ਇੰਡੀਗੋ ਦੀਆਂ 100 ਤੋਂ ਵੱਧ ਉਡਾਣਾਂ ਰੱਦ
ਇੰਡੀਗੋ ਏਅਰਲਾਈਨਜ਼ ਨੇ ਸਟਾਫ ਦੀ ਘਾਟ ਕਾਰਨ ਅੱਜ ਬੰਗਲੂਰੂ ਅਤੇ ਮੁੰਬਈ ਸਣੇ ਵੱਖ-ਵੱਖ ਹਵਾਈ ਅੱਡਿਆਂ ਤੋਂ ਚੱਲਣ ਵਾਲੀਆਂ 100 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ।ਹਵਾਬਾਜ਼ੀ ਨਿਗਰਾਨ ਸੰਸਥਾ ਡੀਜੀਸੀਏ ਨੇ ਕਿਹਾ ਕਿ ਉਹ ਇੰਡੀਗੋ ਦੀਆਂ ਉਡਾਣਾਂ ਵਿੱਚ ਆਈ ਸਮੱਸਿਆ ਦੀ ਜਾਂਚ ਕਰ ਰਹੀ ਹੈ। ਉਸ ਨੇ ਏਅਰਲਾਈਨ ਨੂੰ ਉਡਾਣਾਂ ਰੱਦ ਹੋਣ ਸਬੰਧੀ ਸਪਸ਼ਟੀਕਰਨ ਦੇਣ ਦੇ ਨਾਲ ਨਾਲ ਦੇਰੀ ਦੀਆਂ ਘਟਨਾਵਾਂ ਰੋਕਣ ਲਈ ਯੋਜਨਾ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
ਸੂਤਰਾਂ ਨੇ ਦੱਸਿਆ ਕਿ ਵੱਖ-ਵੱਖ ਹਵਾਈ ਅੱਡਿਆਂ ’ਤੇ ਇੰਡੀਗੋ ਦੀਆਂ ਕਈ ਉਡਾਣਾਂ ਲੇਟ ਹੋਈਆਂ, ਕਿਉਂਕਿ ਏਅਰਲਾਈਨ ਨੂੰ ਆਪਣੀਆਂ ਉਡਾਣਾਂ ਦੇ ਸੰਚਾਲਨ ਲਈ ਸਟਾਫ ਇਕੱਠਾ ਕਰਨ ਲਈ ਸੰਘਰਸ਼ ਕਰਨਾ ਪਿਆ। ਇੰਡੀਗੋ ਨੇ ਉਡਾਣਾਂ ਰੱਦ ਹੋਣ ਅਤੇ ਦੇਰੀ ਦੀ ਗੱਲ ਸਵੀਕਾਰ ਕੀਤੀ ਹੈ। ਸੂਤਰਾਂ ਅਨੁਸਾਰ ਵੱਖ ਵੱਖ ਹਵਾਈ ਅੱਡਿਆਂ ’ਤੇ ਇੰਡੀਗੋ ਦੀਆਂ 100 ਉਡਾਣਾਂ ਰੱਦ ਹੋਈਆਂ ਹਨ। ਬੰਗਲੌਰ ਹਵਾਈ ਅੱਡੇ ’ਤੇ 42, ਦਿੱਲੀ ਵਿੱਚ 38, ਮੁੰਬਈ ਵਿੱਚ 33 ਅਤੇ ਹੈਦਰਾਬਾਦ ਵਿੱਚ 19 ਉਡਾਣਾਂ ਰੱਦ ਹੋਈਆਂ ਹਨ। ਉਧਰ, ਕਈ ਯਾਤਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਟੈਗ ਕਰਦਿਆਂ ਉਡਾਣਾਂ ਵਿੱਚ ਦੇਰੀ ਅਤੇ ਰੱਦ ਹੋਣ ਬਾਰੇ ਸੋਸ਼ਲ ਮੀਡੀਆ ’ਤੇ ਪੋਸਟਾਂ ਪਾਈਆਂ ਹਨ। ਉਧਰ, ਇੰਡੀਗੋ ਨੇ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦੂਰ ਕਰਨ ਲਈ ਏਅਰਲਾਈਨ ਦੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ।
