ਮੁੰਬਈ ਤੇ ਕੋਹਿਮਾ ਔਰਤਾਂ ਲਈ ਸਭ ਤੋਂ ਸੁਰੱਖਿਅਤ ਸ਼ਹਿਰ
ਕੌਮੀ ਸਾਲਾਨਾ ਰਿਪੋਰਟ ਅਤੇ ਮਹਿਲਾ ਸੁਰੱਖਿਆ ਸੂਚਕ ਅੰਕ (ਨਾਰੀ) 2025 ਅਨੁਸਾਰ, ਕੋਹਿਮਾ, ਵਿਸ਼ਾਖਾਪਟਨਮ, ਭੁਬਨੇਸ਼ਵਰ, ਆਇਜ਼ੋਲ, ਗੰਗਟੋਕ, ਈਟਾਨਗਰ ਅਤੇ ਮੁੰਬਈ ਔਰਤਾਂ ਲਈ ਦੇਸ਼ ਦੇ ਸਭ ਤੋਂ ਸੁਰੱਖਿਅਤ ਸ਼ਹਿਰ ਹਨ ਜਦੋਂਕਿ ਪਟਨਾ, ਜੈਪੁਰ, ਫਰੀਦਾਬਾਦ, ਦਿੱਲੀ, ਕੋਲਕਾਤਾ, ਸ੍ਰੀਨਗਰ ਅਤੇ ਰਾਂਚੀ ਨੂੰ ਸਭ ਤੋਂ ਹੇਠਲਾ ਦਰਜਾ ਦਿੱਤਾ ਗਿਆ ਹੈ। ਇਹ ਰਿਪੋਰਟ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜਯਾ ਰਾਹਤਕਰ ਨੇ ਅੱਜ ਜਾਰੀ ਕੀਤੀ। ਇਸ ਸਬੰਧੀ ਦੇਸ਼ ਦੇ 31 ਸ਼ਹਿਰਾਂ ਵਿੱਚੋਂ 12,770 ਔਰਤਾਂ ਦਾ ਸਰਵੇਖਣ ਕੀਤਾ ਗਿਆ ਸੀ। ਕੋਹਿਮਾ ਅਤੇ ਹੋਰ ਉੱਚ ਦਰਜੇ ਵਾਲੇ ਸ਼ਹਿਰਾਂ ਨੂੰ ਲਿੰਗ ਅਨੁਪਾਤ ਤੇ ਨਾਗਰਿਕ ਭਾਗੀਦਾਰੀ ਕਾਰਨ ਸੁਰੱਖਿਅਤ ਐਲਾਨਿਆ ਗਿਆ ਹੈ ਤੇ ਇੱਥੇ ਔਰਤਾਂ ਲਈ ਪੁਲੀਸ ਪ੍ਰਬੰਧ ਅਤੇ ਮਹਿਲਾ-ਅਨੁਕੂਲ ਬੁਨਿਆਦੀ ਢਾਂਚਾ ਮੌਜੂਦ ਹੈ। ਦੂਜੇ ਪਾਸੇ ਪਟਨਾ, ਜੈਪੁਰ ਤੇ ਹੋਰ ਸ਼ਹਿਰਾਂ ਵਿਚ ਹਾਲਾਤ ਇਸ ਦੇ ਉਲਟ ਹਨ।
ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਕਿਹਾ ਕਿ ਸੁਰੱਖਿਆ ਨੂੰ ਸਿਰਫ਼ ਕਾਨੂੰਨ ਅਤੇ ਵਿਵਸਥਾ ਦੇ ਮੁੱਦੇ ਵਜੋਂ ਨਹੀਂ ਦੇਖਿਆ ਜਾ ਸਕਦਾ, ਸਗੋਂ ਇੱਕ ਅਜਿਹੇ ਮੁੱਦੇ ਵਜੋਂ ਦੇਖਿਆ ਜਾ ਸਕਦਾ ਹੈ ਜੋ ਔਰਤ ਦੇ ਜੀਵਨ ਦੇ ਹਰ ਪਹਿਲੂ ਨੂੰ ਪ੍ਰਭਾਵਿਤ ਕਰਦਾ ਹੈ, ਭਾਵੇਂ ਉਹ ਉਸ ਦੀ ਸਿੱਖਿਆ, ਸਿਹਤ, ਕੰਮ ਦੇ ਮੌਕੇ ਅਤੇ ਆਵਾਜਾਈ ਦੀ ਆਜ਼ਾਦੀ ਹੋਵੇ। ਜਦੋਂ ਔਰਤਾਂ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ ਤਾਂ ਉਹ ਆਪਣੇ ਆਪ ਨੂੰ ਸੀਮਤ ਕਰ ਲੈਂਦੀਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੁਰੱਖਿਅਤ ਵਾਤਾਵਰਨ ਦੇਸ਼ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ, ‘ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਔਰਤਾਂ ਨੂੰ ਸਿਰਫ਼ ਸੜਕਾਂ ’ਤੇ ਹੋਣ ਵਾਲੇ ਅਪਰਾਧਾਂ ਤੋਂ ਹੀ ਨਹੀਂ ਸਗੋਂ ਸਾਈਬਰ ਅਪਰਾਧਾਂ, ਆਰਥਿਕ ਵਿਤਕਰੇ ਅਤੇ ਮਾਨਸਿਕ ਪ੍ਰੇਸ਼ਾਨੀ ਤੋਂ ਵੀ ਬਚਾਈਏ। ਪੀਟੀਆਈ