Murshidabad : ਪੱਛਮੀ ਬੰਗਾਲ ਦੇ ਰਾਜਪਾਲ ਵੱਲੋਂ ਪੀੜਤ ਪਰਿਵਾਰਾਂ ਨਾਲ ਮੁਲਾਕਾਤ
Bengal Guv meets family of deceased in riot-hit Murshidabad: ਪੱਛਮੀ ਬੰਗਾਲ ਦੇ ਰਾਜਪਾਲ ਸੀ ਵੀ ਆਨੰਦ ਬੋਸ ਵੱਲੋਂ ਅੱਜ ਮੁਰਸ਼ਿਦਾਬਾਦ ਹਿੰਸਾ ਵਿੱਚ ਮਾਰੇ ਗਏ ਪਿਓ ਤੇ ਪੁੱਤਰ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ ਵਕਫ ਐਕਟ ਦੇ ਵਿਰੋਧ ਵਿਚ ਮੁਰਸ਼ਿਦਾਬਾਦ ਵਿਚ ਹਿੰਸਾ ਦੌਰਾਨ ਪਿਓ-ਪੁੱਤਰ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ ਸੀ ਤੇ ਇਹ ਪਿਓ ਪੁੱਤਰ ਦੀਆਂ ਚਾਕੂਆਂ ਨਾਲ ਵਿੰਨ੍ਹੀਆਂ ਲਾਸ਼ਾਂ ਉਨ੍ਹਾਂ ਦੇ ਘਰ ਅੰਦਰੋਂ ਮਿਲੀਆਂ ਸਨ। ਰਾਜਪਾਲ ਨੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਦਿਆਂ ਕਿਹਾ ਕਿ ਕੇਂਦਰ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਏਗਾ। ਦੂਜੇ ਪਾਸੇ ਪਰਿਵਾਰ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਈ ਜਾਵੇ।
ਇਸ ਤੋਂ ਇਲਾਵਾ ਰਾਜਪਾਲ ਨੇ ਹਿੰਸਾ ਪ੍ਰਭਾਵਿਤ ਹੋਰ ਖੇਤਰਾਂ ਦਾ ਵੀ ਦੌਰਾ ਕੀਤਾ ਤੇ ਪੀੜਤ ਪਰਿਵਾਰਾਂ ਨਾਲ ਗੱਲਬਾਤ ਕੀਤੀ। ਇਹ ਜਾਣਕਾਰੀ ਰਾਜ ਭਵਨ ਦੇ ਬੁਲਾਰੇ ਨੇ ਦਿੱਤੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਿੰਸਾ ਵਿਚ ਹੁਣ ਤਕ 274 ਲੋਕਾਂ ਨੂੰ ਹਿਰਾਸਤ ਵਿਚ ਲਿਆ ਜਾ ਚੁੱਕਿਆ ਹੈ ਤੇ ਸੂਬੇ ਵਿਚ ਅਮਨ ਕਾਨੂੰਨ ਭੰਗ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਵਕਫ਼ (ਸੋਧ) ਐਕਟ ਖ਼ਿਲਾਫ਼ ਸ਼ੁੱਕਰਵਾਰ ਅਤੇ ਸ਼ਨਿਚਰਵਾਰ ਨੂੰ ਸੂਤੀ, ਧੂਲੀਆਂ ਅਤੇ ਜੰਗੀਪੁਰ ਸਮੇਤ ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਹਿੰਸਾ ਵਾਪਰੀ, ਜਿਸ ਵਿੱਚ ਘੱਟੋ-ਘੱਟ ਤਿੰਨ ਵਿਅਕਤੀ ਮਾਰੇ ਗਏ ਤੇ ਕਈ ਜ਼ਖਮੀ ਹੋ ਗਏ।
ਇਸ ਤੋਂ ਪਹਿਲਾਂ ਭਾਜਪਾ ਵਿਧਾਇਕ ਅਗਨੀਮਿੱਤਰਾ ਪੌਲ ਨੇ ਕਿਹਾ ਸੀ ਕਿ ਵਕਫ ਐਕਟ ਦੇ ਵਿਰੋਧ ਵਿਚ ਭੜਕੀ ਹਿੰਸਾ ਤੋਂ ਬਾਅਦ ਜੋ ਕੁਝ ਮੁਰਸ਼ਿਦਾਬਾਦ ਵਿਚ ਵਾਪਰਿਆ, ਉਹ ਅੱਖਾਂ ਖੋਲ੍ਹਣ ਵਾਲਾ ਸੀ, ਇਸ ਕਰਕੇ ਕੌਮੀ ਮਹਿਲਾ ਕਮਿਸ਼ਨ ਦੀ ਟੀਮ ਨੂੰ ਇਸ ਖੇਤਰ ਦਾ ਦੌਰਾ ਕਰ ਕੇ ਸਾਰੇ ਤੱਥ ਵਾਚਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਦੰਗਾਕਾਰੀਆਂ ਨੇ ਲੋਕਾਂ ਦੇ ਘਰ, ਦੁਕਾਨਾਂ ਤੇ ਮੰਦਰਾਂ ਨੂੰ ਅੱਗ ਲਾ ਦਿੱਤੀ, ਉਨ੍ਹਾਂ ਸਵਾਲ ਕੀਤਾ ਕਿ ਕੀ ਇਹ ਸੀਰੀਆ, ਪਾਕਿਸਤਾਨ ਜਾਂ ਅਫਗਾਨਿਸਤਾਨ ਤਾਂ ਨਹੀਂ।