ਮਾਊਂਟ ਐਵਰੈਸਟ ’ਤੇ ਬਰਫ਼ੀਲੇ ਤੂਫ਼ਾਨ ਮਗਰੋਂ 200 ਤੋਂ ਵੱਧ ਪਰਬਤਾਰੋਹੀ ਫਸੇ
350 ਹੋਰਾਂ ਨੂੰ ਪਿੰਡਾਂ ਦੇ ਲੋਕਾਂ ਅਤੇ ਬਚਾਅ ਟੀਮਾਂ ਨੇ ਸੁਰੱਖਅਿਤ ਥਾਵਾਂ ’ਤੇ ਪਹੁੰਚਾਇਆ
Advertisement
ਮਾਊਂਟ ਐਵਰੈਸਟ ਦੀਆਂ ਤਿੱਬਤੀ ਢਲਾਣਾਂ ’ਤੇ ਬਰਫੀਲਾ ਤੂਫਾਨ ਆਉਣ ਤੋਂ ਬਾਅਦ 200 ਤੋਂ ਵੱਧ ਪਰਬਤਾਰੋਹੀ ਫਸ ਗਏ ਹਨ, ਜਦਕਿ 350 ਹੋਰਾਂ ਨੂੰ ਪਿੰਡ ਵਾਸੀਆਂ ਅਤੇ ਬਚਾਅ ਟੀਮਾਂ ਨੇ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਦਿੱਤਾ ਹੈ। ਐਤਵਾਰ ਨੂੰ ਕੈਂਪਾਂ ਵਾਲੀਆਂ ਥਾਵਾਂ ’ਤੇ ਫਸੇ ਪਰਬਤਾਰੋਹੀਆਂ ਦੀ ਸਥਿਤੀ ਬਰਫ਼ਬਾਰੀ ਹੋਣ ਕਾਰਨ ਹੋਰ ਵੀ ਖ਼ਰਾਬ ਹੋ ਗਈ। ਸੈਂਕੜੇ ਸਥਾਨਕ ਪਿੰਡ ਵਾਸੀ ਅਤੇ ਬਚਾਅ ਕਰਮੀ ਜ਼ਰੂਰੀ ਵਸਤਾਂ ਲੈ ਕੇ ਘਟਨਾ ਸਥਾਨ ਵੱਲ ਪੁੱਜੇ, ਜਿੱਥੇ ਸ਼ੁੱਕਰਵਾਰ ਤੋਂ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ।ਬੀ ਬੀ ਸੀ ਨੇ ਅੱਜ ਸਰਕਾਰੀ ਚੈਨਲ ਸੀ ਸੀ ਟੀ ਵੀ ਦੇ ਹਵਾਲੇ ਨਾਲ ਦੱਸਿਆ ਕਿ 200 ਤੋਂ ਵੱਧ ਪਰਬਤਾਰੋਹੀ ਬਰਫ਼ੀਲੇ ਤੂਫਾਨ ਵਿੱਚ ਫਸੇ ਹੋਏ ਹਨ। ਲਗਪਗ 350 ਪਰਬਤਾਰੋਹੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਪਹਿਲਾਂ ਦੀਆਂ ਖ਼ਬਰਾਂ ਵਿੱਚ ਕਿਹਾ ਗਿਆ ਸੀ ਕਿ ਚੀਨ ਵੱਲ ਸਥਿਤ ਕਰਮਾ ਘਾਟੀ ਵਿੱਚ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੀਆਂ ਢਲਾਣਾਂ ’ਤੇ 1000 ਤੋਂ ਜ਼ਿਆਦਾ ਸੈਲਾਨੀ ਪਰਬਤਾਰੋਹੀ ਫਸੇ ਹੋਏ ਹਨ। ਫਸੇ ਹੋਏ ਪਰਬਤਾਰੋਹੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਵੀਡੀਓ ਅਤੇ ਪ੍ਰਤੱਖਦਰਸ਼ੀਆਂ ਦੇ ਬਿਆਨਾਂ ਤੋਂ ਪਤਾ ਲੱਗਦਾ ਹੈ ਕਿ ਐਤਵਾਰ ਨੂੰ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਬਰਫ਼ਬਾਰੀ ਕਾਰਨ ਰਸਤੇ ਪੂਰੀ ਤਰ੍ਹਾਂ ਬਰਫ਼ ਵਿੱਚ ਦੱਬ ਗਏ।
ਚੀਨ ਵਿੱਚ ਮਾਊਂਟ ਐਵਰੈਸਟ ਨੂੰ ਮਾਊਂਟ ਕਿਓਮੋਲੰਗਮਾ ਕਿਹਾ ਜਾਂਦਾ ਹੈ, ਜਿਸ ਦੀ ਉਚਾਈ 8849 ਮੀਟਰ ਤੋਂ ਵੱਧ ਹੈ ਅਤੇ ਇਹ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਹੈ। ਇਸ ਦਰਮਿਆਨ, ਦੱਖਣੀ ਚੀਨ ਦੇ ਗੁਆਂਗਡੌਂਗ ਪ੍ਰਾਂਤ ਦੇ ਜ਼ਾਨਜਿਆਂਗ ਸ਼ਹਿਰ ਦੇ ਸ਼ੁਵੇਨ ਕਾਊਂਟੀ ਦੇ ਪੂਰਬੀ ਤੱਟ ’ਤੇ ਐਤਵਾਰ ਨੂੰ ਤੂਫਾਨ ਮੈਤਮੋ ਨੇ ਦਸਤਕ ਦਿੱਤੀ। ਸਥਾਨਕ ਸਰਕਾਰਾਂ ਨੇ ਗੁਆਂਗਡੌਂਗ ਅਤੇ ਹੈਨਾਨ ਦੇ ਦੱਖਣੀ ਪ੍ਰਾਂਤਾਂ ਤੋਂ ਲਗਪਗ 3,47,000 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ।
Advertisement
Advertisement