ਨਾਰਵੇਕਰ ਨੇ ‘ਚੋਰਾਂ ਦੇ ਗਰੋਹ’ ਨੂੰ ਮਾਨਤਾ ਦਿੱਤੀ: ਸਾਮਨਾ
ਮੁੰਬਈ, 11 ਜਨਵਰੀ
ਸ਼ਿਵ ਸੈਨਾ (ਯੂਬੀਟੀ) ਨੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਹੇਠਲੀ ਪਾਰਟੀ ਨੂੰ ਅਸਲੀ ਸ਼ਿਵ ਸੈਨਾ ਵਜੋਂ ਮਾਨਤਾ ਦੇਣ ਲਈ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਰਵੇਕਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ‘ਚੋਰਾਂ ਦੇ ਗਰੋਹ’ ਨੂੰ ਮਾਨਤਾ ਦੇ ਕੇ ਸੰਵਿਧਾਨ ਨੂੰ ਦਰੜ ਦਿੱਤਾ ਗਿਆ ਹੈ। ਪਾਰਟੀ ਦੇ ਮੁੱਖ ਪੱਤਰ ‘ਸਾਮਨਾ’ ਦੀ ਸੰਪਾਦਕੀ ’ਚ ਕਿਹਾ ਗਿਆ ਕਿ ਮਹਾਰਾਸ਼ਟਰ ਦੇ ਲੋਕ ਇਸ ਫ਼ੈਸਲੇ ’ਚ ਸ਼ਾਮਲ ਲੋਕਾਂ ਨੂੰ ਮੁਆਫ਼ ਨਹੀਂ ਕਰਨਗੇ।
ਉਧਰ ਸ਼ਿਵ ਸੈਨਾ (ਯੂਬੀਟੀ) ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਇਥੇ ਪ੍ਰੈੱਸ ਕਾਨਫਰੰਸ ’ਚ ਦਾਅਵਾ ਕੀਤਾ ਕਿ ਨਾਰਵੇਕਰ ਨੂੰ ਇਨਸਾਫ਼ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਪਰ ਉਨ੍ਹਾਂ ਸ਼ਿੰਦੇ ਦੇ ਵਕੀਲ ਵਜੋਂ ਕੰਮ ਕੀਤਾ। ਫ਼ੈਸਲੇ ਨੂੰ ‘ਮੈਚ ਫਿਕਸਿੰਗ’ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ’ਚ ਇਸ ਨੂੰ ਲੈ ਕੇ ਰੋਸ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਾਰਵੇਕਰ ਨੇ ਟ੍ਰਿਬਿਊਨਲ ਵਜੋਂ ਨਹੀਂ ਸਗੋਂ ਭਾਜਪਾ ਵਰਕਰ ਵਜੋਂ ਕੰਮ ਕੀਤਾ ਹੈ। ਸਾਮਨਾ ਦੀ ਸੰਪਾਦਕੀ ’ਚ ਕਿਹਾ ਗਿਆ ਕਿ ਸਪੀਕਰ ਦਾ ਫ਼ੈਸਲਾ ਪਹਿਲਾਂ ਤੋਂ ਹੀ ਤੈਅ ਸੀ ਅਤੇ ੍ਵਇਸ ’ਚ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ ਹੈ। ‘ਸਪੀਕਰ ਦਾ ਫ਼ੈਸਲਾ ਦਿੱਲੀ ’ਚ ਉਸ ਦੇ ਆਕਾਵਾਂ ਨੇ ਲਿਖਿਆ ਸੀ।’ ਸੰਪਾਦਕੀ ’ਚ ਦੋਸ਼ ਲਾਇਆ ਗਿਆ ਕਿ ਬਾਲ ਠਾਕਰੇ ਦੀ ਸ਼ਿਵ ਸੈਨਾ ਨੂੰ ‘ਗੱਦਾਰਾਂ’ ਹਵਾਲੇ ਕਰਨ ਦਾ ਫ਼ੈਸਲਾ ‘ਮਹਾਰਾਸ਼ਟਰ ਨਾਲ ਬੇਈਮਾਨੀ’ ’ਚ ਸ਼ਾਮਲ ਹੋਣ ਦੇ ਤੁੱਲ ਹੈ। ਨਾਰਵੇਕਰ ਕੋਲ ਇਤਿਹਾਸ ਸਿਰਜਣ ਦਾ ਮੌਕਾ ਸੀ ਪਰ ਉਨ੍ਹਾਂ ਅਜਿਹਾ ਫ਼ੈਸਲਾ ਦਿੱਤਾ ਜਿਸ ਨਾਲ ਲੋਕਤੰਤਰ ਦੇ ਚਿਹਰੇ ’ਤੇ ਕਾਲਖ ਮਲ ਦਿੱਤੀ ਹੈ। -ਪੀਟੀਆਈ
