ਸ੍ਰੀ ਬਾਦਲ ਨੇ ਦੋਸ਼ ਲਾਇਆ ਸੀ ਕਿ ਤਰਨ ਤਾਰਨ, ਅੰਮ੍ਰਿਤਸਰ, ਮੋਗਾ ਤੇ ਬਟਾਲਾ ਦੇ ਥਾਣਿਆਂ ’ਚ ਤਾਲਮੇਲ ਨਾਲ ‘ਫਰਜ਼ੀ ਤੇ ਬੇਬੁਨਿਆਦ’ ਕੇਸ ਦਰਜ ਕੀਤੇ ਹਨ। ਵੋਟਾਂ ਤੋਂ ਤਿੰਨ ਦਿਨ ਪਹਿਲਾਂ 8 ਨਵੰਬਰ ਨੂੰ ਚੋਣ ਕਮਿਸ਼ਨ ਨੇ ਤਰਨ ਤਾਰਨ ਦੀ ਤਤਕਾਲੀ ਐੱਸ ਐੱਸ ਪੀ ਰਵਜੋਤ ਕੌਰ ਗਰੇਵਾਲ ਨੂੰ ਮੁਅੱਤਲ ਕਰ ਦਿੱਤਾ ਸੀ।
- ਪੰਜਾਬ ਸਰਕਾਰ ਵੱਲੋਂ ਗੁਰੂ ਸਾਹਿਬਾਨ ਦੀ ਸ਼ਤਾਬਦੀ ਸਮਾਗਮ ਮੌਕੇ ਉੱਚ ਵਿੱਦਿਅਕ ਅਦਾਰੇ ਖੋਲ੍ਹਣ ਦੇ ਐਲਾਨ ਤਾਂ ਕੀਤੇ ਗਏ ਪਰ ਵਾਹ-ਵਾਹ ਖੱਟਣ ਮਗਰੋਂ ਸਰਕਾਰਾਂ ਨੇ ਇਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਪੰਜਾਬ ਸਰਕਾਰ ਨੇ ਅੱਜ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਆਨੰਦਪੁਰ ਸਾਹਿਬ ’ਚ ਨੌਵੇਂ ਪਾਤਸ਼ਾਹ ਦੇ ਨਾਮ ’ਤੇ ਵਿਸ਼ਵ ਪੱਧਰੀ ਯੂਨੀਵਰਸਿਟੀ ਬਣਾਉਣ ਦਾ ਐਲਾਨ ਕੀਤਾ ਹੈ, ਜਦੋਂ ਪਿਛਲੇ ਐਲਾਨਾਂ ਦੀ ਹਕੀਕਤ ਦੇਖਦੇ ਹਨ ਤਾਂ ਅੱਗਾ ਦੌੜ ਪਿੱਛਾ ਚੌੜ ਨਜ਼ਰ ਆਉਂਦਾ ਹੈ।
ਕਾਂਗਰਸ ਦੀ ਕੈਪਟਨ ਸਰਕਾਰ ਨੇ ਗੁਰੂ ਤੇਗ ਬਹਾਦਰ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਤੇਗ਼ ਬਹਾਦਰ ਸਟੇਟ ਯੂਨੀਵਰਸਿਟੀ ਆਫ਼ ਲਾਅ, ਤਰਨ ਤਾਰਨ ਬਣਾਉਣ ਦਾ ਐਲਾਨ ਕੀਤਾ ਸੀ। ਪੰਜਾਬ ਕੈਬਨਿਟ ਨੇ ਇਸ ਯੂਨੀਵਰਸਿਟੀ ਨੂੰ ਅਗਸਤ 2020 ’ਚ ਪ੍ਰਵਾਨਗੀ ਦਿੱਤੀ ਸੀ, ਜੋ ਪਿੰਡ ਕੈਰੋਂ ’ਚ ਬਣਨੀ ਸੀ। ਪੰਜ ਵਰ੍ਹਿਆਂ ਮਗਰੋਂ ਇਸ ਯੂਨੀਵਰਸਿਟੀ ਦੀ ਸਿਰਫ਼ ਚਾਰਦੀਵਾਰੀ ਹੀ ਹੋ ਸਕੀ ਹੈ ਅਤੇ ’ਵਰਸਿਟੀ ਨੂੰ ਪੱਕੀ ਇਮਾਰਤ ਹੀ ਨਹੀਂ ਮਿਲੀ। ਸਾਲ 2021 ਤੋਂ ਇਹ ਯੂਨਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਕੈਂਪਸ ’ਚ ਹੀ ਚੱਲ ਰਹੀ ਹੈ। ਇਸ ਲਾਅ ’ਵਰਸਿਟੀ ਨੂੰ ਹਾਲੇ ਤੱਕ ਨਾ ਕੋਈ ਰੈਗੂਲਰ ਉਪ ਕੁਲਪਤੀ ਜਾਂ ਰੈਗੂਲਰ ਰਜਿਸਟਰਾਰ ਵੀ ਨਹੀਂ ਮਿਲਿਆ। ਰੈਗੂਲਰ ਸਟਾਫ਼ ਵੀ ਨਹੀਂ ਹੈ। ਮੌਜੂਦਾ ਸਰਕਾਰ ਨੇ ’ਵਰਸਿਟੀ ਦੀ ਉਸਾਰੀ ਲਈ ਪਹਿਲੀ ਕਿਸ਼ਤ ਵਜੋਂ 6.75 ਕਰੋੜ ਰੁਪਏ ਸਤੰਬਰ 2022 ’ਚ ਦਿੱਤੇ ਸਨ।
