ਮੁੰਬਈ: ਦਹੀਂ ਹਾਂਡੀ ਪ੍ਰੋਗਰਾਮ ਦੌਰਾਨ ਵੱਡਾ ਹਾਦਸਾ, 32 ਸਾਲਾ ‘ਗੋਵਿੰਦਾ’ ਦੀ ਮੌਤ; 75 ਲੋਕ ਜ਼ਖਮੀ
ਇੱਥੋਂ ਦੇ ਮਾਨਖੁਰਦ ਇਲਾਕੇ ਵਿੱਚ ਜਨਮਅਸ਼ਟਮੀ ਦੇ ਤਿਉਹਾਰ ਮੌਕੇ ‘ਦਹੀਂ ਹਾਂਡੀ ਪ੍ਰੋਗਰਾਮ’ ਦੌਰਾਨ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਇਸ ਪ੍ਰੋਗਰਾਮ ਦੌਰਾਨ ਰੱਸੀ ਬੰਨ੍ਹਦੇ ਸਮੇਂ 32 ਸਾਲਾ ਗੋਵਿੰਦਾ ਜਗਮੋਹਨ ਸ਼ਿਵਕਿਰਨ ਚੌਧਰੀ ਜ਼ਮੀਨ ’ਤੇ ਡਿੱਗ ਪਿਆ। ਉਸਨੂੰ ਤੁਰੰਤ ਸ਼ਤਾਬਦੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਜਗਮੋਹਨ ਸ਼ਿਵਕਿਰਨ ਚੌਧਰੀ ਵਜੋਂ ਹੋਈ ਹੈ। ਉਹ ਮਹਾਰਾਸ਼ਟਰ ਨਗਰ ਵਿੱਚ ਆਪਣੇ ਘਰ ਦੀ ਪਹਿਲੀ ਮੰਜ਼ਿਲ ਦੀ ਖਿੜਕੀ ਤੋਂ ਰੱਸੀ ਦੀ ਮਦਦ ਨਾਲ 'ਦਹੀ ਹਾਂਡੀ' ਬੰਨ੍ਹਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਦੌਰਾਨ ਉਹ ਡਿੱਗ ਪਿਆ ਅਤੇ ਉਸਦੀ ਮੌਤ ਹੋ ਗਈ। ਹਾਲਾਂਕਿ ਪੂਰੇ ਸ਼ਹਿਰ ਵਿੱਚ ਇਸ 75 ਲੋਕ ਜ਼ਖ਼ਮੀ ਹੋ ਗਏ ਹਨ।ਜ਼ਖ਼ਮੀਆਂ ਨੁੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।
ਨਗਰ ਨਿਗਮ ਦੇ ਅਧਿਕਾਰੀਆਂ ਨੇ ਕਿਹਾ ਕਿ ਇੱਕ ਨੌਂ ਸਾਲ ਦੇ ਲੜਕੇ ਸਮੇਤ ਦੋ ਦੀ ਹਾਲਤ ਗੰਭੀਰ ਹੈ।
ਤਾਨਾਜੀ ਨਗਰ ਦਾ ਰਹਿਣ ਵਾਲਾ ਆਰੀਅਨ ਯਾਦਵ (9) ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਕਾਂਦੀਵਾਲੀ ਦੇ ਇੱਕ ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਹੈ। ਇੱਕ ਹੋਰ ਗੰਭੀਰ ਜ਼ਖਮੀ ਗੋਵਿੰਦਾ ਸ਼੍ਰੇਅਸ ਚਲਕੇ (23) ਦਾ ਸਰਕਾਰੀ ਜੀਟੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਭਗਵਾਨ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਦਰਸਾਉਣ ਵਾਲਾ ਤਿਉਹਾਰ ਮਹਾਰਾਸ਼ਟਰ ਵਿੱਚ ਆਉਣ ਵਾਲੀਆਂ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਤੋਂ ਪਹਿਲਾਂ ਆਇਆ ਜਿਸ ਕਰਕੇ ਰਾਜਨੀਤਕ ਪਾਰਟੀਆਂ ਨੇ ਇਸ ਮੌਕੇ ’ਤੇ ਨਕਦ ਇਨਾਮਾਂ ਨਾਲ ‘ਦਹੀਂ ਹਾਂਡੀ’ ਸਮਾਗਮਾਂ ਦਾ ਆਯੋਜਨ ਕਰਕੇ ਨੋਜਵਾਨਾਂ ਨੂੰ ਲੁਭਾਉਣ ਲਈ ਕੀਤੀ ਗਈ।
ਸ਼ਹਿਰ ਭਰ ਵਿੱਚ ਕਈ ‘ਦਹੀ ਹਾਂਡੀ’ ਸਮਾਗਮਾਂ ਦਾ ਦੌਰਾ ਕਰਦਿਆਂ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸ਼ਿਵ ਸੈਨਾ (ਯੂਬੀਟੀ) ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਮੁੰਬਈ ਸਮੇਤ ਆਉਣ ਵਾਲੀਆਂ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵਿੱਚ ਸੱਤਾਧਾਰੀ ਗਠਜੋੜ ਦੀ ਜਿੱਤ ਬਹੁਤ ਨੇੜੇ ਹੈ।
ਦਸ ਦਈਏ ਕਿ ਹਰ ਸਾਲ ਮਹਾਰਾਸ਼ਟਰ ਦੇ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ’ਤੇ ਹਾਂਡੀ ਵਿੱਚ ਪ੍ਰੋਗਰਾਮ ਕਰਵਾਏ ਜਾਂਦੇ ਹਨ। ਦਰਅਸਲ ‘ਗੋਵਿੰਦਾ’ ਦਾ ਅਰਥ ਹੈ ਉਹ ਲੋਕ ਜੋ ਇੱਕ ਪਿਰਾਮਿਡ ਬਣਾ ਕੇ ਦਹੀਂ ਹਾਂਡੀ (ਉਚਾਈ 'ਤੇ ਲਟਕਦੇ ਦਹੀਂ ਅਤੇ ਮੱਖਣ ਨਾਲ ਭਰੇ ਭਾਂਡੇ) ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹਨ।