ਮੌਨਸੂਨ ਸੀਜ਼ਨ ਵਿਚ ਕੁਦਰਤੀ ਆਫ਼ਤਾਂ ਦੇਸ਼ ਨੂੰ ਪਰਖ ਰਹੀਆਂ: ਮੋਦੀ
Mann Ki Baat: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਾਤਾਰ ਪੈ ਰਹੇ ਮੀਂਹ ਕਰ ਕੇ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਹੋਈ ਤਬਾਹੀ ’ਤੇ ਦੁੱਖ ਜਤਾਉਂਦਿਆਂ ਐਤਵਾਰ ਨੂੰ ਕਿਹਾ ਕਿ ਕੁਦਰਤੀ ਆਫ਼ਤਾਂ ਦੇਸ਼ ਨੂੰ ਪਰਖ ਰਹੀਆਂ ਹਨ। ‘ਮਨ ਕੀ ਬਾਤ’ ਪ੍ਰੋਗਰਾਮ ਦੇ 125ਵੇਂ ਐਪੀਸੋਡ ਵਿੱਚ ਮੋਦੀ ਨੇ ਵਿਨਾਸ਼ਕਾਰੀ ਕੁਦਰਤੀ ਆਫ਼ਤਾਂ ਦਰਮਿਆਨ ਜੰਮੂ-ਕਸ਼ਮੀਰ ਦੀਆਂ ਦੋ ਵੱਡੀਆਂ ਪ੍ਰਾਪਤੀਆਂ- ਪੁਲਵਾਮਾ ਵਿੱਚ ਪਹਿਲਾ ‘ਡੇਅ-ਨਾਈਟ’ ਕ੍ਰਿਕਟ ਮੈਚ ਅਤੇ ਸ੍ਰੀਨਗਰ ਦੀ ਡੱਲ ਝੀਲ ’ਤੇ ‘ਖੇਲੋ ਇੰਡੀਆ ਵਾਟਰ ਸਪੋਰਟਸ ਫੈਸਟੀਵਲ’- ਦਾ ਵੀ ਜ਼ਿਕਰ ਕੀਤਾ।
ਉਨ੍ਹਾਂ ਕਿਹਾ, ‘‘ਇਸ ਮੌਨਸੂਨ ਸੀਜ਼ਨ ਵਿੱਚ ਕੁਦਰਤੀ ਆਫ਼ਤਾਂ ਦੇਸ਼ ਨੂੰ ਪਰਖ ਰਹੀਆਂ ਹਨ। ਪਿਛਲੇ ਕੁਝ ਹਫ਼ਤਿਆਂ ਵਿੱਚ, ਅਸੀਂ ਹੜ੍ਹਾਂ ਅਤੇ ਜ਼ਮੀਨ ਖਿਸਕਣ ਨਾਲ ਭਾਰੀ ਤਬਾਹੀ ਦੇਖੀ ਹੈ। ਘਰ ਤਬਾਹ ਹੋ ਗਏ, ਖੇਤ ਡੁੱਬ ਗਏ ਅਤੇ ਪੂਰੇ ਪਰਿਵਾਰ ਬਰਬਾਦ ਹੋ ਗਏ।’’ ਉਨ੍ਹਾਂ ਮਾਸਿਕ ਰੇਡੀਓ ਪ੍ਰੋਗਰਾਮ ਦੌਰਾਨ ਕਿਹਾ, ‘‘ਪਾਣੀ ਦੇ ਬੇਰੋਕ ਵਹਾਅ ਨੇ ਪੁਲਾਂ ਨੂੰ ਵਹਾ ਦਿੱਤਾ; ਸੜਕਾਂ ਰੁੜ੍ਹ ਗਈਆਂ ਅਤੇ ਜਾਨਾਂ ਖ਼ਤਰੇ ਵਿੱਚ ਪੈ ਗਈਆਂ। ਇਨ੍ਹਾਂ ਘਟਨਾਵਾਂ ਨੇ ਹਰ ਭਾਰਤੀ ਨੂੰ ਦੁਖੀ ਕੀਤਾ ਹੈ।’’ ਪ੍ਰਧਾਨ ਮੰਤਰੀ ਨੇ ਬਚਾਅ ਕਾਰਜਾਂ ਦੌਰਾਨ ਕੌਮੀ ਆਫ਼ਤ ਰਿਸਪੌਂਸ ਬਲ (ਐਨਡੀਆਰਐਫ), ਰਾਜ ਆਫ਼ਤ ਰਿਸਪੌਂਸ ਬਲ (ਐਸਡੀਆਰਐਫ) ਅਤੇ ਸੁਰੱਖਿਆ ਬਲਾਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ।
ਉਨ੍ਹਾਂ ਕਿਹਾ, ‘‘ਜਿੱਥੇ ਵੀ ਕੋਈ ਸੰਕਟ ਆਇਆ, ਸਾਡੇ NDRF-SDRF ਦੇ ਜਵਾਨਾਂ ਅਤੇ ਹੋਰ ਸੁਰੱਖਿਆ ਬਲਾਂ ਨੇ ਲੋਕਾਂ ਨੂੰ ਬਚਾਉਣ ਲਈ ਦਿਨ ਰਾਤ ਕੰਮ ਕੀਤਾ। ਜਵਾਨਾਂ ਨੇ ਤਕਨਾਲੋਜੀ ਦੀ ਵੀ ਮਦਦ ਲਈ। ਥਰਮਲ ਕੈਮਰੇ, ਲਾਈਵ ਡਿਟੈਕਟਰ, ਸਨੀਫਰ ਕੁੱਤਿਆਂ ਅਤੇ ਡਰੋਨ ਨਿਗਰਾਨੀ ਦੀ ਮਦਦ ਨਾਲ ਰਾਹਤ ਕਾਰਜਾਂ ਨੂੰ ਤੇਜ਼ ਕਰਨ ਦੇ ਯਤਨ ਕੀਤੇ ਗਏ।’’ ਸ੍ਰੀ ਮੋਦੀ ਨੇ ਕਿਹਾ, ‘‘ਇਸ ਸਮੇਂ ਦੌਰਾਨ, ਹੈਲੀਕਾਪਟਰਾਂ ਰਾਹੀਂ ਰਾਹਤ ਸਮੱਗਰੀ ਪਹੁੰਚਾਈ ਗਈ ਅਤੇ ਜ਼ਖਮੀਆਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ’ਤੇ ਪਹੁੰਚਾਇਆ ਗਿਆ। ਆਫ਼ਤ ਦੌਰਾਨ ਹਥਿਆਰਬੰਦ ਬਲ ਮਦਦ ਲਈ ਅੱਗੇ ਆਏ। ਸਥਾਨਕ ਨਿਵਾਸੀਆਂ, ਸਮਾਜ ਸੇਵਕਾਂ, ਡਾਕਟਰਾਂ, ਪ੍ਰਸ਼ਾਸਨ ਸਾਰਿਆਂ ਨੇ ਸੰਕਟ ਦੀ ਇਸ ਘੜੀ ਵਿੱਚ ਹਰ ਸੰਭਵ ਕੋਸ਼ਿਸ਼ ਕੀਤੀ। ਮੈਂ ਉਨ੍ਹਾਂ ਸਾਰੇ ਦੇਸ਼ ਵਾਸੀਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਮੁਸ਼ਕਲ ਸਮੇਂ ਵਿੱਚ ਮਨੁੱਖਤਾ ਨੂੰ ਤਰਜੀਹ ਦਿੱਤੀ।’’
ਸ੍ਰੀ ਮੋਦੀ ਨੇ ਕਿਹਾ ਕਿ ਹੜ੍ਹਾਂ ਅਤੇ ਮੀਂਹ ਕਾਰਨ ਹੋਈ ਤਬਾਹੀ ਵਿਚਕਾਰ, ਜੰਮੂ-ਕਸ਼ਮੀਰ ਨੇ ਵੀ ਦੋ ਬਹੁਤ ਹੀ ਖਾਸ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਕਿਹਾ, ‘‘ਇਨ੍ਹਾਂ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਗਿਆ। ਪਰ ਤੁਹਾਨੂੰ ਇਨ੍ਹਾਂ ਪ੍ਰਾਪਤੀਆਂ ਬਾਰੇ ਜਾਣ ਕੇ ਖੁਸ਼ੀ ਹੋਵੇਗੀ। ਪੁਲਵਾਮਾ ਦੇ ਇੱਕ ਸਟੇਡੀਅਮ ਵਿੱਚ ਰਿਕਾਰਡ ਗਿਣਤੀ ਵਿੱਚ ਲੋਕ ਇਕੱਠੇ ਹੋਏ। ਪੁਲਵਾਮਾ ਦਾ ਪਹਿਲਾ ਡੇਅ-ਨਾਈਟ ਕ੍ਰਿਕਟ ਮੈਚ ਇੱਥੇ ਖੇਡਿਆ ਗਿਆ ਸੀ। ਪਹਿਲਾਂ ਇਹ ਅਸੰਭਵ ਸੀ, ਪਰ ਹੁਣ ਮੇਰਾ ਦੇਸ਼ ਬਦਲ ਰਿਹਾ ਹੈ।’’
ਪ੍ਰਧਾਨ ਮੰਤਰੀ ਨੇ ਕਿਹਾ, ‘‘ਦੂਜਾ ਸਮਾਗਮ ਜਿਸ ਨੇ ਧਿਆਨ ਖਿੱਚਿਆ ਉਹ ਦੇਸ਼ ਦਾ ਪਹਿਲਾ ‘ਖੇਲੋ ਇੰਡੀਆ ਵਾਟਰ ਸਪੋਰਟਸ ਫੈਸਟੀਵਲ’ ਸੀ, ਜੋ ਸ੍ਰੀਨਗਰ ਦੀ ਡੱਲ ਝੀਲ ’ਤੇ ਆਯੋਜਿਤ ਕੀਤਾ ਗਿਆ ਸੀ। ਸੱਚਮੁੱਚ, ਅਜਿਹੇ ਤਿਉਹਾਰ ਦਾ ਆਯੋਜਨ ਕਰਨ ਲਈ ਕਿੰਨੀ ਖਾਸ ਜਗ੍ਹਾ ਹੈ।’’ ਸ੍ਰੀ ਮੋਦੀ ਨੇ ਕਿਹਾ ਕਿ ਪੂਰੇ ਭਾਰਤ ਤੋਂ 800 ਤੋਂ ਵੱਧ ਅਥਲੀਟਾਂ ਨੇ ਇਸ ਵਿੱਚ ਹਿੱਸਾ ਲਿਆ। ਪ੍ਰਧਾਨ ਮੰਤਰੀ ਨੇ ਕਿਹਾ, ‘‘ਮਹਿਲਾ ਅਥਲੀਟਾਂ ਵੀ ਪਿੱਛੇ ਨਹੀਂ ਸਨ; ਉਨ੍ਹਾਂ ਦੀ ਭਾਗੀਦਾਰੀ ਲਗਪਗ ਮਰਦਾਂ ਦੇ ਬਰਾਬਰ ਸੀ। ਮੈਂ ਸਾਰੇ ਭਾਗੀਦਾਰਾਂ ਨੂੰ ਵਧਾਈ ਦਿੰਦਾ ਹਾਂ।’’