ਏਅਰਲਾਈਨ ਦੇ ਬੁਲਾਰੇ ਨੇ ਬਿਆਨ ਵਿੱਚ ਕਿਹਾ, ‘‘ਪਿਛਲੇ ਕੁਝ ਦਿਨਾਂ ਵਿੱਚ ਵੱਖ-ਵੱਖ ਕਾਰਨਾਂ, ਜਿਨ੍ਹਾਂ ਵਿੱਚ ਤਕਨੀਕੀ ਖਰਾਬੀ, ਹਵਾਈ ਅੱਡੇ ਦੀ ਭੀੜ ਅਤੇ ਸੰਚਾਲਨ ਦੀਆਂ ਲੋੜਾਂ ਸ਼ਾਮਲ ਹਨ, ਕਾਰਨ ਕਈ ਉਡਾਣਾਂ ਲੇਟ ਅਤੇ ਕੁਝ ਰੱਦ ਹੋਈਆਂ ਹਨ।’’ ਸੂਤਰਾਂ ਅਨੁਸਾਰ ਫਲਾਈਟ ਡਿਊਟੀ ਟਾਈਮ ਲਿਮਿਟੇਸ਼ਨ (ਐੱਫ ਡੀ ਈ ਐੱਲ) ਨਿਯਮਾਂ ਦੇ ਦੂਜੇ ਗੇੜ ਨੂੰ ਲਾਗੂ ਕਰਨ ਤੋਂ ਬਾਅਦ ਇੰਡੀਗੋ ਨੂੰ ਸਟਾਫ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਹਵਾਈ ਅੱਡਿਆਂ ’ਤੇ ਉਡਾਣਾਂ ਦਾ ਸੰਚਾਲਨ ਪ੍ਰਭਾਵਿਤ ਹੋ ਰਿਹਾ ਹੈ। ਮੰਗਲਵਾਰ ਨੂੰ ਏਅਰਲਾਈਨ ਲਈ ਸਥਿਤੀ ਕਾਫ਼ੀ ਖਰਾਬ ਸੀ ਪਰ ਅੱਜ ਇਹ ਹੋਰ ਵੀ ਬਦਤਰ ਹੋ ਗਈ। ਇਸ ਕਾਰਨ ਦੇਸ਼ ਭਰ ਦੇ ਹਵਾਈ ਅੱਡਿਆਂ ਤੋਂ ਕਈ ਉਡਾਣਾਂ ਰੱਦ ਅਤੇ ਲੇਟ ਹੋਈਆਂ।
ਨਵੇਂ ਨਿਯਮ, ਜਿਨ੍ਹਾਂ ਵਿੱਚ ਹਫ਼ਤਾਵਾਰੀ ਆਰਾਮ ਦੀ ਮਿਆਦ ਵਧਾ ਕੇ 48 ਘੰਟੇ ਕਰਨਾ, ਰਾਤ ਦੇ ਘੰਟਿਆਂ ਦਾ ਵਿਸਥਾਰ ਕਰਨਾ ਅਤੇ ਰਾਤ ਨੂੰ ਉਤਰਨ ਦੀ ਗਿਣਤੀ ਛੇ ਦੇ ਮੁਕਾਬਲੇ ਸਿਰਫ਼ ਦੋ ਤੱਕ ਸੀਮਤ ਕਰਨਾ ਸ਼ਾਮਲ ਹੈ, ਦਾ ਇੰਡੀਗੋ ਅਤੇ ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰ ਇੰਡੀਆ ਸਮੇਤ ਘਰੇਲੂ ਏਅਰਲਾਈਨਾਂ ਨੇ ਵਿਰੋਧ ਕੀਤਾ ਸੀ ਪਰ ਦਿੱਲੀ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਡੀ ਜੀ ਸੀ ਏ ਨੇ ਇਸ ਨੂੰ ਲਾਗੂ ਕਰ ਦਿੱਤਾ ਸੀ।
ਹਵਾਈ ਅੱਡਿਆਂ ’ਤੇ ਚੈੱਕ-ਇਨ ਸਿਸਟਮ ਵਿੱਚ ਨੁਕਸ
ਨਵੀਂ ਦਿੱਲੀ: ਕਈ ਹਵਾਈ ਅੱਡਿਆਂ ’ਤੇ ਚੈੱਕ-ਇਨ ਸਿਸਟਮ ਵਿੱਚ ਤਕਨੀਕੀ ਖਰਾਬੀ ਆਉਣ ਕਾਰਨ ਕਈ ਉਡਾਣਾਂ ਲੇਟ ਹੋ ਗਈਆਂ। ਵਾਰਾਣਸੀ ਹਵਾਈ ਅੱਡੇ ’ਤੇ ਯਾਤਰੀਆਂ ਲਈ ਸੁਨੇਹਾ ਦਿਖਾਇਆ ਗਿਆ ਕਿ ਮਾਈਕਰੋ ਸੌਫਟ ਵਿੰਡੋਜ਼ ਵਿੱਚ ਖਰਾਬੀ ਆ ਗਈ ਹੈ ਪਰ ਟੈੱਕ ਕੰਪਨੀ ਨੇ ਅਜਿਹਾ ਨੁਕਸ ਆਉਣ ਤੋਂ ਇਨਕਾਰ ਕਰਦਿਆਂ ਇਸ ਨੂੰ ਗ਼ਲਤ ਦੱਸਿਆ ਹੈ। ਅਜਿਹੇ ਨੁਕਸਾਂ ਦੀ ਨਿਗਰਾਨੀ ਕਰਨ ਵਾਲੀ ਵੈੱਬਸਾਈਟ ਡਾਊਨਡਿਟੈਕਟਰ ਨੇ ਵੀ ਅਜਿਹੇ ਕਿਸੇ ਨੁਕਸ ਦੀ ਕੋਈ ਰਿਪੋਰਟ ਜਨਤਕ ਨਹੀਂ ਕੀਤੀ। ਸਿਸਟਮ ਵਿੱਚ ਨੁਕਸ ਕਾਰਨ ਚਾਰ ਏਅਰਲਾਈਨਾਂ ਇੰਡੀਗੋ, ਸਪਾਈਸ ਜੈੱਟ, ਅਕਾਸਾ ਏਅਰ ਅਤੇ ਏਅਰ ਇੰਡੀਆ ਐਕਪ੍ਰੈੱਸ ਪ੍ਰਭਾਵਿਤ ਹੋਈਆਂ ਹਨ।
