ਮੁਨੀਰ ਵੱਲੋਂ ਪਾਕਿਸਤਾਨ ਦੀ ਤੁਲਨਾ ਡੰਪਰ ਟਰੱਕ ਨਾਲ ਕਰਨਾ ਨਾਕਾਮੀ ਦਾ ਕਬੂਲਨਾਮਾ: ਰਾਜਨਾਥ
ਪਾਕਿਸਤਾਨ ਦੇ ਫ਼ੌਜ ਮੁਖੀ ਫੀਲਡ ਮਾਰਸ਼ਲ ਅਸੀਮ ਮੁਨੀਰ ਵੱਲੋਂ ਭਾਰਤ ਖ਼ਿਲਾਫ਼ ਪ੍ਰਮਾਣੂ ਬੰਬ ਦੀ ਧਮਕੀ ਅਤੇ ਆਪਣੇ ਹੀ ਦੇਸ਼ ਨੂੰ ‘ਡੰਪਰ ਟਰੱਕ’ ਦੱਸੇ ਜਾਣ ਦੇ ਕੁੱਝ ਦਿਨਾਂ ਮਗਰੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਉਨ੍ਹਾਂ ਦੀਆਂ ਇਹ ਟਿੱਪਣੀਆਂ ‘ ਹਿੰਸਕ’ ਮਾਨਸਿਕਤਾ ਦਾ ਪ੍ਰਤੀਬਿੰਬ ਅਤੇ ਇਸਲਾਮਾਬਾਦ ਦੀ "ਨਾਕਾਮੀ" ਦਾ ਇਕਬਾਲੀਆ ਬਿਆਨ ਹਨ।
ਰਾਜਨਾਥ ਨੇ ਕਿਹਾ ਕਿ ਅਪਰੇਸ਼ਨ ਸਿੰਧੂਰ ਮਗਰੋਂ ਪਾਕਿਸਤਾਨ ਨੂੰ ਆਪਣੇ ਮਨ ਵਿੱਚ ਕੋਈ ਭਰਮ ਨਹੀਂ ਪਾਲਣਾ ਚਾਹੀਦਾ। ਉਨ੍ਹਾਂ ਦਾ ਇਸ਼ਾਰਾ ਮੁਨੀਰ ਦੀਆਂ ਉਨ੍ਹਾਂ ਟਿੱਪਣੀਆਂ ਵੱਲ ਸੀ ਜਿਸ ਵਿੱਚ ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ਨਾਲ ਟਕਰਾਅ ਦੌਰਾਨ ਹੋਂਦ ਲਈ ਖ਼ਤਰਾ ਪੈਣਾ ਹੋਣ ਦੀ ਸੂਰਤ ਵਿੱਚ ਉਹ ਭਾਰਤ ਅਤੇ "ਅੱਧੀ ਦੁਨੀਆ" ਨੂੰ ਤਬਾਹ ਕਰਨ ਲਈ ਆਪਣੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰ ਸਕਦਾ ਹੈ।
ਰੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਮੁਨੀਰ ਵੱਲੋਂ ਆਪਣੇ ਦੇਸ਼ ਦੀ ਤੁਲਨਾ "ਡੰਪਰ ਟਰੱਕ" ਨਾਲ ਕਰਨਾ ਅਤੇ ਭਾਰਤ ਨੂੰ ਇੱਕ ਚਮਕਦਾਰ ਮਰਸੀਡੀਜ਼ ਦੱਸਣਾ ਇਸਲਾਮਾਬਾਦ ਦੀ "ਆਪਣੀ ਨਾਕਾਮੀ’ ਦਾ ਪ੍ਰਤੀਬਿੰਬ ਹੈ।
