ਮਾਂ-ਧੀ ਨੇ ਇਕੱਠਿਆਂ ਪਾਸ ਕੀਤੀ NEET ਪ੍ਰੀਖਿਆ
ਜਦੋਂ ਕੁੱਝ ਕਰ ਜਾਣ ਦਾ ਪੱਕਾ ਟੀਚਾ ਹੋਵੇਂ ਤਾਂ ਵੱਡੇਰੀ ਉਮਰ ਔਕੜ ਦੀ ਥਾਂ ਤਜ਼ਰਬਾ ਬਣਕੇ ਵੀ ਉੱਭਰ ਆਉਂਦੀ ਹੈ। ਇਸੇ ਤਰ੍ਹਾਂ ਦੇ ਪੱਕੇ ਇਰਾਦੇ ਦੇ ਚਲਦਿਆਂ ਤਮਿਲਨਾਡੂ ਦੀ ਇੱਕ 49 ਸਾਲਾ ਫਿਜ਼ੀਓਥੈਰੇਪਿਸਟ ਅਤੇ ਉਸਦੀ ਧੀ ਨੇ ਇਕੱਠਿਆਂ NEET ਦੀ ਪ੍ਰੀਖਿਆ ਪਾਸ ਕੀਤੀ ਹੈ। ਜਿੱਥੇ ਮਾਂ ਨੇ ਆਪਣੇ ਗ੍ਰਹਿ ਜ਼ਿਲ੍ਹੇ ਦੇ ਨੇੜੇ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਸੀਟ ਹਾਸਲ ਕਰ ਲਈ ਹੈ, ਉੱਥੇ ਹੀ ਧੀ ਆਪਣੀ ਯਾਤਰਾ ਸ਼ੁਰੂ ਕਰਨ ਲਈ ਤਿਆਰ ਹੈ।
ਅਮੁਥਾਵੱਲੀ ਮਨੀਵੰਨਨ ਨੂੰ ਸਿਲੇਬਸ ਬਹੁਤ ਔਖਾ ਅਤੇ ਆਪਣੇ ਸਕੂਲ ਦੇ ਦਿਨਾਂ ਤੋਂ ਬਿਲਕੁਲ ਵੱਖਰਾ ਲੱਗਿਆ ਪਰ ਫੇਰ ਵੀ ਕੌਮੀ ਪੱਧਰ ਦੀ ਇਸ ਪ੍ਰੀਖਿਆ ਲਈ ਆਪਣੀ ਧੀ ਦੀ ਤਿਆਰੀ ਤੋਂ ਪ੍ਰੇਰਿਤ ਹੋ ਕੇ, ਉਸ ਨੇ ਵੀ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ।
ਅਮੁਥਾਵੱਲੀ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ, ‘‘ਮੇਰੀ ਧੀ ਨੂੰ NEET ਦੀ ਤਿਆਰੀ ਕਰਦੇ ਦੇਖ ਕੇ ਮੇਰੀ ਇੱਛਾ ਮੁੜ ਜਾਗ ਪਈ। ਉਹ ਮੇਰੀ ਸਭ ਤੋਂ ਵੱਡੀ ਪ੍ਰੇਰਣਾ ਸੀ। ਮੈਂ ਉਸ ਦੀਆਂ ਕਿਤਾਬਾਂ ਲਈਆਂ ਅਤੇ ਪ੍ਰੀਖਿਆ ਦੀ ਤਿਆਰੀ ਕੀਤੀ।’’ ਸੀਬੀਐੱਸਈ ਦੀ ਵਿਦਿਆਰਥਣ ਐੱਮ. ਸੰਯੁਕਤਾ ਨੇ ਇਸ ਪ੍ਰੀਖਿਆ ਲਈ ਕੋਚਿੰਗ ਲਈ ਸੀ ਅਤੇ ਜਿਨ੍ਹਾਂ ਕਿਤਾਬਾਂ ਨੂੰ ਉਸ ਨੇ ਪੜ੍ਹਿਆ ਸੀ, ਉਨ੍ਹਾਂ ਨੇ ਉਸਦੀ ਮਾਂ ਦੀ ਵੀ ਮਦਦ ਕੀਤੀ।
