ਮੁਈਵਾਹ 50 ਸਾਲਾਂ ਬਾਅਦ ਅੱਜ ਪਿੰਡ ਆਉਣਗੇ
ਮਨੀਪੁਰ ਦੇ ਉਖਰੂਲ ਜ਼ਿਲ੍ਹੇ ਦੇ ਸੋਮਦਲ ਪਿੰਡ ਦੇ ਲੋਕ ਐੱਨ ਐੱਸ ਸੀ ਐੱਨ (ਆਈਐੱਮ) ਮੁਖੀ ਟੀ ਮੁਈਵਾਹ ਦੇ ਸਵਾਗਤ ਲਈ ਤਿਆਰੀ ਕਰ ਰਹੇ ਹਨ। ਮੁਈਵਾਹ 50 ਸਾਲਾਂ ਦੇ ਵਕਫ਼ੇ ਮਗਰੋਂ 22 ਅਕਤੂਬਰ ਨੂੰ ਪਿੰਡ ਦਾ ਦੌਰਾ ਕਰਨਗੇ। ਸਥਾਨਕ ਲੋਕਾਂ ਨੇ ਨਾਗਾ ਆਗੂ ਮੂਈਵਾਹ (91) ਦੇ ਸਵਾਗਤ ਲਈ ਪਿੰਡ ’ਚ ਪੋਸਟਰ ਲਾਏ ਹੋਏ ਹਨ। ਮੁਈਵਾਹ ਪੰਜ ਦਹਾਕਿਆਂ ਤੋਂ ਵੀ ਵੱਧ ਸਮਾਂ ਪਹਿਲਾਂ ਅਤਿਵਾਦ ’ਚ ਸ਼ਾਮਲ ਹੋਣ ਲਈ ਆਪਣੀ ਜਨਮ ਭੋਇੰ ਤੋਂ ਚਲ ਗਏ ਸਨ।
ਇੱਕ ਅਧਿਕਾਰੀ ਨੇ ਦੱਸਿਆ ਕਿ 1997 ਵਿੱਚ ਐੱਨ ਐੱਸ ਸੀ ਐੱਨ (ਆਈਐੱਮ) ਵੱਲੋਂ ਗੋਲੀਬੰਦੀ ਦੇ ਸਮਝੌਤੇ ’ਤੇ ਦਸਤਖ਼ਤ ਕਰਨ ਮਗਰੋਂ ਕੇਂਦਰ ਨਾਲ ਨਾਗਾ ਸ਼ਾਂਤੀ ਗੱਲਬਾਤ ’ਚ ਮੁੱਖ ਵਾਰਤਾਕਾਰ ਦੀ ਭੂਮਿਕਾ ਨਿਭਾਅ ਰਹੇ ਮੁਈਵਾਹ ਦੇ ਦੀਮਾਪੁਰ ਲਈ ਰਵਾਨਾ ਹੋਣ ਤੋਂ ਪਹਿਲਾਂ ਇੱਕ ਹਫ਼ਤਾ ਸੋਮਦਲ ਪਿੰਡ ’ਚ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਦਾ ਤਜਵੀਜ਼ਤ ਦੌਰਾਨ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਮਨੀਪੁਰ ਮਈ 2023 ਤੋਂ ਮੈਤੇਈ ਤੇ ਕੁੱਕੀ-ਜ਼ੋ ਗੁੱਟਾਂ ਵਿਚਾਲੇ ਜਾਤੀ ਆਧਾਰਿਤ ਹਿੰਸਾ ਨਾਲ ਜੂਝ ਰਿਹਾ ਹੈ।
ਅਧਿਕਾਰੀ ਮੁਤਾਬਕ ਤੰਗਖੁਲ ਨਾਗਾ ਬਹੁਗਿਣਤੀ ਪਿੰਡ ਦੇ ਅਹੁੇਦੇਦਾਰ, ਵਿਦਿਆਰਥੀ ਜਥੇਬੰਦੀਆਂ, ਸਮਾਜ ਸੇਵੀ ਸੰਗਠਨ ਅਤੇ ਚਰਚ ਨਾਗਾ ਆਗੂ ਮੁਈਵਾਹ ਦਾ ਦੌਰਾ ਸਫਲ ਬਣਾਉਣ ਲਈ ਤਾਲਮੇਲ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।