ਮੁਰਮੂ ਵੱਲੋਂ ਗਾਂਧੀ ਜੈਯੰਤੀ ਅਤੇ ਦਸਹਿਰੇ ਦੀ ਵਧਾਈ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਗਾਂਧੀ ਜੈਯੰਤੀ ਅਤੇ ਦਸਹਿਰੇ ਦੀ ਪੂਰਵ ਸੰਧਿਆ ’ਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਦੋਵਾਂ ਮੌਕਿਆਂ ’ਤੇ ਆਪਣੇ ਸੰਦੇਸ਼ ਜਾਰੀ ਕਰਦਿਆਂ ਦੇਸ਼ ਵਾਸੀਆਂ ਨੂੰ ਸੱਚ, ਨੇਕੀ ਅਤੇ ਤਰੱਕੀ ਦੇ ਰਾਹ ’ਤੇ ਚੱਲਣ ਦਾ ਸੱਦਾ ਦਿੱਤਾ ਮਹਾਤਮਾ ਗਾਂਧੀ ਦੇ 156ਵੇਂ ਜਨਮ ਦਿਨ ’ਤੇ ਉਨ੍ਹਾਂ ਨੇ ਰਾਸ਼ਟਰਪਿਤਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਦੇਸ਼ ਵਾਸੀਆਂ ਨੂੰ ਸਾਫ਼-ਸੁਥਰਾ, ਸਮਰੱਥ ਅਤੇ ਖੁਸ਼ਹਾਲ ਭਾਰਤ ਬਣਾਉਣ ਦਾ ਅਹਿਦ ਲੈਣ ਲਈ ਕਿਹਾ। ਉਨ੍ਹਾਂ ਕਿਹਾ ਕਿ ਗਾਂਧੀ ਜੀ ਦੇ ਸੱਚ ਅਤੇ ਅਹਿੰਸਾ ਦੇ ਸਿਧਾਂਤ ਅੱਜ ਵੀ ਓਨੇ ਹੀ ਪ੍ਰਸੰਗਿਕ ਹਨ ਅਤੇ ਸਾਡਾ ਮਾਰਗਦਰਸ਼ਨ ਕਰਦੇ ਰਹਿਣਗੇ। ਉਨ੍ਹਾਂ ਗਾਂਧੀ ਜੈਯੰਤੀ ਮੌਕੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ, ‘ਆਓ, ਅਸੀਂ ਸਾਰੇ ਮੁੜ ਸੱਚ ਅਤੇ ਅਹਿੰਸਾ ਦੇ ਮਾਰਗ ’ਤੇ ਚੱਲਣ ਦਾ ਅਹਿਦ ਲਈਏ, ਦੇਸ਼ ਦੀ ਭਲਾਈ ਅਤੇ ਤਰੱਕੀ ਲਈ ਵਚਨਬੱਧ ਰਹੀਏ ਅਤੇ ਗਾਂਧੀ ਜੀ ਦੇ ਸੁਪਨਿਆਂ ਦਾ ਭਾਰਤ ਉਸਾਰੀਏ।’ ਦਸਹਿਰੇ ਮੌਕੇ ਸੰਦੇਸ਼ ਦਿੰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਇਹ ਤਿਉਹਾਰ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ ਅਤੇ ਸਾਨੂੰ ਸੱਚ ਅਤੇ ਧਰਮ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਸਾਰਿਆਂ ਦੇ ਜੀਵਨ ਵਿੱਚ ਸੁੱਖ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ। -ਪੀਟੀਆਈ
ਦਿੱਲੀ ’ਚ ਦਸਹਿਰੇ ਦੇ ਜਸ਼ਨ ’ਚ ਸ਼ਾਮਲ ਹੋਣਗੇ ਮੋਦੀ
ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਪੂਰਬੀ ਦਿੱਲੀ ਦੇ ਪਟਪੜਗੰਜ ਵਿੱਚ ਦਸਹਿਰੇ ਦੇ ਜਸ਼ਨਾਂ ਵਿੱਚ ਸ਼ਾਮਲ ਹੋਣਗੇ। ਇਲਾਕੇ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਆਈਪੀ ਐਕਸਟੈਨਸ਼ਨ ਰਾਮਲੀਲਾ ਕਮੇਟੀ ਵੱਲੋਂ ਕਰਵਾਏ ਜਾ ਰਹੇ ਦਸਹਿਰਾ ਸਮਾਗਮ ਵਿੱਚ ਮੋਦੀ ਵੱਲੋਂ ਸ਼ਾਮ 6 ਵਜੇ ਦੇ ਕਰੀਬ ਪਹੁੰਚਣ ਦੀ ਉਮੀਦ ਹੈ। ਪੁਲੀਸ ਨੇ ਪੂਰਬੀ ਦਿੱਲੀ ਵਿੱਚ ਭੀੜ ਨੂੰ ਕੰਟਰੋਲ ਕਰਨ ਲਈ ਇੱਕ ਰਣਨੀਤੀ ਤਿਆਰ ਕੀਤੀ ਹੈ। ਰਾਮਲੀਲਾ ਕਮੇਟੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਪੁਤਲਿਆਂ ਦੇ ਆਲੇ-ਦੁਆਲੇ ਘੇਰਾਬੰਦੀ ਕਰਨ ਤਾਂ ਜੋ ਸਾੜਨ ਸਮੇਂ ਕੋਈ ਵੀ ਉਨ੍ਹਾਂ ਨੇੜੇ ਨਾ ਜਾ ਸਕੇ। ਅਧਿਕਾਰੀਆਂ ਨੇ ਇਹ ਵੀ ਹਦਾਇਤ ਕੀਤੀ ਹੈ ਕਿ ਭੀੜ ਵਧਣ ’ਤੇ ਉਹ ਲੋਕਾਂ ਦੇ ਦਾਖ਼ਲੇ ’ਤੇ ਪਾਬੰਦੀ ਲਗਾਉਣਗੇ। ਸ਼ਾਹਦਰਾ ਜ਼ਿਲ੍ਹੇ ਦੇ ਡੀ ਸੀ ਪੀ ਪ੍ਰਸ਼ਾਂਤ ਗੌਤਮ ਨੇ ਕਿਹਾ ਕਿ ਦਸਹਿਰੇ ਲਈ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪੁਲੀਸ ਦੇ ਨਾਲ-ਨਾਲ ਨੀਮ ਫ਼ੌਜੀ ਬਲ ਵੀ ਤਾਇਨਾਤ ਕੀਤੇ ਜਾਣਗੇ।