀ ਛੱਡਣ ਆਦਿ ਬਾਰੇ ਫ਼ੈਸਲਾ ਹੋਣਾ ਹੈ।

Advertisement

ਮੌਸਮ ਵਿਭਾਗ ਨੇ ਪੰਜਾਬ ਦੇ ਨੌਂ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਨਵਾਂ ਸ਼ਹਿਰ, ਰੋਪੜ, ਮੁਹਾਲੀ ਅਤੇ ਫ਼ਤਹਿਗੜ੍ਹ ਸਾਹਿਬ ’ਚ ਪਹਿਲੀ ਸਤੰਬਰ ਲਈ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ ਅਤੇ 2 ਸਤੰਬਰ ਨੂੰ ਵੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਪੰਜਾਬ ਦੇ ਅੱਠ ਜ਼ਿਲ੍ਹੇ ਇਸ ਵੇਲੇ ਹੜ੍ਹਾਂ ਤੋਂ ਪ੍ਰਭਾਵਿਤ ਹਨ। ਪੰਜਾਬ ਸਰਕਾਰ ਨੇ ਸਕੂਲਾਂ ਵਿੱਚ ਛੁੱਟੀਆਂ 3 ਸਤੰਬਰ ਤੱਕ ਵਧਾ ਦਿੱਤੀਆਂ ਹਨ। ਅੱਜ ਲਹਿਰਾਗਾਗਾ ਦੇ ਪਿੰਡ ਸੰਗਤਪੁਰਾ ਵਿੱਚ ਕਰਮਜੀਤ ਸਿੰਘ ਨਾਮ ਦੀ ਇਕ ਔਰਤ ਦੀ ਛੱਤ ਤੋਂ ਡਿੱਗਣ ਕਾਰਨ ਮੌਤ ਹੋ ਗਈ।

ਮਾਧੋਪੁਰ ਹੈੱਡਵਰਕਸ ਦੇ ਫਲੱਡ ਗੇਟ ਰੁੜ੍ਹਨ ਦੌਰਾਨ ਰੁੜ੍ਹੇ ਚਾਰਜਮੈਨ ਦੀ ਲਾਸ਼ ਵੀ ਅੱਜ ਮਿਲ ਗਈ ਹੈ। ਸਰਕਾਰੀ ਰਿਪੋਰਟ ਅਨੁਸਾਰ ਪੰਜਾਬ ਦੇ ਢਾਈ ਲੱਖ ਲੋਕ ਇਸ ਵੇਲੇ ਹੜ੍ਹ ਪ੍ਰਭਾਵਿਤ ਦੱਸੇ ਜਾ ਰਹੇ ਹਨ ਅਤੇ 14,936 ਵਿਅਕਤੀਆਂ ਨੂੰ ਹੜ੍ਹ ਦੇ ਪਾਣੀ ’ਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਪੰਜਾਬ ਵਿੱਚ ਚੱਲ ਰਹੇ 122 ਰਾਹਤ ਕੈਂਪਾਂ ਵਿੱਚ 6582 ਲੋਕ ਪਹੁੰਚਾਏ ਗਏ ਹਨ। ਇਸੇ ਤਰ੍ਹਾਂ ਸੱਤ ਜ਼ਿਲ੍ਹਿਆਂ ਵਿੱਚ ਤਿੰਨ ਲੱਖ ਏਕੜ ਤੋਂ ਜ਼ਿਆਦਾ ਰਕਬੇ ਵਿੱਚ ਖੜ੍ਹੀ ਫ਼ਸਲ ਦਾ ਨੁਕਸਾਨ ਹੋ ਚੁੱਕਾ ਹੈ। ਕਈ ਜ਼ਿਲ੍ਹਿਆਂ ਵਿੱਚ ਪਸ਼ੂ ਧਨ ਦਾ ਵੀ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਪੋਲਟਰੀ ਦਾ ਵੀ ਵੱਡਾ ਨੁਕਸਾਨ ਹੋਇਆ ਹੈ।

