ਜ਼ੂਬੀਨ ਗਰਗ ਮੌਤ ਮਾਮਲੇ ਵਿਚ ਸੰਗੀਤਕਾਰ ਤੇ ਗਾਇਕ ਗ੍ਰਿਫ਼ਤਾਰ, ਹੁਣ ਤੱਕ ਕੁੱਲ ਚਾਰ ਗ੍ਰਿਫ਼ਤਾਰੀਆਂ
ਗੁਹਾਟੀ ਪੁਲੀਸ ਨੇ ਗਾਇਕ ਜ਼ੂਬੀਨ ਗਰਗ ਦੀ ਮੌਤ ਮਾਮਲੇ ਵਿਚ ਵੀਰਵਾਰ ਨੂੰ ਸੰਗੀਤਕਾਰ ਸ਼ੇਖਰਜੋਤੀ ਗੋਸਵਾਮੀ ਤੇ ਗਾਇਕ ਅੰਮ੍ਰਿਤਪ੍ਰਭਾ ਮਹੰਤਾ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਕਿਹਾ ਕਿ ਗਰਗ ਦੀ ਸਿੰਗਾਪੁਰ ਵਿਚ ਤੈਰਨ ਦੌਰਾਨ ਹੋਈ ਮੌਤ ਵੇਲੇ ਗੋਸਵਾਮੀ ਤੇ ਅਮ੍ਰਿਤਪ੍ਰਭਾ ਉਥੇ ਮੌਜੂਦ ਸਨ। ਦੋਵਾਂ ਨੂੰ ਵੀਰਵਾਰ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਸੀ ਤੇ ਮਗਰੋਂ ਗ੍ਰਿਫਤਾਰ ਕਰ ਲਿਆ ਗਿਆ।
ਪੁਲੀਸ ਅਧਿਕਾਰੀ ਨੇ ਕਿਹਾ, ‘‘ਸਾਨੂੰ ਉਨ੍ਹਾਂ ਖਿਲਾਫ਼ ਕੁਝ ਸਬੂਤ ਮਿਲੇੇ ਹਨ। ਇਸ ਲਈ ਅਗਲੇਰੀ ਜਾਂਚ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਜ਼ਰੂਰੀ ਸੀ।’’ ਪੁਲੀਸ ਹੁਣ ਤੱਕ ਇਸ ਮਾਮਲੇ ਵਿਚ ਗਰਗ ਦੇ ਮੈਨੇਜਰ ਸਿਧਾਰਥ ਸ਼ਰਮਾ ਤੇ ਫੈਸਟੀਵਲ ਦੇ ਪ੍ਰਬੰਧਕ ਸ਼ਿਆਮਕਨੂ ਮਹੰਤਾ ਸਣੇ ਕੁੱਲ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਮਹੰਤਾ ਤੇ ਸ਼ਰਮਾ ਨੂੰ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਖਿਲਾਫ਼ ਭਾਰਤੀ ਨਿਆਂਏ ਸੰਹਿਤਾ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਦਰਜ ਕੇਸ ਵਿਚ ਗੈਰ-ਇਰਾਦਤਨ ਕਤਲ, ਅਪਰਾਧਿਕ ਸਾਜ਼ਿਸ਼ ਤੇ ਅਣਗਹਿਲੀ ਕਰਕੇ ਮੌਤ ਜਿਹੇ ਦੋਸ਼ ਲਾਏ ਗਏ ਹਨ। ਅਸਾਮ ਪੁਲੀਸ ਦੀ ਸੀਆਈਡੀ ਵਿਚ ਵਿਸ਼ੇਸ਼ ਡੀਜੀਪੀ ਮੁੰਨਾ ਪ੍ਰਸਾਦ ਗੁਪਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਹੰਤ ਅਤੇ ਸ਼ਰਮਾ ਤੋਂ ਪੁੱਛਗਿੱਛ ਜਾਰੀ ਹੈ। ਦੋਵੇਂ ਇਸ ਵੇਲੇ 14 ਦਿਨਾ ਰਿਮਾਂਤ ਤਹਿਤ ਪੁਲੀਸ ਦੀ ਹਿਰਾਸਤ ਵਿਚ ਹਨ।
ਸ਼ਿਆਮਕਨੂ ਸਾਬਕਾ ਡੀਜੀਪੀ ਭਾਸਕਰ ਜੋਤੀ ਮਹੰਤ ਦਾ ਛੋਟਾ ਭਰਾ ਹੈ, ਜੋ ਇਸ ਸਮੇਂ ਅਸਾਮ ਰਾਜ ਸੂਚਨਾ ਕਮਿਸ਼ਨ ਦੇ ਮੁੱਖ ਸੂਚਨਾ ਕਮਿਸ਼ਨਰ ਹਨ। ਉਨ੍ਹਾਂ ਦੇ ਦੂਜੇ ਵੱਡੇ ਭਰਾ ਨਾਨੀ ਗੋਪਾਲ ਮਹੰਤ ਹਨ, ਜੋ ਗੁਹਾਟੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੇ ਸਿੱਖਿਆ ਸਲਾਹਕਾਰ ਸਨ।