ਸਪੀਕਰ ਦਾ ਫ਼ੈਸਲਾ ਸੱਚ ਦੀ ਜਿੱਤ ਅਤੇ ਤਾਨਾਸ਼ਾਹੀ ਦੀ ਹਾਰ: ਸ਼ਿੰਦੇ
ਲੋਕਤੰਤਰ ਦੀ ਜਨਨੀ ਦੀ ਤ੍ਰਾਸਦੀ ਹੈ ਨਾਰਵੇਕਰ ਦਾ ਫ਼ੈਸਲਾ: ਸਿੱਬਲ
ਨਵੀਂ ਦਿੱਲੀ: ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਕਿਹਾ ਕਿ ਮਹਾਰਾਸ਼ਟਰ ’ਚ ਨਾਟਕ ਦੀ ਪਟਕਥਾ ਬਹੁਤ ਪਹਿਲਾਂ ਲਿਖੀ ਗਈ ਸੀ ਅਤੇ ਇਹ ਸਿਰਫ਼ ਇਕ ਤਮਾਸ਼ਾ ਸੀ ਜਿਸ ਨੂੰ ਅਸੀਂ ਸਾਰਿਆਂ ਨੇ ਦੇਖਿਆ ਹੈ। ਸਿੱਬਲ ਨੇ ‘ਐਕਸ’ ’ਤੇ ਪੋਸਟ ’ਚ ਕਿਹਾ ਕਿ ਵਿਧਾਨ ਸਭਾ ਸਪੀਕਰ ਮੁਤਾਬਕ ਸ਼ਿੰਦੇ ਧੜਾ ਹੀ ਅਸਲੀ ਸ਼ਿਵ ਸੈਨਾ ਹੈ। ਇਸ ਨਾਟਕ ਦੀ ਪਟਕਥਾ ਬਹੁਤ ਪਹਿਲਾਂ ਲਿਖੀ ਗਈ ਸੀ ਅਤੇ ਲੋਕ ਇਸ ਤਮਾਸ਼ੇ ਨੂੰ ਹੁੰਦਾ ਦੇਖ ਰਹੇ ਸਨ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਇਹੋ ਲੋਕਤੰਤਰ ਦੀ ਜਨਨੀ ਦੀ ਤ੍ਰਾਸਦੀ ਹੈ। -ਪੀਟੀਆਈ
ਘਰ ਬੈਠ ਕੇ ਲੇਖ ਲਿਖਣ ਊਧਵ: ਦੇਵੇਂਦਰ ਫੜਨਵੀਸ
ਛਤਰਪਤੀ ਸੰਭਾਜੀਨਗਰ: ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸ਼ਿਵ ਸੈਨਾ (ਯੂਬੀਟੀ) ਪ੍ਰਧਾਨ ਊਧਵ ਠਾਕਰੇ ਦਾ ਨਾਮ ਲਏ ਬਿਨਾਂ ਨੁਕਤਾਚੀਨੀ ਕਰਦਿਆਂ ਕਿਹਾ ਕਿ ਜਿਹੜਾ ਵਿਅਕਤੀ ਆਪਣੇ ਮੁੱਖ ਮੰਤਰੀ ਰਹਿੰਦਿਆਂ ਘਰ ਤੋਂ ਬਾਹਰ ਨਹੀਂ ਨਿਕਲਿਆ, ਉਹ ਹੁਣ ਦੱਸ ਰਿਹਾ ਹੈ ਕਿ ਜੇਕਰ ਉਹ ਅਹੁਦੇ ’ਤੇ ਰਹਿੰਦਾ ਤਾਂ ਕੀ ਕੁਝ ਕਰਦਾ ਅਤੇ ਕੀ ਕੁਝ ਨਾ ਕਰਦਾ। ਫੜਨਵੀਸ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੂੰ ਹੁਣ ਘਰ ਬੈਠ ਕੇ ਲੇਖ ਲਿਖਣੇ ਚਾਹੀਦੇ ਹਨ। ‘ਉਹ ਜਦੋਂ ਢਾਈ ਸਾਲਾਂ ਲਈ ਮੁੱਖ ਮੰਤਰੀ ਸਨ ਤਾਂ ਉਹ ਆਪਣੇ ਘਰ ਬੈਠੇ ਰਹੇ ਅਤੇ ਹੁਣ ਉਹ ਘਰੇ ਲੇਖ ਲਿਖਣ।’ ਫੜਨਵੀਸ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਦੀ ਸੇਵਾ ਕਰ ਲਵੇਗੀ। -ਪੀਟੀਆਈ