‘ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ’ ਵੋਟਾਂ ਖਰੀਦਣ ਦੀ ਕੋਸ਼ਿਸ਼: ਪ੍ਰਿਯੰਕਾ
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਿਹਾਰ ਵਿੱਚ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ’ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਔਰਤਾਂ ਨੂੰ ਸਨਮਾਨ ਦੇਣ ਦੀ ਬਜਾਏ ਵੋਟਾਂ ‘ਖਰੀਦਣ’ ਦੀ ਕੋਸ਼ਿਸ਼ ਹੈ। ਪਟਨਾ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਨੇ ਚੋਣਾਂ ਤੋਂ ਠੀਕ ਪਹਿਲਾਂ ਇਸ ਯੋਜਨਾ ਨੂੰ ਸ਼ੁਰੂ ਕਰਨ ’ਤੇ ਸਵਾਲ ਚੁੱਕੇ ਅਤੇ ਕਿਹਾ ਕਿ ਔਰਤਾਂ ਦਾ ਸਨਮਾਨ ਕਰਨ ਦਾ ਸਹੀ ਤਰੀਕਾ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਆਤਮ-ਨਿਰਭਰ ਬਣਾਉਣ ਵਿੱਚ ਮਦਦ ਕਰਨਾ ਹੈ। ਉਨ੍ਹਾਂ ਕਿਹਾ, ‘ਤੁਹਾਨੂੰ ਦੇਖਣਾ ਪਵੇਗਾ ਕਿ ਕਿਹੜੀ ਪਾਰਟੀ ਸਨਮਾਨ ਦੇ ਰਹੀ ਹੈ। ਸਨਮਾਨ ਦਾ ਮਤਲਬ ਚੋਣਾਂ ਤੋਂ ਸਿਰਫ਼ 10 ਦਿਨ ਪਹਿਲਾਂ 10,000 ਰੁਪਏ ਦੇਣਾ ਨਹੀਂ ਹੈ। ਇਹ ਵੋਟਾਂ ਖਰੀਦਣ ਦੀ ਕੋਸ਼ਿਸ਼ ਹੈ। ਤੁਹਾਡਾ ਸਨਮਾਨ ਉਦੋਂ ਹੋਵੇਗਾ ਜਦੋਂ ਤੁਹਾਨੂੰ ਮਹੀਨਾਵਾਰ ਤਨਖਾਹ ਮਿਲੇਗੀ।
ਭਾਜਪਾ ਦਾ ਦੂਜਾ ਨਾਂ ‘ਪੇਪਰ ਚੋਰ’: ਰਾਹੁਲ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਉੱਤਰਾਖੰਡ ਵਿੱਚ ਪੇਪਰ ਲੀਕ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦਾ ਸਮਰਥਨ ਕਰਦਿਆਂ ਕਿਹਾ ਕਿ ਬੁਰਜ਼ਗਾਰੀ ਸਿੱਧੇ ਤੌਰ ’ਤੇ ‘ਵੋਟ ਚੋਰੀ’ ਨਾਲ ਜੁੜੀ ਹੋਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦਾ ਦੂਜਾ ਨਾਂ ‘ਪੇਪਰ ਚੋਰ’ ਹੈ। ਉਨ੍ਹਾਂ ਐਕਸ ’ਤੇ ਕਿਹਾ ਕਿ ਭਾਜਪਾ ਨੂੰ ਨੌਜਵਾਨਾਂ ਦੇ ਰੁਜ਼ਗਾਰ ਦੀ ਕੋਈ ਚਿੰਤਾ ਨਹੀਂ, ਸਗੋਂ ਉਸ ਨੂੰ ‘ਵੋਟ ਚੋਰੀ’ ਕਰਕੇ ਸੱਤਾ ਵਿੱਚ ਬਣੇ ਰਹਿਣ ਦੀ ਫ਼ਿਕਰ ਹੈ। ਉਨ੍ਹਾਂ ਕਿਹਾ ਕਿ ਉੱਤਰਾਖੰਡ ਅਧੀਨ ਸੇਵਾਵਾਂ ਚੋਣ ਕਮਿਸ਼ਨ ਦੀ ਪ੍ਰੀਖਿਆ ਵਿੱਚ ਪੇਪਰ ਲੀਕ ਇਸ ਦੀ ਤਾਜ਼ਾ ਮਿਸਾਲ ਹੈ। -ਪੀਟੀਆਈ