National Space Day: ਮਨੁੱਖਤਾ ਦੇ ਰੌਸ਼ਨ ਭਵਿੱਖ ਲਈ ਪੁਲਾੜ ਦੇ ਭੇਤਾਂ ਤੋਂ ਪਰਦਾ ਚੁੱਕਣ ਦੀ ਲੋੜ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੁਲਾੜ ਵਿਗਿਆਨੀਆਂ ਨੂੰ ਮਨੁੱਖਤਾ ਦੇ ਰੌਸ਼ਨ ਮੁਸਤਕਬਿਲ ਨਾਲ ਜੁੜੇ ਭੇਤਾਂ (ਰਹੱਸਾਂ) ਤੋਂ ਪਰਦਾ ਚੁੱਕਣ ਲਈ ਇਕ ਗੰਭੀਰ ਪੁਲਾੜੀ ਖੋਜ ਮਿਸ਼ਨ deep space exploration mission ਦੀ ਤਿਆਰੀ ਦਾ ਸੱਦਾ ਦਿੱਤਾ ਹੈ।
ਕੌਮੀ ਪੁਲਾੜ ਦਿਵਸ National Space Day ਮੌਕੇ ਵੀਡੀਓ ਸੁਨੇਹੇ ’ਚ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਭਾਰਤ ਭਵਿੱਖ ਦੇ ਮਿਸ਼ਨਾਂ ਲਈ ਪੁਲਾੜ ਯਾਤਰੀਆਂ ਦਾ ਇੱਕ ਗਰੁੱਪ ਬਣਾਉਣ ਦੀ ਤਿਆਰੀ ਕਰ ਰਿਹਾ ਹੈ ਅਤੇ ਉਨ੍ਹਾਂ ਨੇ ਨੌਜਵਾਨਾਂ ਨੂੰ ਇਸ ਸਮੂਹ ਦਾ ਹਿੱਸਾ ਬਣਨ ਦੀ ਅਪੀਲ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਅਸੀਂ ਚੰਦਰਮਾ ਅਤੇ ਮੰਗਲ ਗ੍ਰਹਿ ’ਤੇ ਦਸਤਕ ਦੇ ਚੁੱਕੇ ਹਾਂ। ਹੁਣ ਸਾਨੂੰ ਡੂੰਘੇ ਪੁਲਾੜ ਵਿੱਚ ਝਾਕਣਾ ਪਵੇਗਾ, ਜਿੱਥੇ ਮਨੁੱਖਤਾ ਦੇ ਭਵਿੱਖ ਲਈ ਲਾਭਕਾਰੀ ਕਈ ਰਹੱਸ ਲੁਕੇ ਹੋਏ ਹਨ।’’ ਮੋਦੀ ਨੇ ਕਿਹਾ ਕਿ ਪੁਲਾੜ ਖੇਤਰ ਵਿੱਚ ਇੱਕ ਤੋਂ ਬਾਅਦ ਇੱਕ ਮਾਅਰਕਾ ਮਾਰਨਾ ਹੁਣ ਭਾਰਤ ਅਤੇ ਇਸ ਦੇ ਵਿਗਿਆਨੀਆਂ ਦਾ ਸੁਭਾਵਿਕ ਗੁਣ ਬਣ ਗਿਆ ਹੈ।
ਦੇਸ਼ ਭਰ ਦੇ ਪੁਲਾੜ ਵਿਗਿਆਨੀਆਂ, ਵਿਦਿਆਰਥੀਆਂ ਅਤੇ ਨੀਤੀ ਨਿਰਮਾਤਾਵਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, ‘‘ਸਾਡੀ ਹੱਦ ਗਲੈਕਸੀਆਂ ਤੋਂ ਪਰੇ ਹੈ। ਅਨੰਤ ਬ੍ਰਹਿਮੰਡ ਸਾਨੂੰ ਦੱਸਦਾ ਹੈ ਕਿ ਕੋਈ ਵੀ ਹੱਦ ਆਖਰੀ ਹੱਦ ਨਹੀਂ ਹੈ ਅਤੇ ਪੁਲਾੜ ਦੇ ਖੇਤਰ ਵਿੱਚ ਵੀ, ਨੀਤੀਗਤ ਪੱਧਰ ’ਤੇ ਕੋਈ ਆਖਰੀ ਹੱਦ ਨਹੀਂ ਹੋਣੀ ਚਾਹੀਦੀ।’’
ਉਨ੍ਹਾਂ ਕਿਹਾ ਕਿ ਭਾਰਤ ਇਲੈਕਟ੍ਰਿਕ ਪ੍ਰੋਪਲਸ਼ਨ electric propulsion ਅਤੇ ਸੈਮੀ-ਕ੍ਰਾਇਓਜੈਨਿਕ ਇੰਜਣ semi-cryogenic engines ਵਰਗੀਆਂ ਮਹੱਤਵਪੂਰਨ ਤਕਨਾਲੋਜੀਆਂ ਦੇ ਖੇਤਰ ਵਿੱਚ ਤਰੱਕੀ ਕਰ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਤੁਹਾਡੀ (ਵਿਗਿਆਨੀਆਂ) ਦੀ ਸਖਤ ਮਿਹਨਤ ਸਦਕਾ ਭਾਰਤ ਜਲਦੀ ਹੀ ਗਗਨਯਾਨ ਮਿਸ਼ਨ Gaganyaan mission ਲਾਂਚ ਕਰੇਗਾ ਅਤੇ ਆਪਣਾ ਪੁਲਾੜ ਸਟੇਸ਼ਨ ਵੀ ਬਣਾਏਗਾ।’’