ਹਿਮਾਚਲ ’ਚ ਕੁਦਰਤੀ ਆਫ਼ਤ ਕਾਰਨ ਚਾਰ ਹਜ਼ਾਰ ਕਰੋੜ ਦਾ ਨੁਕਸਾਨ
ਹਿਮਾਚਲ ਪ੍ਰਦੇਸ਼ ’ਚ 20 ਜੂਨ ਤੋਂ ਸੱਤ ਸਤੰਬਰ ਤੱਕ ਬੱਦਲ ਫਟਣ ਮਗਰੋਂ ਭਾਰੀਂ ਮੀਂਹ, ਅਚਾਨਕ ਹੜ੍ਹ ਤੇ ਢਿੱਗਾਂ ਡਿੱਗਣ ਦੀਆਂ ਘਟਨਾਵਾਂ ’ਚ ਤਕਰੀਬਨ 4,079 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਹਿਮਾਚਲ ਪ੍ਰਦੇਸ਼ ’ਚ ਇਸ ਵਾਰ ਮੌਨਸੂਨ ’ਚ ਮੀਂਹ ਨਾਲ ਸਬੰਧਤ ਘਟਨਾਵਾਂ ਤੇ ਸੜਕ ਹਾਦਸਿਆਂ ’ਚ ਹੁਣ ਤੱਕ 366 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਰਾਜ ਐਮਰਜੈਂਸੀ ਸੰਚਾਲਨ ਕੇਂਦਰ (ਐੱਸ ਈ ਓ ਸੀ) ਅਨੁਸਾਰ ਇਨ੍ਹਾਂ 366 ਵਿਅਕਤੀਆਂ ’ਚੋਂ 203 ਦੀ ਮੌਤ ਮੀਂਹ ਕਾਰਨ ਵਾਪਰੀਆਂ ਘਟਨਾਵਾਂ ’ਚ ਹੋਈ ਹੈ ਜਿਨ੍ਹਾਂ ’ਚੋਂ 42 ਮੌਤਾਂ ਢਿੱਗਾਂ ਡਿੱਗਣ, 17 ਬੱਦਲ ਫਟਣ ਅਤੇ ਨੌਂ ਮੌਤਾਂ ਅਚਾਨਕ ਆਏ ਹੜ੍ਹ ਕਾਰਨ ਹੋਈਆਂ ਹਨ। ਐੱਸ ਈ ਓ ਸੀ ਅਨੁਸਾਰ 41 ਵਿਅਕਤੀ ਅਜੇ ਵੀ ਲਾਪਤਾ ਹਨ ਅਤੇ 163 ਮੌਤਾਂ ਹੋਰ ਹਾਦਸਿਆਂ ’ਚ ਹੋਈਆਂ ਹਨ। ਉਨ੍ਹਾਂ ਦੱਸਿਆ ਕਿ 6,025 ਘਰ ਅਤੇ 455 ਦੁਕਾਨਾਂ ਤੇ ਕਾਰਖਾਨੇ ਪੂਰੀ ਤਰ੍ਹਾਂ ਜਾਂ ਅੰਸ਼ਿਕ ਤੌਰ ’ਤੇ ਨੁਕਸਾਨੇ ਗਏ ਹਨ। ਢਿੱਗਾਂ ਡਿੱਗਣ ਦੀਆਂ ਘਟਨਾਵਾਂ ਹਰ ਦਿਨ ਵਧ ਰਹੀਆਂ ਹਨ ਅਤੇ 20 ਜੂਨ ਨੂੰ ਮੌਨਸੂਨ ਦੀ ਸ਼ੁਰੂਆਤ ਤੋਂ ਬਾਅਦ ਸੂਬੇ ਦੇ ਕਈ ਹਿੱਸਿਆਂ ’ਚ 135 ਢਿੱਗਾਂ ਡਿੱਗਣ, 95 ਅਚਾਨਕ ਹੜ੍ਹ ਆਉਣ ਤੇ 45 ਬੱਦਲ ਫਟਣ ਦੀਆਂ ਘਟਨਾਵਾਂ ਨੇ ਭਾਰੀ ਤਬਾਹੀ ਮਚਾਈ ਹੈ। ਤਿੰਨ ਕੌਮੀ ਮਾਰਗਾਂ ਸਮੇਤ ਕੁੱਲ 869 ਸੜਕਾਂ ਆਵਾਜਾਈ ਲਈ ਬੰਦ ਹਨ ਅਤੇ 1572 ਬਿਜਲੀ ਟਰਾਂਸਫਾਰਮਰ ਤੇ 389 ਜਲ ਸਪਲਾਈ ਯੋਜਨਾਵਾਂ ਪ੍ਰਭਾਵਿਤ ਹਨ। ਮੌਸਮ ਵਿਭਾਗ ਨੇ ਸੋਮਵਾਰ ਨੂੰ ਸੂਬੇ ’ਚ ਮੀਂਹ-ਹਨੇਰੀ ਦਾ ਅਲਰਟ ਜਾਰੀ ਕੀਤਾ ਹੈ।
