National Doctors Day ਡਾਕਟਰ ਸਿਰਫ਼ ਇਲਾਜ ਨਹੀਂ ਕਰਦੇ, ਸਮਾਜ ਨੂੰ ਸਿਹਤਮੰਦ ਤੇ ਸਸ਼ਕਤ ਬਣਾਉਣ ’ਚ ਅਹਿਮ ਭੂਮਿਕਾ: ਮੋਦੀ
ਨਵੀਂ ਦਿੱਲੀ, 1 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮੀ ਡਾਕਟਰਜ਼ ਡੇਅ ਮੌਕੇ ਅੱਜ ਦੇਸ਼ ਭਰ ਦੇ ਡਾਕਟਰਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਨੂੰ ‘ਮਾਨਵਤਾ ਦੇ ਥੰਮ੍ਹ’ ਅਤੇ ‘ਸਿਹਤ ਦੇ ਸੱਚੇ ਰੱਖਿਅਕ’ ਵਜੋਂ ਸਲਾਮ ਕੀਤਾ।
ਪ੍ਰਧਾਨ ਮੰਤਰੀ ਨੇ ਐਕਸ ’ਤੇ ਇਕ ਸੁਨੇਹੇ ਵਿਚ ਲਿਖਿਆ, ‘‘ਸਾਡੇ ਡਾਕਟਰਾਂ ਨੇ ਆਪਣੀ ਮੁਹਾਰਤ ਅਤੇ ਸਖ਼ਤ ਮਿਹਨਤ ਨਾਲ ਇੱਕ ਵਿਸ਼ੇਸ਼ ਪਛਾਣ ਬਣਾਈ ਹੈ। ਉਨ੍ਹਾਂ ਦੀ ਹਮਦਰਦੀ ਅਤੇ ਸੇਵਾ ਭਾਵਨਾ ਵੀ ਓਨੇ ਹੀ ਕਮਾਲ ਦੀ ਹੈ। ਉਹ ਨਾ ਸਿਰਫ਼ ਬਿਮਾਰੀਆਂ ਨਾਲ ਲੜਦੇ ਹਨ ਬਲਕਿ ਸਮਾਜ ਨੂੰ ਸਿਹਤਮੰਦ ਅਤੇ ਸਸ਼ਕਤ ਬਣਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਭਾਰਤ ਦੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦਾ ਯੋਗਦਾਨ ਅਸਾਧਾਰਨ ਹੈ।’’
ਪ੍ਰਧਾਨ ਮੰਤਰੀ ਦਾ ਇਹ ਸੁਨੇਹਾ ਨਾ ਸਿਰਫ਼ ਮੈਡੀਕਲ ਖੇਤਰ ਪ੍ਰਤੀ ਸ਼ੁਕਰਗੁਜ਼ਾਰੀ ਦਾ ਪ੍ਰਗਟਾਵਾ ਹੈ, ਸਗੋਂ ਹਰ ਚੁਣੌਤੀ ਵਿੱਚ ਦੇਸ਼ ਦੇ ਨਾਲ ਖੜ੍ਹੇ ਲੱਖਾਂ ਡਾਕਟਰਾਂ ਦੀ ਨਿਰਸਵਾਰਥ ਸੇਵਾ ਲਈ ਇੱਕ ਜਨਤਕ ਸ਼ਰਧਾਂਜਲੀ ਵੀ ਹੈ। ਦੇਸ਼ ਇਸ ਦਿਨ ਨੂੰ ਡਾ. ਬਿਧਾਨ ਚੰਦਰ ਰਾਏ ਦੇ ਜਨਮ ਦਿਵਸ ਵਜੋਂ ਮਨਾਉਂਦਾ ਹੈ - ਜੋ ਨਾ ਸਿਰਫ਼ ਇੱਕ ਮਹਾਨ ਡਾਕਟਰ ਸਨ, ਬਲਕਿ ਉਨ੍ਹਾਂ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਵਜੋਂ ਦਵਾਈ ਅਤੇ ਜਨਤਕ ਸੇਵਾ ਦੋਵਾਂ ਖੇਤਰਾਂ ਵਿੱਚ ਇੱਕ ਮਿਸਾਲ ਵੀ ਕਾਇਮ ਕੀਤੀ। -ਪੀਟੀਆਈ