ਮੁਤੱਕੀ ਦੀ ਪਾਕਿਸਤਾਨ ਨੂੰ ਚਿਤਾਵਨੀ; ‘ਜੇਕਰ ਸ਼ਾਤੀ ਨਹੀਂ ਚਾਹੁੰਦੇ ਤਾਂ ਸਾਡੇ ਕੋਲ ਹੋਰ ਰਾਹ’
ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤੱਕੀ ਇਸ ਦੌਰੇ ਦੌਰਾਨ ਉਨ੍ਹਾਂ ਨੇ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਤਣਾਅ ਅਤੇ ਭਾਰਤ ਦੀ ਅਫਗਾਨਿਸਤਾਨ ਨਾਲ ਵਧਦੀ ਨੇੜਤਾ ਨਾਲ ਸਬੰਧਤ ਕਈ ਸਵਾਲਾਂ ਦੇ ਜਵਾਬ ਦਿੱਤੇ।
ਇੱਕ ਪ੍ਰੈਸ ਕਾਨਫਰੰਸ ਦੌਰਾਨ, ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤੱਕੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਦੇਸ਼ ਨੂੰ ਪਾਕਿਸਤਾਨ ਜਾਂ ਭਾਰਤ ਨਾਲ ਕੋਈ ਸਮੱਸਿਆ ਨਹੀਂ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਪਾਕਿਸਤਾਨ ਨੇ ਅਫਗਾਨਿਸਤਾਨ ਦੀ ਭਾਰਤ ਨਾਲ ਵਧਦੀ ਦੋਸਤੀ ਕਾਰਨ ਤਣਾਅ ਵਧਾਇਆ ਹੈ ਤਾਂ ਉਨ੍ਹਾਂ ਕਿਹਾ, “ਇਹ ਸਵਾਲ ਪਾਕਿਸਤਾਨ ਤੋਂ ਪੁੱਛੋ। ਸਾਨੂੰ ਕੋਈ ਸਮੱਸਿਆ ਨਹੀਂ ਹੈ, ਸਾਡਾ ਦਿਲ ਵੱਡਾ ਹੈ।”
ਮੁਤੱਕੀ ਨੇ ਇਹ ਵੀ ਕਿਹਾ ਕਿ ਅਫਗਾਨਿਸਤਾਨ ਆਪਣੇ ਸਾਰੇ ਗੁਆਂਢੀਆਂ ਨਾਲ ਸ਼ਾਂਤੀਪੂਰਨ ਅਤੇ ਸਹਿਯੋਗੀ ਸਬੰਧ ਚਾਹੁੰਦਾ ਹੈ ਭਾਵੇਂ ਉਹ ਪਾਕਿਸਤਾਨ ਹੋਵੇ ਜਾਂ ਭਾਰਤ।
ਹਾਲਾਂਕਿ ਸਰਹੱਦੀ ਝੜਪਾਂ ਨੂੰ ਲੈ ਕੇ ਵੀ ਉਨ੍ਹਾਂ ਪਾਕਿਸਤਾਨ ਨੂੰ ਸਿੱਧੀ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹ ਸ਼ਾਂਤੀ ਨਹੀਂ ਚਾਹੁੰਦਾ ਤਾਂ ਉਨਾਂ ਕੋਲ ‘ਹੋਰ ਵਿਕਲਪ’ ਹਨ।
ਮੁਤੱਕੀ ਨੇ ਸਵਾਲ ਕੀਤਾ ਕਿ ਜੇਕਰ ਪਾਕਿਸਤਾਨ ਸ਼ਾਂਤੀ ਚਾਹੁੰਦਾ ਹੈ, ਤਾਂ ਉਹ ਆਪਣੀ ਧਰਤੀ 'ਤੇ ਅਤਿਵਾਦੀ ਸਮੂਹਾਂ ਨੂੰ ਕੰਟਰੋਲ ਕਰਨ ਵਿੱਚ ਅਸਮਰੱਥ ਕਿਉਂ ਹੈ? ਉਹ ਆਪਣੇ ਲੋਕਾਂ ਨੂੰ ਜੋਖਮ ਵਿੱਚ ਪਾ ਕੇ ਕੁਝ ਚੋਣਵੇਂ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਿਉਂ ਕਰ ਰਿਹਾ ਹੈ?
ਮੁਤੱਕੀ ਨੇ ਪਾਕਿਸਤਾਨ-ਅਫਗਾਨਿਸਤਾਨ ਤਣਾਅ ’ਤੇ ਵੀ ਗੱਲ ਕੀਤੀ
ਮੁਤੱਕੀ ਨੇ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਹਾਲ ਹੀ ਵਿੱਚ ਹੋਏ ਫੌਜੀ ਤਣਾਅ ਬਾਰੇ ਵੀ ਵਿਸਥਾਰ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਲੋਕ ਅਫਗਾਨਿਸਤਾਨ ਨਾਲ ਸ਼ਾਂਤੀ ਅਤੇ ਚੰਗੇ ਸਬੰਧ ਚਾਹੁੰਦੇ ਹਨ। ਸਾਨੂੰ ਪਾਕਿਸਤਾਨ ਦੇ ਆਮ ਲੋਕਾਂ ਨਾਲ ਕੋਈ ਸ਼ਿਕਾਇਤ ਨਹੀਂ ਹੈ। ਹਾਲਾਂਕਿ ਕੁਝ ਤਾਕਤਾਂ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਵਧਾ ਰਹੀਆਂ ਹਨ।