ਇਸੇ ਦੌਰਾਨ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਹਮੀਰਪੁਰ ਜ਼ਿਲ੍ਹੇ ਦੀ ਸੁਜਾਨਪੁਰ ਸਬ-ਡਿਵੀਜ਼ਨ ਦਾ ਦੌਰਾ ਕੀਤਾ ਤੇ ਲੋਕਾਂ ਨੂੰ ਲੋੜੀਂਦੀ ਮਦਦ ਤੇ ਰਾਹਤ ਮੁਹੱਈਆ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਦਲਿਤ ਬਸਤੀ ਦਾ ਦੌਰਾ ਵੀ ਕੀਤਾ ਜਿੱਥੇ ਭਾਰੀ ਮੀਂਹ ਕਾਰਨ ਛੇ ਘਰ ਢਹਿ ਗਏ ਤੇ ਕਈ ਹੋਰ ਘਰ ਨੁਕਸਾਨੇ ਗਏ ਹਨ।
ਕਸ਼ਮੀਰ ’ਚ ਝੋਨੇ ਤੇ ਸੇਬ ਦੀ ਫਸਲ ਦਾ ਨੁਕਸਾਨ
ਸ੍ਰੀਨਗਰ/ਜੰਮੂ: ਕਸ਼ਮੀਰ ’ਚ ਅਚਾਨਕ ਆਏ ਹੜ੍ਹ ਨੇ ਵਾਦੀ ਦੇ ਚਾਰ ਦੱਖਣੀ ਜ਼ਿਲ੍ਹਿਆਂ ’ਚ ਹਜ਼ਾਰ ਏਕੜ ’ਚ ਝੋਨੇ ਦੀ ਫਸਲ ਤੇ ਸੇਬਾਂ ਦੇ ਬਾਗਾਂ ਨੂੰ ਤਬਾਹ ਕਰ ਦਿੱਤਾ ਹੈ ਜਿਸ ਕਾਰਨ ਕਿਸਾਨਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਪ ਰਾਜਪਾਲ ਮਨੋਜ ਸਿਨਹਾ ਨੇ ਵਿਗਿਆਨਕ ਭਾਈਚਾਰੇ ਨੂੰ ਹਿਮਾਲਿਆ ਖੇਤਰ ਲਈ ਨੈਨੋ ਤਕਨੀਕ ਦੀ ਵਰਤੋਂ ਕਰਕੇ ਸੈਂਸਰ ਵਿਕਸਿਤ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਦਾ ਸੱਦਾ ਦਿੱਤਾ ਤਾਂ ਜੋ ਢਿੱਗਾਂ ਡਿੱਗਣ ਦੇ ਖਤਰੇ ਨਾਲ ਨਜਿੱਠਣ ਲਈ ਇੱਕ ਮੁੱਢਲੀ ਚਿਤਾਵਨੀ ਪ੍ਰਣਾਲੀ ਤਿਆਰ ਕੀਤੀ ਜਾ ਸਕੇ। -ਪੀਟੀਆਈ
ਜੰਮੂ-ਸ੍ਰੀਨਗਰ ਮਾਰਗ ਛੇਵੇਂ ਦਿਨ ਵੀ ਬੰਦ
ਜੰਮੂ: ਢਿੱਗਾਂ ਡਿੱਗਣ ਕਾਰਨ ਪ੍ਰਭਾਵਿਤ ਜੰਮੂ-ਸ੍ਰੀਨਗਰ ਕੌਮੀ ਮਾਰਗ ’ਤੇ ਆਵਾਜਾਈ ਬਹਾਲ ਕਰਨ ਦੀਆਂ ਐੱਨ ਐੱਚ ਏ ਆਈ ਦੀਆਂ ਕੋਸ਼ਿਸ਼ਾਂ ’ਚ ਭਾਰੀ ਮੀਂਹ ਕਾਰਨ ਮੁੜ ਅੜਿੱਕਾ ਪਿਆ ਤੇ ਇਹ ਮਾਰਗ ਅੱਜ ਲਗਾਤਾਰ ਛੇਵੇਂ ਦਿਨ ਵੀ ਆਵਾਜਾਈ ਲਈ ਬੰਦ ਰਿਹਾ। ਤ੍ਰਿਕੁਟਾ ਪਹਾੜੀਆਂ ’ਤੇ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਦੀ ਯਾਤਰਾ ਵੀ ਲਗਾਤਾਰ 13ਵੇਂ ਦਿਨ ਮੁਲਤਵੀ ਰਹੀ। -ਪੀਟੀਆਈ