Narayanpur Naxal Encounter:ਨਾਰਾਇਣਪੁਰ ਮੁਕਾਬਲੇ ’ਚ ਦੋ ਨਕਸਲੀ ਹਲਾਕ
ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ ਵਿੱਚ ਸਵੇਰੇ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਇੱਕ ਮੁਕਾਬਲਾ ਹੋਇਆ, ਜਿਸ ਵਿੱਚ 40-40 ਲੱਖ ਰੁਪਏ ਦੇ ਇਨਾਮ ਵਾਲੇ ਦੋ ਨਕਸਲੀ ਮਾਰੇ ਗਏ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਦੀ ਪਛਾਣ ਰਾਜੂ ਦਾਦਾ ਉਰਫ਼ ਕੱਟਾ ਰਾਮਚੰਦਰ ਰੈੱਡੀ (63) ਅਤੇ ਕੋਸਾ ਦਾਦਾ ਉਰਫ਼ ਕਾਦਾਰੀ ਸਤਿਆਨਾਰਾਇਣ ਰੈੱਡੀ (67) ਵਜੋਂ ਹੋਈ ਹੈ। ਦੋਵੇਂ ਗ਼ੈਰਕਾਨੂੰਨੀ ਭਾਰਤੀ ਕਮਿਊਨਿਸਟ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਹਨ।
ਨਾਰਾਇਣਪੁਰ ਦੇ ਪੁਲੀਸ ਸੁਪਰਡੈਂਟ ਰੌਬਿਨਸਨ ਗੁਰੀਆ ਨੇ ਦੱਸਿਆ, “ ਕੋਸਾ ਅਤੇ ਉਸਦੇ ਸਾਥੀਆਂ ਦੀ ਮੌਜੂਦਗੀ ਬਾਰੇ ਕੁਝ ਦਿਨ ਪਹਿਲਾਂ ਜਾਣਕਾਰੀ ਮਿਲੀ ਸੀ। ਇਸ ਜਾਣਕਾਰੀ ਦੇ ਆਧਾਰ ’ਤੇ ਸੁਰੱਖਿਆ ਬਲਾਂ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੇ ਚਲਦਿਆਂ ਅੱਜ ਸਵੇਰੇ ਮਹਾਰਾਸ਼ਟਰ ਦੇ ਨਾਲ ਲੱਗਦੇ ਅਭੁਜਮਾੜ ਦੇ ਜੰਗਲ ਵਿੱਚ ਮੁਕਾਬਲਾ ਹੋਇਆ ਅਤੇ ਦੋਵੇਂ ਨਕਸਲੀ ਮਾਰ ਦਿੱਤੇ ਗਏ।
ਉਨ੍ਹਾਂ ਤੋਂ ਵੱਡੀ ਮਾਤਰਾ ਵਿੱਚ ਹਥਿਆਰ, ਵਿਸਫੋਟਕ ਅਤੇ ਹੋਰ ਸਮਾਨ ਸਣੇ ਇੱਕ AK-47 ਰਾਈਫਲ ਵੀ ਜ਼ਬਤ ਕੀਤੀ ਹੈ।