ਰਾਜਨਾਥ "ਇਕਨਾਮਿਕ ਟਾਈਮਜ਼ ਵਰਲਡ ਲੀਡਰਜ਼ ਫੋਰਮ" ਨੂੰ ਸੰਬੋਧਨ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਫਲੋਰੀਡਾ ਦੇ ਟੈਂਪਾ ਵਿੱਚ ਪਾਕਿਸਤਾਨੀ ਪਰਵਾਸੀਆਂ ਨੂੰ ਸੰਬੋਧਨ ਕਰਦਿਆਂ ਮੁਨੀਰ ਨੇ ਕਥਿਤ ਤੌਰ 'ਤੇ ਕਿਹਾ ਸੀ, "ਭਾਰਤ ਮਰਸੀਡੀਜ਼ ਵਾਂਗ ਚਮਕ ਰਿਹਾ ਹੈ, ਹਾਈਵੇਅ ’ਤੇ ਫੇਰਾਰੀ ਵਾਂਗ ਆ ਰਿਹਾ ਹੈ, ਪਰ ਅਸੀਂ ਬੱਜਰੀ ਨਾਲ ਭਰੇ ਹੋਏ ਡੰਪਰ ਟਰੱਕ ਹਾਂ। ਜੇਕਰ ਟਰੱਕ ਕਾਰ ਨਾਲ ਟਕਰਾਉਂਦਾ ਹੈ ਤਾਂ ਨੁਕਸਾਨ ਕਿਸ ਦਾ ਹੋਵੇਗਾ?" ਰਾਜਨਾਥ ਨੇ ਕਿਹਾ ਕਿ ਇਹ ਟਿੱਪਣੀਆਂ ਪਾਕਿਸਤਾਨ ਦੀ ਨਾਕਾਮੀ ਦਾ ਇਕਬਾਲੀਆ ਬਿਆਨ ਹਨ।
ਉਨ੍ਹਾਂ ਕਿਹਾ, "ਹਾਲ ਹੀ ਵਿੱਚ, ਪਾਕਿਸਤਾਨ ਦੇ ਫੌਜ ਮੁਖੀ ਜਨਰਲ ਅਸੀਮ ਮੁਨੀਰ ਨੂੰ ਉਨ੍ਹਾਂ ਦੇ ਬਿਆਨ ਕਾਰਨ ਪਾਕਿਸਤਾਨ ਦੇ ਅੰਦਰ ਅਤੇ ਦੁਨੀਆ ਭਰ ਵਿੱਚ ਕਾਫ਼ੀ ਆਲੋਚਨਾ ਝੱਲਣੀ ਪਈ ਹੈ।’’ ਉਨ੍ਹਾਂ ਕਿਹਾ, ‘‘ਹਰ ਇੱਕ ਨੇ ਕਿਹਾ ਕਿ ਜੇਕਰ ਦੋ ਦੇਸ਼ਾਂ ਨੂੰ ਇੱਕੋ ਵੇਲੇ ਆਜ਼ਾਦੀ ਮਿਲੀ ਅਤੇ ਇੱਕ ਦੇਸ਼ ਨੇ ਸਖ਼ਤ ਮਿਹਨਤ, ਠੋਸ ਨੀਤੀਆਂ ਅਤੇ ਦੂਰਦਰਸ਼ਤਾ ਨਾਲ ਫੇਰਾਰੀ ਵਰਗਾ ਅਰਥਚਾਰਾ ਖੜਾ ਕਰ ਲਿਆ, ਜਦਕਿ ਦੂਜਾ ਅਜੇ ਵੀ ਡੰਪਰ ਦੀ ਸਥਿਤੀ ਵਿੱਚ ਹੈ ਤਾਂ ਇਹ ਉਨ੍ਹਾਂ ਦੀ ਆਪਣੀ ਨਾਕਾਮੀ ਹੈ।"
ਰੱਖਿਆ ਮੰਤਰੀ ਨੇ ਮੁਨੀਰ ਦੀ ਪ੍ਰਮਾਣੂ ਧਮਕੀ ਦਾ ਸਿੱਧੇ ਤੌਰ ’ਤੇ ਜ਼ਿਕਰ ਕੀਤੇ ਬਿਨਾਂ ਕਿਹਾ ਕਿ ਅਪਰੇਸ਼ਨ ਸਿੰਧੂਰ ਨੇ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਭਾਰਤ ਦੇ ਨਜ਼ਰੀਏ ਨੂੰ ਦਰਸਾਇਆ ਹੈ।