ਦੇਸ਼ ’ਚ 1 ਲੱਖ ਤੋਂ ਵੱਧ ਸਕੂਲ ਸਿਰਫ਼ ਇੱਕ ਅਧਿਆਪਕ ਦੇ ਭਰੋਸੇ
ਦੇਸ਼ ਭਰ ਵਿੱਚ 1 ਲੱਖ ਤੋਂ ਵੱਧ ਸਕੂਲਾਂ ਵਿੱਚ ਸਿਰਫ ਇੱਕ-ਇੱਕ ਅਧਿਆਪਕ ਹੀ ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਹੈ। ਅਜਿਹੇ ਸਕੂਲਾਂ ਦੀ ਸਭ ਤੋਂ ਵੱਧ ਗਿਣਤੀ ਆਂਧਰਾ ਪ੍ਰਦੇਸ਼ ਵਿੱਚ ਦਰਜ ਕੀਤੀ ਗਈ ਹੈ, ਜਦਕਿ ਅਜਿਹੇ ਸਕੂਲਾਂ ਵਿੱਚ ਸਭ ਤੋਂ ਵੱਧ ਵਿਦਿਆਰਥੀ ਉੱਤਰ ਪ੍ਰਦੇਸ਼ ਵਿੱਚ ਪੜ੍ਹਦੇ ਹਨ।
ਸਿੱਖਿਆ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਵਿੱਦਿਅਕ ਸਾਲ 2024-25 ਵਿੱਚ ਭਾਰਤ ’ਚ 1,04,125 ਸਕੂਲ ਸਿਰਫ਼ ਇੱਕ ਅਧਿਆਪਕ ਵੱਲੋਂ ਚਲਾਏ ਜਾ ਰਹੇ ਸਨ। ਇਨ੍ਹਾਂ ਸਕੂਲਾਂ ਵਿੱਚ 33,76,769 ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਸਨ, ਜਿਸ ਦਾ ਮਤਲਬ ਹੈ ਕਿ ਹਰ ਸਕੂਲ ਵਿੱਚ ਔਸਤਨ 34 ਵਿਦਿਆਰਥੀ ਸਨ। ਇਸ ਤਰ੍ਹਾਂ ਸਿੱਖਿਆ ਦੇ ਅਧਿਕਾਰ ਕਾਨੂੰਨ 2009 ਦੀ ਉਲੰਘਣਾ ਹੋ ਰਹੀ ਹੈ, ਜਿਸ ਤਹਿਤ ਪ੍ਰਾਇਮਰੀ ਪੱਧਰ (ਪਹਿਲੀ ਤੋਂ ਚੌਥੀ ਜਮਾਤ ਤੱਕ) ਲਈ 30 ਵਿਦਿਆਰਥੀਆਂ ਪਿੱਛੇ ਇੱਕ ਅਧਿਆਪਕ ਅਤੇ ਅੱਪਰ ਪ੍ਰਾਇਮਰੀ ਪੱਧਰ (ਜਮਾਤ ਪੰਜਵੀਂ ਤੋਂ ਅੱਠਵੀਂ ਤੱਕ) ਲਈ 35 ਵਿਦਿਆਰਥੀਆਂ ਪਿੱਛੇ ਇੱਕ ਅਧਿਆਪਕ ਹੋਣਾ ਲਾਜ਼ਮੀ ਹੈ। ਆਂਧਰਾ ਪ੍ਰਦੇਸ਼ 12,912 ਸਕੂਲਾਂ ਨਾਲ ਇਸ ਸੂਚੀ ਵਿੱਚ ਸਭ ਤੋਂ ਉੱਪਰ ਹੈ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ (9,508), ਝਾਰਖੰਡ (9,172), ਮਹਾਰਾਸ਼ਟਰ (8,152) ਅਤੇ ਕਰਨਾਟਕ (7,349) ਦਾ ਨੰਬਰ ਆਉਂਦਾ ਹੈ। ਦੂਜੇ ਪਾਸੇ ਜਦੋਂ ਅਜਿਹੇ ਸਕੂਲਾਂ ਵਿੱਚ ਦਾਖਲ ਵਿਦਿਆਰਥੀਆਂ ਦੀ ਗੱਲ ਆਉਂਦੀ ਹੈ ਤਾਂ ਉੱਤਰ ਪ੍ਰਦੇਸ਼ 6,24,327 ਵਿਦਿਆਰਥੀਆਂ ਨਾਲ ਸਿਖਰ ’ਤੇ ਹੈ। ਇਸ ਤੋਂ ਬਾਅਦ ਝਾਰਖੰਡ (4,36,480), ਪੱਛਮੀ ਬੰਗਾਲ (2,35,494) ਅਤੇ ਮੱਧ ਪ੍ਰਦੇਸ਼ (2,29,095) ਹਨ। ਹਾਲਾਂਕਿ ਅਜਿਹੇ ਸਕੂਲਾਂ ਦੀ ਗਿਣਤੀ ਵਿੱਚ ਪਿਛਲੇ ਸਾਲਾਂ ਦੌਰਾਨ ਲਗਪਗ 6 ਫੀਸਦੀ ਦੀ ਗਿਰਾਵਟ ਆਈ ਹੈ। ਇਸ ਮੁੱਦੇ ’ਤੇ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਇਸ ਸਥਿਤੀ ਨੂੰ ਸੁਧਾਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ, ‘ਸਰਕਾਰ ਸਰੋਤਾਂ ਦੀ ਸਹੀ ਵਰਤੋਂ ਲਈ ਸਕੂਲਾਂ ਦਾ ਰਲੇਵਾਂ ਕਰਨ ਦੇ ਮਿਸ਼ਨ ’ਤੇ ਹੈ।’ ਉਨ੍ਹਾਂ ਕਿਹਾ, ‘ਇੱਕ ਅਧਿਆਪਕ ਵਾਲੇ ਸਕੂਲ ਪੜ੍ਹਾਈ-ਲਿਖਾਈ ਦੀ ਪ੍ਰਕਿਰਿਆ ਵਿੱਚ ਅੜਿੱਕਾ ਪਾਉਂਦੇ ਹਨ। ਇਸ ਲਈ ਜਿਨ੍ਹਾਂ ਸਕੂਲਾਂ ’ਚ ਕੋਈ ਵਿਦਿਆਰਥੀ ਨਹੀਂ ਹੈ, ਉੱਥੋਂ ਅਧਿਆਪਕਾਂ ਨੂੰ ਇਨ੍ਹਾਂ ਸਕੂਲਾਂ ’ਚ ਤਬਦੀਲ ਕੀਤਾ ਜਾ ਰਿਹਾ ਹੈ ਤਾਂ ਜੋ ਅਧਿਆਪਕਾਂ ਦੀ ਸਹੀ ਉਪਲਬਧਤਾ ਯਕੀਨੀ ਬਣਾਈ ਜਾ ਸਕੇ।’
ਚੰਡੀਗੜ੍ਹ ਵਿੱਚ ਇੱਕ ਅਧਿਆਪਕ ਵਾਲਾ ਕੋਈ ਸਕੂਲ ਨਹੀਂ
ਅੰਕੜਿਆਂ ਅਨੁਸਾਰ ਰਾਜਧਾਨੀ ਦਿੱਲੀ ਵਿੱਚ ਇੱਕ-ਅਧਿਆਪਕ ਵਾਲੇ ਸਕੂਲ ਸਿਰਫ਼ 9 ਹਨ, ਜਦਕਿ ਪੁਡੂਚੇਰੀ, ਲੱਦਾਖ, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ ਤੇ ਚੰਡੀਗੜ੍ਹ ਵਰਗੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਅਜਿਹਾ ਕੋਈ ਸਕੂਲ ਨਹੀਂ ਹੈ। ਅੰਡੇਮਾਨ ਅਤੇ ਨਿਕੋਬਾਰ ਟਾਪੂ ਵਿੱਚ ਇੱਕ-ਅਧਿਆਪਕ ਵਾਲੇ ਸਿਰਫ਼ ਚਾਰ ਸਕੂਲ ਹਨ।