ਉਸਨੇ ਕਿਹਾ, ‘‘ਜਦੋਂ ਮੈਂ ਆਪਣਾ ਪੜ੍ਹਿਆ ਹੋਇਆ ਕਿਸੇ ਨੂੰ ਦੁਬਾਰਾ ਸੁਣਾਉਂਦੀ ਹਾਂ ਤਾਂ ਮੈਨੂੰ ਯਾਦ ਕਰਨਾ ਸੌਖਾ ਲੱਗਦਾ ਹੈ। ਮੇਰੀ ਮਾਂ ਮੈਡੀਕਲ ਪਿਛੋਕੜ ਹੋਣ ਕਰਕੇ ਧਿਆਨ ਨਾਲ ਮੈਨੂੰ ਸੁਣਦੀ ਸੀ।’’
30 ਜੁਲਾਈ ਨੂੰ ਜਦੋਂ ਤਮਿਲਨਾਡੂ ਮੈਡੀਕਲ ਦਾਖਲੇ ਲਈ ਕਾਉਂਸਲਿੰਗ ਸ਼ੁਰੂ ਹੋਈ ਅਮੁਥਾਵੱਲੀ ਆਪਣੀ ਧੀ ਦੇ ਨਾਲ ਇੱਥੇ ਦਿਵਿਆਂਗਜਨ (PwD) ਸ਼੍ਰੇਣੀ ਦੇ ਤਹਿਤ ਕਾਉਂਸਲਿੰਗ ਵਿੱਚ ਸ਼ਾਮਲ ਹੋਈ ਅਤੇ ਆਪਣੇ ਜੱਦੀ ਸ਼ਹਿਰ ਤੇਨਕਾਸੀ ਦੇ ਨੇੜੇ ਵਿਰੁਧੁਨਗਰ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਦਾਖਲਾ ਲੈਣ ਨੂੰ ਤਰਜੀਹ ਦਿੱਤੀ। ਉਸਨੇ NEET ਵਿੱਚ 147 ਅੰਕ ਪ੍ਰਾਪਤ ਕੀਤੇ।
ਅਮੁਥਾਵੱਲੀ ਨੇ ਦੱਸਿਆ ਕਿ ਉਸਨੇ ਲਗਭਗ ਤਿੰਨ ਦਹਾਕੇ ਪਹਿਲਾਂ ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਐੱਮਬੀਬੀਐੱਸ ਕੋਰਸ ਵਿੱਚ ਦਾਖਲਾ ਲੈਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਸਫਲ ਨਹੀਂ ਹੋ ਸਕੀ। ਉਸ ਨੂੰ ਇਸ ਦੀ ਬਜਾਏ ਫਿਜ਼ੀਓਥੈਰੇਪੀ ਕਰਨੀ ਪਈ।
ਪੱਤਰਕਾਰਾਂ ਨਾਲ ਗੱਲ ਕਰਦਿਆਂ, ਸੰਯੁਕਤਾ ਨੇ ਕਿਹਾ, "ਮੈਂ ਆਪਣੀ ਮਾਂ ਨਾਲ ਉਸੇ ਕਾਲਜ ਵਿੱਚ ਨਹੀਂ ਪੜ੍ਹਨਾ ਚਾਹੁੰਦੀ। ਮੈਂ ਜਨਰਲ ਕੋਟੇ ਵਿੱਚ ਮੁਕਾਬਲਾ ਕਰਨਾ ਅਤੇ ਕਿਤੇ ਹੋਰ, ਸ਼ਾਇਦ ਰਾਜ ਤੋਂ ਬਾਹਰ ਪੜ੍ਹਨਾ ਚਾਹੁੰਦੀ ਹਾਂ।" ਉਸਨੇ NEET ਵਿੱਚ 450 ਅੰਕ ਪ੍ਰਾਪਤ ਕੀਤੇ ਹਨ।