ਲੋਕਾਂ ਦੀ ਲਗਾਤਾਰ ਸੇਵਾ ਕਰਨੀ ਹੀ ਮੇਰੀ ਕੋਸ਼ਿਸ਼: ਮੋਦੀ
ਪ੍ਰਧਾਨ ਮੰਤਰੀ ਮੋਦੀ ਨੇ ਯੂ ਪੀ ਏ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਸ ਸਮੇਂ ਦੇਸ਼ ‘ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ ਅਤੇ ਨੀਤੀਗਤ ਅਧਰੰਗ’ ਨਾਲ ਜੂਝ ਰਿਹਾ ਸੀ, ਜਦਕਿ ਹੁਣ ਭਾਰਤ ਦੁਨੀਆ ਦੀਆਂ ਸਭ ਤੋਂ ਵੱਡੀਆਂ ਸਿਹਤ ਸੰਭਾਲ ਅਤੇ ਸਮਾਜਿਕ ਸੁਰੱਖਿਆ ਯੋਜਨਾਵਾਂ ਦਾ ਘਰ ਹੈ। ਉਨ੍ਹਾਂ ਕਿਹਾ ਕਿ ਪਿਛਲੇ 11 ਸਾਲਾਂ ਵਿੱਚ ਭਾਰਤ ਦੇ ਲੋਕਾਂ ਨੇ ਮਿਲ ਕੇ ਕਈ ਬਦਲਾਅ ਕੀਤੇ ਹਨ, ਜਿਸ ਨਾਲ 25 ਕਰੋੜ ਤੋਂ ਵੱਧ ਲੋਕ ਗਰੀਬੀ ’ਚੋਂ ਬਾਹਰ ਨਿਕਲੇ ਹਨ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਗੁਜਰਾਤ ਵਿੱਚ ਲਗਾਤਾਰ ਤਿੰਨ ਵਾਰ ਵਿਧਾਨ ਸਭਾ ਚੋਣਾਂ ਅਤੇ ਦੇਸ਼ ਵਿੱਚ ਲਗਾਤਾਰ ਤਿੰਨ ਵਾਰ ਲੋਕ ਸਭਾ ਚੋਣਾਂ ਜਿੱਤ ਚੁੱਕੇ ਹਨ। ਉਹ ਸਰਕਾਰ ਦੇ ਮੁਖੀ ਵਜੋਂ (ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਵਜੋਂ) ਸਭ ਤੋਂ ਲੰਬਾ ਕਾਰਜਕਾਲ ਸੰਭਾਲਣ ਵਾਲੇ ਆਗੂ ਹਨ ਅਤੇ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਕਦੇ ਕੋਈ ਚੋਣ ਨਹੀਂ ਹਾਰੀ ਹੈ।
ਮਾਂ ਦੀ ਨਸੀਹਤ ਨੂੰ ਕੀਤਾ ਯਾਦ
ਗੁਜਰਾਤ ਦੇ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਨੂੰ ਯਾਦ ਕਰਦਿਆਂ ਮੋਦੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਅਹੁਦਾ ਸੰਭਾਲਿਆ ਸੀ ਤਾਂ ਸੂਬਾ ਭੂਚਾਲ, ਚੱਕਰਵਾਤ, ਸੋਕੇ ਅਤੇ ਸਿਆਸੀ ਅਸਥਿਰਤਾ ਵਰਗੀਆਂ ਚੁਣੌਤੀਆਂ ਨਾਲ ਜੂਝ ਰਿਹਾ ਸੀ। ਉਨ੍ਹਾਂ ਆਪਣੀ ਮਾਂ ਦੀਆਂ ਸਲਾਹਾਂ ਨੂੰ ਯਾਦ ਕਰਦਿਆਂ ਕਿਹਾ, ‘ਜਦੋਂ ਮੈਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਤਾਂ ਮੇਰੀ ਮਾਂ ਨੇ ਮੈਨੂੰ ਕਿਹਾ ਸੀ, ਮੈਨੂੰ ਤੁਹਾਡੇ ਕੰਮ ਦੀ ਬਹੁਤੀ ਸਮਝ ਨਹੀਂ, ਪਰ ਮੈਂ ਦੋ ਗੱਲਾਂ ਚਾਹੁੰਦੀ ਹਾਂ। ਪਹਿਲੀ, ਤੁਸੀਂ ਹਮੇਸ਼ਾ ਗਰੀਬਾਂ ਲਈ ਕੰਮ ਕਰੋਗੇ ਅਤੇ ਦੂਜੀ, ਤੁਸੀਂ ਕਦੇ ਰਿਸ਼ਵਤ ਨਹੀਂ ਲਵੋਗੇ।’
ਮੋਦੀ ਤੇ ਪੂਤਿਨ ਵਿਚਾਲੇ ਸਬੰਧ ਮਜ਼ਬੂਤ ਕਰਨ ’ਤੇ ਚਰਚਾ
ਨਵੀਂ ਦਿੱਲੀ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਫੋਨ ਕਰ ਕੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਭਾਰਤ ਵੱਲੋਂ ਜਾਰੀ ਬਿਆਨ ਮੁਤਾਬਕ ਦੋਵਾਂ ਆਗੂਆਂ ਨੇ ਭਾਰਤ ਅਤੇ ਰੂਸ ਦੀ ਵਿਸ਼ੇਸ਼ ਰਣਨੀਤਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਦਾ ਅਹਿਦ ਵੀ ਲਿਆ। ਸ੍ਰੀ ਮੋਦੀ ਨੇ ਰਾਸ਼ਟਰਪਤੀ ਪੂਤਿਨ ਨੂੰ ਉਨ੍ਹਾਂ ਦੇ 73ਵੇਂ ਜਨਮਦਿਨ ਮੌਕੇ ਮੁਬਾਰਕਬਾਦ ਦਿੱਤੀ ਤੇ ਉਨ੍ਹਾਂ ਦੀ ਚੰਗੀ ਸਿਹਤ ਤੇ ਸਫ਼ਲਤਾ ਦੀ ਕਾਮਨਾ ਕੀਤੀ। ਸ੍ਰੀ ਮੋਦੀ ਨੇ ਆਖਿਆ ਕਿ ਉਹ 23ਵੇਂ ਭਾਰਤ-ਰੂਸ ਸਾਲਾਨਾ ਸਿਖ਼ਰ ਸੰਮੇਲਨ ਲਈ ਰਾਸ਼ਟਰਪਤੀ ਪੂਤਿਨ ਦੇ ਭਾਰਤ ਪੁੱਜਣ ਲਈ ਆਸਵੰਦ ਹਨ। ਅਗਸਤ ਮਹੀਨੇ ਤੋਂ ਹੁਣ ਤੱਕ ਦੋਵਾਂ ਆਗੂਆਂ ਵਿਚਾਲੇ ਫੋਨ ’ਤੇ ਚੌਥੀ ਵਾਰ ਗੱਲਬਾਤ ਹੋਈ ਹੈ। ਰੂਸ ਦੇ ਰਾਸ਼ਟਰਪਤੀ ਨੇ ਵੀ 17 ਸਤੰਬਰ ਨੂੰ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੂੰ ਫੋਨ ਕਰ ਕੇ ਉਨ੍ਹਾਂ ਦੇ ਜਨਮ ਦਿਨ ਦੀ ਵਧਾਈ ਦਿੱਤੀ ਸੀ। -ਪੀਟੀਆਈ