ਰਾਵੀ ਦਰਿਆ ਵਿੱਚ ਹਾਲੇ ਵੀ 4.63 ਲੱਖ ਕਿਊਸਕ ਪਾਣੀ ਚੱਲ ਰਿਹਾ ਹੈ। ਇਸ ਦਾ ਪਾਣੀ ਸੱਕੀ ਨਾਲੇ ਵਿੱਚ ਪੈਣ ਕਾਰਨ ਹੁਣ ਅਜਨਾਲਾ ਹਲਕੇ ਦੇ ਸੈਂਕੜੇ ਪਿੰਡ ਡੁੱਬ ਗਏ ਹਨ। ਡੇਰਾ ਬਾਬਾ ਨਾਨਕ ਤੋਂ ਬਾਅਦ ਹੁਣ ਪਾਣੀ ਦਾ ਘੇਰਾ ਅਜਨਾਲਾ ਖੇਤਰ ’ਚ ਵਧਣ ਲੱਗਿਆ ਹੈ। ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਕੇਂਦਰ ਤੋਂ ਰਾਹਤ ਤੇ ਬਚਾਅ ਕਾਰਜਾਂ ਵਿੱਚ ਮਦਦ ਕਰਨ ਦੀ ਮੰਗ ਕੀਤੀ ਹੈ। ਪਹਾੜਾਂ ਵਿੱਚ ਥੋੜ੍ਹਾ ਮੀਂਹ ਘਟਣ ਨਾਲ ਡੈਮਾਂ ’ਚ ਪਾਣੀ ਦੀ ਆਮਦ ਘਟੀ ਹੈ। ਭਾਖੜਾ ਡੈਮ ਵਿੱਚ ਇਸ ਵੇਲੇ 1672.94 ਫੁੱਟ ਪਾਣੀ ਹੈ ਅਤੇ 58,704 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ। ਪੌਂਗ ਡੈਮ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ 1391 ਫੁੱਟ ਚੱਲ ਰਿਹਾ ਹੈ ਅਤੇ ਪੌਂਗ ਡੈਮ ’ਚੋਂ 1.09 ਲੱਖ ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ। ਰਣਜੀਤ ਸਾਗਰ ਡੈਮ ’ਚ ਪਾਣੀ ਦਾ ਪੱਧਰ 524.97 ਮੀਟਰ ਹੈ ਅਤੇ ਇਸ ਡੈਮ ਵਿੱਚ ਵੀ ਪਹਾੜਾਂ ’ਚੋਂ 94,838 ਕਿਊਸਕ ਪਾਣੀ ਆ ਰਿਹਾ ਹੈ।

ਮਿਲੀ ਜਾਣਕਾਰੀ ਅਨੁਸਾਰ ਬਿਆਸ ਦਰਿਆ ਵਿੱਚ ਪਾਣੀ ਮੁੜ ਵਧ ਕੇ ਢਿਲਵਾਂ ਨੇੜੇ 2.21 ਲੱਖ ਕਿਊਸਕ ’ਤੇ ਪਹੁੰਚ ਗਿਆ ਹੈ ਜਦੋਂ ਕਿ ਹਰੀਕੇ ਵਿੱਚ 2.63 ਲੱਖ ਕਿਊਸਕ ਅਤੇ ਹੁਸੈਨੀਵਾਲਾ ਕੋਲ 2.53 ਲੱਖ ਕਿਊਸਕ ਹੋ ਗਿਆ ਹੈ। ਇਸੇ ਤਰ੍ਹਾਂ ਅੱਜ ਸੋਲਨ ਅਤੇ ਸ਼ਿਮਲਾ ਵਿੱਚ ਮੀਂਹ ਪੈਣ ਕਰ ਕੇ ਘੱਗਰ ’ਚ ਮੁੜ ਤੋਂ ਪਾਣੀ ਵਧਣ ਦੀ ਸੰਭਾਵਨਾ ਹੈ। ਟਾਂਗਰੀ ਅਤੇ ਮਾਰਕੰਡਾ ਦਾ ਪਾਣੀ ਜਿਉਂ ਹੀ ਇਕੱਠਾ ਹੋ ਕੇ ਘੱਗਰ ਵਿੱਚ ਪਵੇਗਾ ਤਾਂ ਸਥਿਤੀ ਚਿੰਤਾਜਨਕ ਬਣ ਸਕਦੀ ਹੈ। ਮਾਰਕੰਡਾ ਵਿੱਚ 23,716 ਕਿਊਸਕ ਅਤੇ ਟਾਂਗਰੀ ’ਚ 32,483 ਕਿਊਸਕ ਪਾਣੀ ਦਰਜ ਕੀਤਾ ਗਿਆ ਹੈ।

ਘੱਗਰ ਦੀ ਮਾਰ ਨਾਲ ਡੇਰਾ ਬੱਸੀ ਇਲਾਕੇ ਵਿੱਚ 235 ਏਕੜ ਅਤੇ ਸੰਗਰੂਰ ’ਚ 1035 ਏਕੜ ਰਕਬੇ ਵਿੱਚ ਖੜ੍ਹੀ ਫ਼ਸਲ ਪ੍ਰਭਾਵਿਤ ਹੋ ਚੁੱਕੀ ਹੈ। ਸਰਦੂਲਗੜ੍ਹ ਨੇੜੇ ਘੱਗਰ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ ਅਤੇ ਇਸ ਵੇਲੇ 22100 ਕਿਊਸਕ ਪਾਣੀ ਦਰਜ ਕੀਤਾ ਗਿਆ ਹੈ। ਹੜ੍ਹਾਂ ਕਾਰਨ ਪਾਵਰਕੌਮ ਨੂੰ ਵੀ ਨੁਕਸਾਨ ਝੱਲਣਾ ਪੈ ਰਿਹਾ ਹੈ। ਅਪਰਬਾਰੀ ਦੁਆਬ ਕੈਨਾਲ ਹਾਈਡਲ ਪ੍ਰਾਜੈਕਟ ਬੰਦ ਹੋ ਗਿਆ ਹੈ ਅਤੇ ਮੁਕੇਰੀਆਂ ਹਾਈਡਲ ਵੀ ਅੱਧੀ ਸਮਰੱਥਾ ਨਾਲ ਚੱਲ ਰਿਹਾ ਹੈ। ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ 66 ਕੇਵੀ ਦੇ ਤਿੰਨ ਗਰਿੱਡ ਪ੍ਰਭਾਵਿਤ ਹੋਏ ਹਨ।

ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ਵਿੱਚ ਵੀ ਲੋਕਾਂ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਹਨ। ਮੁੱਖ ਸਕੱਤਰ ਕੇਏਪੀ ਸਿਨਹਾ ਅਤੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਦੋ ਦਿਨਾਂ ਤੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਅੱਜ ਬਮਿਆਲ ਅਤੇ ਨਰੋਟ ਜੈਮਲ ਸਿੰਘ ਵਾਲਾ ’ਚ ਧੁੱਸੀ ਬੰਨ੍ਹ ਦਾ ਜਾਇਜ਼ਾ ਲਿਆ। ਇਸੇ ਦੌਰਾਨ ਅੱਜ ਸਤਲੁਜ ਦੇ ਹਬੀਬ ਕੇ ਪੱਤਣ ’ਤੇ ਬੰਨ੍ਹ ਕਮਜ਼ੋਰ ਪੈ ਗਿਆ ਹੈ ਜਿਸ ਨੂੰ ਸਥਾਨਕ ਲੋਕ ਮਜ਼ਬੂਤ ਕਰਨ ਵਿੱਚ ਜੁਟ ਗਏ। ਜਲ ਸਰੋਤ ਵਿਭਾਗ ਨੇ ਕੁਤਾਹੀ ਕਰਨ ਵਾਲੇ ਇੱਕ ਐੱਸਡੀਓ ਨੂੰ ਵੀ ਮੁਅੱਤਲ ਕਰ ਦਿੱਤਾ ਹੈ।

 

ਭਾਰਤੀ ਫ਼ੌਜ ਨੇ ਸੰਭਾਲੀ ਕਮਾਨ, ਹਜ਼ਾਰਾਂ ਦੀ ਬਚੀ ਜਾਨ

ਭਾਰਤੀ ਫ਼ੌਜ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਛੁਪੇ ਰੁਸਤਮ ਵਾਂਗ ਰਾਹਤ ਕਾਰਜ ਕੀਤੇ ਜਾ ਰਹੇ ਹਨ। ਥਲ ਸੈਨਾ ਤੇ ਹਵਾਈ ਸੈਨਾ ਦੇ ਕਰੀਬ 20 ਜਹਾਜ਼ ਹੜ੍ਹਾਂ ’ਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣ ਵਿੱਚ ਲੱਗੇ ਹੋਏ ਹਨ ਅਤੇ ਕਰੀਬ 47 ਟੀਮਾਂ ਹੜ੍ਹਾਂ ਵਾਲੇ ਖੇਤਰਾਂ ’ਚ ਤਾਇਨਾਤ ਹਨ। ਭਾਰਤੀ ਫ਼ੌਜ ਵੱਲੋਂ ਕਿਸ਼ਤੀਆਂ ਰਾਹੀਂ ਲੋਕਾਂ ਨੂੰ ਹੜ੍ਹ ਦੇ ਪਾਣੀ ’ਚੋਂ ਬਾਹਰ ਕੱਢਿਆ ਜਾ ਰਿਹਾ ਹੈ। ਅੱਜ ਖੜਗਾ ਕੋਰ ਦੇ ਜਵਾਨਾਂ ਨੇ ਹੜ੍ਹ ਦੇ ਪਾਣੀ ’ਚ ਘਿਰੀ ਇਕ ਔਰਤ ਅਤੇ ਉਸ ਦੇ 15 ਦਿਨਾਂ ਦੇ ਨਵ ਜੰਮੇ ਬੱਚੇ ਨੂੰ ਇੱਕ ਕਿਸ਼ਤੀ ਦੀ ਮਦਦ ਨਾਲ ਤਿੰਨ ਕਿਲੋਮੀਟਰ ਅੰਦਰੋਂ ਕੱਢ ਕੇ ਬਾਹਰ ਲਿਆਂਦਾ। ਬੀਐੱਸਐੱਫ ਦੀ 19ਵੀਂ ਬਟਾਲੀਅਨ ਫ਼ਾਜ਼ਿਲਕਾ ਸੈਕਟਰ ਵਿੱਚ ਬਚਾਅ ਤੇ ਰਾਹਤ ਕਾਰਜਾਂ ’ਚ ਜੁਟੀ ਹੋਈ ਹੈ। ਅੱਜ ਹਰੀਕੇ ਪੱਤਣ ਲਾਗੇ ਬੰਨ੍ਹ ਦੀ ਮਜ਼ਬੂਤੀ ਲਈ ਵੀ ਫ਼ੌਜ ਜੁਟੀ ਹੋਈ ਸੀ। ਫ਼ੌਜ ਦੇ ਅਫ਼ਸਰ ਰਾਹਤ ਕਾਰਜਾਂ ਦੀ ਅਗਵਾਈ ਕਰ ਰਹੇ ਹਨ।

Advertisement
Show comments