National Herald case: ਅਦਾਲਤ 26 ਸਤੰਬਰ ਤਕ ਫਾਈਲਾਂ ਦੀ ਸਮੀਖਿਆ ਜਾਰੀ ਰੱਖੇਗੀ
ਦਿੱਲੀ ਦੀ ਇੱਕ ਅਦਾਲਤ ਨੇ ਨੈਸ਼ਨਲ ਹੈਰਾਲਡ ਕੇਸ ਵਿੱਚ ਫਾਈਲਾਂ ਦੀ ਜਾਂਚ ਜਾਰੀ ਰੱਖਣ ਲਈ 26 ਸਤੰਬਰ ਦੀ ਤਰੀਕ ਤੈਅ ਕੀਤੀ ਹੈ। ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਜਾਂਚ ਅਧਿਕਾਰੀ (ਆਈ.ਓ.) ਨੂੰ ਕੇਸ ਦੀਆਂ ਫਾਈਲਾਂ ਨਾਲ ਪੇਸ਼ ਹੋਣ ਲਈ ਕਿਹਾ ਹੈ।
ਅਦਾਲਤ ਨੇ ਦੱਸਿਆ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਈ.ਸੀ.ਆਈ.ਆਰ. ਦੀ ਇੱਕ ਕਾਪੀ ਅਤੇ ਸੁਬਰਾਮਨੀਅਮ ਸਵਾਮੀ ਵਲੋਂ ਦਾਇਰ ਸ਼ਿਕਾਇਤ ਜਮ੍ਹਾਂ ਕਰਵਾਈ ਸੀ। ਅਦਾਲਤ ਨੇ ਇਸ ਮਾਮਲੇ ਦੀਆਂ ਪਹਿਲਾਂ ਹੋਰ ਫਾਈਲਾਂ ਦੀ ਜਾਂਚ ਕੀਤੀ ਸੀ। ਅਦਾਲਤ ਨੇ ਈ.ਡੀ. ਚਾਰਜਸ਼ੀਟ ਦੇ ਨੋਟਿਸ ਸਬੰਧੀ ਹੁਕਮਾਂ ਨੂੰ ਵੀ ਅੱਗੇ ਪਾ ਦਿੱਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਇਸ ਕੇਸ ਦੀਆਂ ਫਾਈਲਾਂ ਦੀ ਹੋਰ ਜਾਂਚ ਕਰਨ ਦੀ ਲੋੜ ਹੈ।
ਈ.ਡੀ. ਨੇ ਕਾਂਗਰਸ ਆਗੂਆਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ, ਸੁਮਨ ਦੂਬੇ, ਸੈਮ ਪਿਤਰੋਦਾ ਅਤੇ ਇੱਕ ਨਿੱਜੀ ਕੰਪਨੀ ਯੰਗ ਇੰਡੀਅਨ ’ਤੇ ਨੈਸ਼ਨਲ ਹੈਰਾਲਡ ਅਖਬਾਰ ਪ੍ਰਕਾਸ਼ਿਤ ਕਰਨ ਵਾਲੇ ਐਸੋਸੀਏਟਿਡ ਜਰਨਲਜ਼ ਲਿਮਟਿਡ (ਏ.ਜੇ.ਐਲ.) ਨਾਲ ਸਬੰਧਤ 2,000 ਕਰੋੜ ਰੁਪਏ ਦੀ ਜਾਇਦਾਦ ਦੇ ਕਥਿਤ ਧੋਖਾਧੜੀ ਵਾਲੇ ਕਬਜ਼ੇ ਨੂੰ ਲੈ ਕੇ ਸਾਜ਼ਿਸ਼ ਅਤੇ ਮਨੀ ਲਾਂਡਰਿੰਗ ਦਾ ਦੋਸ਼ ਲਗਾਇਆ ਹੈ। ਏਜੰਸੀ ਦਾ ਦੋਸ਼ ਹੈ ਕਿ ਗਾਂਧੀ ਪਰਿਵਾਰ ਕੋਲ ਯੰਗ ਇੰਡੀਅਨ ਵਿੱਚ 76 ਫੀਸਦੀ ਹਿੱਸੇਦਾਰੀ ਸੀ ਜਿਸ ਨੇ ਕਥਿਤ ਤੌਰ ’ਤੇ 90 ਕਰੋੜ ਰੁਪਏ ਦੇ ਕਰਜ਼ੇ ਬਦਲੇ ਏਜੇਐਲ ਦੀਆਂ ਜਾਇਦਾਦਾਂ ਨੂੰ ਧੋਖਾਧੜੀ ਨਾਲ ਹੜੱਪ ਲਿਆ ਸੀ।
ਪੀਟੀਆਈ