Advertisementਤਰਨ ਤਾਰਨ ਦੇ ਪ੍ਰੋ. ਅਮਨਪ੍ਰੀਤ ਸਿੰਘ ਗਿੱਲ, ਜੋ ਦਿੱਲੀ ਦੇ ਖ਼ਾਲਸਾ ਕਾਲਜ ’ਚ ਤਾਇਨਾਤ ਹਨ, ਨੇ ਕਿਹਾ ਕਿ ਸਰਕਾਰਾਂ ਦਾ ਗੁਰੂ ਸਾਹਿਬਾਨ ਪ੍ਰਤੀ ਕਿੰਨਾ ਸਤਿਕਾਰ ਤੇ ਅਦਬ ਹੈ, ਉਸ ਦੀ ਮਿਸਾਲ ਇਹ ਲਾਅ ਯੂਨੀਵਰਸਿਟੀ ਹੈ। ਉਨ੍ਹਾਂ ਕਿਹਾ ਕਿ ਇਸ ਯੂਨੀਵਰਸਿਟੀ ਦਾ ਵਾਧੂ ਚਾਰਜ ਸ਼ੁਰੂ ਤੋਂ ਹੀ ਗੁਰੂ ਨਾਨਕ ਦੇਵ ਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਕੋਲ ਹੀ ਹੈ। ਇਸ ’ਵਰਸਿਟੀ ਦੀ ਵੈੱਬਸਾਈਟ ਵੀ ਕਿਸੇ ਨੇ ਫ਼ਰਜ਼ੀ ਬਣਾ ਲਈ ਹੈ।
ਇਸੇ ਤਰ੍ਹਾਂ ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਪੁਰਬ ਮੌਕੇ ਕੈਪਟਨ ਅਮਰਿੰਦਰ ਸਿੰਘ ਦੀ ਤਤਕਾਲੀ ਸਰਕਾਰ ਨੇ ਗੁਰੂ ਨਾਨਕ ਦੇਵ ਨੂੰ ਸਮਰਪਿਤ ‘ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ’ ਬਣਾਉਣ ਦਾ ਐਲਾਨ ਕੀਤਾ। ਸਰਕਾਰ ਨੇ 24 ਅਕਤੂਬਰ 2019 ਨੂੰ ਇਸ ਓਪਨ ’ਵਰਸਿਟੀ ਨੂੰ ਕੈਬਨਿਟ ’ਚ ਪਾਸ ਹਾਲੇ ਤੱਕ ਇਸ ਓਪਨ ’ਵਰਸਿਟੀ ਨੂੰ ਆਪਣੀ ਇਮਾਰਤ ਨਹੀਂ ਮਿਲੀ। ਕੇਂਦਰ ਸਰਕਾਰ ਨੇ ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਲਈ 15 ਕਰੋੜ ਦੀ ਗਰਾਂਟ ਭੇਜੀ ਹੈ ਪਰ ਇਮਾਰਤ ਨਾ ਹੋਣ ਕਰਕੇ ਗਰਾਂਟ ਵਰਤੀ ਹੀ ਨਹੀਂ ਜਾ ਸਕੀ। ਇਸ ਵੇਲੇ ਇਹ ਯੂਨੀਵਰਸਿਟੀ, ਸਰਕਾਰੀ ਮਹਿੰਦਰਾ ਕਾਲਜ ਦੇ ਪ੍ਰਿੰਸੀਪਲ ਦੀ ਕੋਠੀ ’ਚ ਚੱਲ ਰਹੀ ਹੈ ਜਿੱਥੇ ਉਪ ਕੁਲਪਤੀ ਆਦਿ ਦਾ ਦਫ਼ਤਰ ਹੈ। ਕਾਲਜ ਦੇ ਤਿੰਨ ਕਮਰਿਆਂ ’ਚ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਚੱਲ ਰਹੀ ਹੈ। ਸਭ ਤੋਂ ਪਹਿਲਾਂ ਯੂਨੀਵਰਸਿਟੀ ਲਈ ਪਟਿਆਲਾ ਦੇ ਪਿੰਡ ਤਹੇੜਾ ’ਚ ਪੰਚਾਇਤ ਦੀ 42 ਏਕੜ ਜ਼ਮੀਨ ਅਲਾਟ ਹੋਈ ਪਰ ਉਸ ਦਾ ਕਬਜ਼ਾ ਨਹੀਂ ਮਿਲ ਸਕਿਆ। ਫਿਰ ਪਿੰਡ ਪਹਾੜਪੁਰ ’ਚ ਪੰਚਾਇਤ ਦੀ ਲਗਪਗ 32 ਏਕੜ ਜ਼ਮੀਨ ਅਲਾਟ ਹੋਈ ਪਰ ਉਸ ਦਾ ਕਬਜ਼ਾ ਵੀ ਨਹੀਂ ਮਿਲਿਆ। ਆਖਰ ’ਵਰਸਿਟੀ ਲਈ ਜ਼ਿਲ੍ਹੇ ਦੇ ਪਿੰਡ ਬਹਿਲ ’ਚ 11.50 ਏਕੜ ਜ਼ਮੀਨ ਅਲਾਟ ਹੋ ਗਈ, ਜਿਸ ਵਾਸਤੇ ਕੋਈ ਸਿੱਧਾ ਰਸਤਾ ਹੀ ਨਹੀਂ ਹੈ। ਯੂਨੀਵਰਸਿਟੀ ਹੁਣ ਨਵੇਂ ਰਾਹ ਲੱਭ ਰਹੀ ਹੈ। ਓਪਨ ਵਰਸਿਟੀ ਕੋਲ ਰੈਗੂਲਰ ਸਟਾਫ਼ ਅਤੇ ਵਾਈਸ ਚਾਂਸਲਰ ਤਾਂ ਹੈ ਪਰ ਇਮਾਰਤ ਨਹੀਂ ਹੈ।
ਇਸ ਤੋਂ ਇਲਾਵਾ ਕਾਂਗਰਸ ਸਰਕਾਰ ਸਮੇਂ ਚਮਕੌਰ ਸਾਹਿਬ ਦੀ ਧਰਤੀ ’ਤੇ 2019 ਵਿੱਚ ‘ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ’ ਬਣਨਾ ਸ਼ੁਰੂ ਹੋਇਆ ਜਿਸ ਨੇ ਮਗਰੋਂ ਯੂਨੀਵਰਸਿਟੀ ਦਾ ਰੂਪ ਲੈਣਾ ਸੀ। ਕਾਂਗਰਸ ਸਰਕਾਰ ਨੇ ਇਸ ਇੰਸਟੀਚਿਊਟ ਲਈ 42 ਏਕੜ ਜ਼ਮੀਨ ਐਕੁਆਇਰ ਕੀਤੀ ਤੇ ਕਰੀਬ 150 ਕਰੋੜ ਦੀ ਲਾਗਤ ਨਾਲ ਕੈਂਪਸ ’ਚ ਇਮਾਰਤਾਂ ਦੀ ਉਸਾਰੀ ਕੀਤੀ। ਸਰਕਾਰ ਬਦਲਣ ਮਗਰੋਂ ਮੌਜੂਦਾ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਹੁਣ ਦੇਖਣਾ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਅੱਜ ਐਲਾਨੀ ਵਿਸ਼ਵ ਪੱਧਰੀ ਵਰਸਿਟੀ ਕਿੰਨੇ ਕੁ ਸਮੇਂ ’ਚ ਹਕੀਕਤ ਬਣਦੀ ਹੈ।
ਸਰਕਾਰ ਦੀ ਬੇਧਿਆਨੀ ਕਾਰਨ ਇਮਾਰਤ ਖੰਡਰ ਬਣੀ: ਚੰਨੀ
ਸੰਸਦ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ‘ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ’ ਦੀ ਆਲੀਸ਼ਾਨ ਇਮਾਰਤ ਸਰਕਾਰੀ ਬੇਧਿਆਨੀ ਕਾਰਨ ਹੁਣ ਖੰਡਰ ਹੋ ਰਹੀ ਹੈ।
ਮੌਜੂਦਾ ਸਰਕਾਰ ਨੇ ਇਮਾਰਤ ’ਚੋਂ ਇੱਕ ਵਾਰ ਘਾਹ ਦੀ ਕਟਾਈ ਜ਼ਰੂਰ ਕਰਾਈ ਹੈ ਪਰ ਚਾਰ ਸਾਲਾਂ ’ਚ ਹੋਰ ਕੋਈ ਪੈਸਾ ਨਹੀਂ ਖ਼ਰਚਿਆ। ਇਹ ਇੰਸਟੀਚਿਊਟ ਚਾਲੂ ਹੋਣ ਨਾਲ ਨੌਜਵਾਨਾਂ ਨੂੰ ਹੁਨਰ ਮਿਲਣਾ ਸੀ।
