ਨੰਗਲ: ਸੀਆਈਐੱਸਐੱਫ ਦੇ ਜਵਾਨ ਮਹੀਨੇ ਅੰਦਰ ਹੋ ਸਕਦੇ ਨੇ ਤਾਇਨਾਤ
ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਸਾਢੇ 8 ਕਰੋੜ ਰੁਪਏ ਜਮ੍ਹਾਂ ਕਰਾਉਣ ਮਗਰੋਂ ਸੀਆਈਐੱਸਐੱਫ ਦੇ ਜਵਾਨਾਂ ਦੀ ਪਹਿਲੀ ਟੁੱਕੜੀ ਮਹੀਨੇ ਦੇ ਅੰਦਰ ਨੰਗਲ ਵਿੱਚ ਅਦਾਰੇ ਦੇ ਇਲਾਕੇ ’ਚ ਤਾਇਨਾਤ ਹੋ ਸਕਦੀ ਹੈ। ਸੂਤਰਾਂ ਨੇ ਦੱਸਿਆ ਕਿ ਬੀਬੀਐੱਮਬੀ ਮੈਨੇਜਮੈਂਟ ਨੇ ਆਪਣੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਉਹ ਨੰਗਲ ਟਾਊਨਸ਼ਿਪ ’ਚ ਸੀਆਈਐੱਸਐੱਫ ਦੇ ਜਵਾਨਾਂ ਲਈ ਘਰ ਤਿਆਰ ਕਰਨ ਦੇ ਕੰਮ ’ਚ ਤੇਜ਼ੀ ਲਿਆਉਣ। ਬੀਬੀਐੱਮਬੀ ਵੱਲੋਂ ਨੰਗਲ ਟਾਊਨਸ਼ਿਪ ਇਲਾਕੇ ’ਚ ਸੀਆਈਐੱਸਐੱਫ ਦੇ ਜਵਾਨ ਤਾਇਨਾਤ ਕਰਨ ਦੇ ਫ਼ੈਸਲੇ ’ਤੇ ਸਿਆਸੀ ਆਗੂਆਂ ਅਤੇ ਸਥਾਨਕ ਲੋਕਾਂ ਨੇ ਰਲੇ-ਮਿਲੇ ਪ੍ਰਤੀਕਰਮ ਦਿੱਤੇ ਹਨ। ਕੁਝ ਲੋਕਾਂ ਨੇ ਕਿਹਾ ਕਿ ਸੀਆਈਐੱਸਐੱਫ ਦੀ ਤਾਇਨਾਤੀ ਨਾਲ ਸ਼ਹਿਰ ਦੇ ਅਰਥਚਾਰੇ ਨੂੰ ਹੁਲਾਰਾ ਮਿਲੇਗਾ ਜਦਕਿ ਹੋਰਾਂ ਨੇ ਕਿਹਾ ਕਿ ਇਸ ਨਾਲ ਨੰਗਲ ਕਸਬੇ ਵਿੱਚ ਲੀਜ਼ ਜਾਇਦਾਦਾਂ ਨੂੰ ਲੈ ਕੇ ਵਿਵਾਦਾਂ ਵਿੱਚ ਫਸੇ ਸਥਾਨਕ ਲੋਕਾਂ ਲਈ ਮੁਸੀਬਤ ਖੜ੍ਹੀ ਹੋ ਜਾਵੇਗੀ। ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰ ਰਹੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦਾ ਪ੍ਰਤੀਕਰਮ ਨਹੀਂ ਲਿਆ ਜਾ ਸਕਿਆ। ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕਾਂਗਰਸ ਭਾਖੜਾ ਪ੍ਰਾਜੈਕਟਾਂ ’ਤੇ ਸੀਆਈਐੱਸਐੱਫ ਦੀ ਤਾਇਨਾਤੀ ਖ਼ਿਲਾਫ਼ ਪੰਜਾਬ ਸਰਕਾਰ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਹ ਮਾਮਲਾ ਕੇਂਦਰ ਕੋਲ ਚੁੱਕਣਾ ਚਾਹੀਦਾ ਹੈ ਅਤੇ ਉਹ ਇਹ ਯਕੀਨੀ ਬਣਾਏ ਕਿ ਭਾਖੜਾ ਪ੍ਰਾਜੈਕਟਾਂ ’ਤੇ ਸੀਆਈਐੱਸਐੱਫ ਤਾਇਨਾਤ ਨਾ ਹੋਵੇ।