‘Montha’ ਗੰਭੀਰ ਚੱਕਰਵਾਤੀ ਤੂਫਾਨ ਵਿਚ ਤਬਦੀਲ, ਆਂਧਰਾ ਦੇ ਸਾਹਿਲ ’ਤੇ ਅੱਜ ਸ਼ਾਮ ਨੂੰ ਦੇਵੇਗਾ ਦਸਤਕ
ਚੱਕਰਵਾਤੀ ਤੂਫਾਨ ‘ਮੋਂਥਾ’ ਨੇ ਗੰਭੀਰ ਰੂਪ ਧਾਰਨ ਕਰ ਲਿਆ ਹੈ। ਤੂਫ਼ਾਨ ਕਰਕੇ ਉੜੀਸਾ, ਆਂਧਰਾ ਪ੍ਰਦੇਸ਼ ਤੇ ਤਾਮਿਲ ਨਾਡੂ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਤੂਫਾਨ ਦੇ ਅੱਜ ਸ਼ਾਮੀਂ ਆਂਧਰਾ ਪ੍ਰਦੇਸ਼ ਦੇ ਸਾਹਿਲ ’ਤੇ ਦਸਤਕ ਦੇਣ ਦੀ ਸੰਭਾਵਨਾ ਹੈ। ਇਹਤਿਆਤ ਵਜੋਂ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਤਬਦੀਲ ਕਰਨ ਦਾ ਸਿਲਸਿਲਾ ਜਾਰੀ ਹੈ। ਸਕੂਲਾਂ ਸਣੇ ਹੋਰ ਸਾਰੇ ਵਿਦਿਅਕ ਅਦਾਰਿਆਂ ’ਚ ਛੁੱਟੀਆਂ ਐਲਾਨਣ ਦੇ ਨਾਲ ਸਰਕਾਰੀ ਕਰਮਚਾਰੀਆਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਮਛੇਰਿਆਂ ਨੂੰ ਸਮੁੰਦਰ ਵਿਚ ਨਾ ਜਾਣ ਦੀ ਤਾਕੀਦ ਕੀਤੀ ਗਈ ਹੈ।
ਬੰਗਾਲ ਦੀ ਖਾੜੀ ਵਿਚ ਪੱਛਮਮੱਧ ਵਿਚ ਚੱਕਰਵਾਤੀ ਤੂਫਾਨ ‘ਮੋਂਥਾ’ ਪਿਛਲੇ ਛੇ ਘੰਟਿਆਂ ਦੌਰਾਨ 15 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉੱਤਰ ਤੋਂ ਉੱਤਰ ਪੱਛਮ ਵੱਲ ਵਧ ਗਿਆ ਤੇ ਮੰਗਲਵਾਰ ਸਵੇਰੇ ਸਾਢੇ ਪੰਜ ਵਜੇ ਤੱਕ ਇਹ ਚੱਕਰਵਾਤੀ ਤੂਫਾਨ ਵਿਚ ਤਬਦੀਲ ਹੋ ਗਿਆ। ਇਹ ਤੂਫਾਨ ਸਵੇਰੇ 5:30 ਵਜੇ ਮਛਲੀਪਟਨਮ ਤੋਂ 190 ਕਿਲੋਮੀਟਰ ਦੱਖਣ-ਦੱਖਣ-ਪੂਰਬ, ਕਾਕੀਨਾਡਾ ਤੋਂ 270 ਕਿਲੋਮੀਟਰ ਦੱਖਣ-ਦੱਖਣ-ਪੂਰਬ ਅਤੇ ਵਿਸ਼ਾਖਾਪਟਨਮ ਤੋਂ 340 ਕਿਲੋਮੀਟਰ ਦੱਖਣ-ਦੱਖਣ-ਪੂਰਬ ਵਿੱਚ ਕੇਂਦਰਿਤ ਸੀ। ਮੌਸਮ ਵਿਭਾਗ ਨੇ ਇੱਕ ਅਧਿਕਾਰਤ ਰਿਲੀਜ਼ ਵਿੱਚ ਕਿਹਾ, ‘‘ਪੱਛਮੀ ਕੇਂਦਰੀ ਬੰਗਾਲ ਦੀ ਖਾੜੀ ਉੱਤੇ ਚੱਕਰਵਾਤ ਮੋਂਥਾ ਪਿਛਲੇ ਛੇ ਘੰਟਿਆਂ ਦੌਰਾਨ 15 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉੱਤਰ-ਉੱਤਰ-ਪੱਛਮ ਵੱਲ ਵਧ ਰਿਹਾ ਹੈ, ਇੱਕ ਗੰਭੀਰ ਚੱਕਰਵਾਤੀ ਤੂਫਾਨ ਵਿੱਚ ਤੇਜ਼ ਹੋ ਗਿਆ ਅਤੇ ਸਵੇਰੇ 5:30 ਵਜੇ ਮਛਲੀਪਟਨਮ ਤੋਂ ਲਗਭਗ 190 ਕਿਲੋਮੀਟਰ ਦੱਖਣ-ਦੱਖਣ-ਪੂਰਬ ਵਿੱਚ ਕੇਂਦਰਿਤ ਸੀ।’’
ਮੌਸਮ ਵਿਭਾਗ ਮੁਤਾਬਕ ਮੰਗਲਵਾਰ ਸ਼ਾਮ ਅਤੇ ਰਾਤ ਨੂੰ ਗੰਭੀਰ ਚੱਕਰਵਾਤੀ ਤੂਫਾਨ ਦੇ ਰੂਪ ਵਿੱਚ ਉੱਤਰ-ਉੱਤਰ-ਪੱਛਮ ਵੱਲ ਵਧਦਾ ਰਹੇਗਾ ਅਤੇ ਆਂਧਰਾ ਪ੍ਰਦੇਸ਼ ਦੇ ਤੱਟ ਨੂੰ ਕਾਕੀਨਾੜਾ ਦੇ ਆਲੇ-ਦੁਆਲੇ ਮਛਲੀਪਟਨਮ ਅਤੇ ਕਲਿੰਗਾਪਟਨਮ ਦੇ ਵਿਚਕਾਰ ਪਾਰ ਕਰੇਗਾ। ਇਸ ਦੌਰਾਨ ਹਵਾ ਦੀ ਵੱਧ ਤੋਂ ਵੱਧ ਰਫ਼ਤਾਰ 90-100 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ, ਜੋ ਕਿ 110 ਕਿਲੋਮੀਟਰ ਪ੍ਰਤੀ ਘੰਟਾ ਤੱਕ ਵਧੇਗੀ। ਮੌਸਮ ਵਿਭਾਗ ਨੇ ਮੋਂਥਾ ਦੇ ਪ੍ਰਭਾਵ ਕਾਰਨ ਦੱਖਣੀ ਰਾਜ ਵਿੱਚ ਕਈ ਥਾਵਾਂ ’ਤੇ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਥਾਈ ਭਾਸ਼ਾ ਵਿਚ ‘ਮੋਂਥਾ’ ਦਾ ਮਤਲਬ ਖੁਸ਼ਬੂਦਾਰ ਫੁੱਲ ਹੈ।
ਭੁਬਨੇਸ਼ਵਰ: ਭਾਰਤੀ ਮੌਸਮ ਵਿਭਾਗ (IMD) ਨੇ ਕਿਹਾ ਕਿ ਚੱਕਰਵਾਤੀ ਤੂਫ਼ਾਨ ਮੋਂਥਾ ਕਰਕੇ ਦੱਖਣੀ ਉੜੀਸਾ ਦੇ ਅੱਠ ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਸੂਬਾ ਸਰਕਾਰ ਨੇ ਇਹਤਿਆਤੀ ਕਦਮ ਵਜੋਂ ਅੱਠ ਜ਼ਿਲ੍ਹਿਆਂ ਮਲਕਾਨਗਿਰੀ, ਕੋਰਾਪੁਟ, ਰਾਏਗੜਾ, ਗਜਪਤੀ, ਗੰਜਮ, ਨਬਰੰਗਪੁਰ, ਕਾਲਾਹਾਂਡੀ ਅਤੇ ਕੰਧਮਾਲ ਦੇ ਨੀਵੇਂ ਇਲਾਕਿਆਂ ਅਤੇ ਜ਼ਮੀਨ ਖਿਸਕਣ ਵਾਲੇ ਪਹਾੜੀ ਖੇਤਰਾਂ ਤੋਂ ਲੋਕਾਂ ਨੂੰ ਬਾਹਰ ਕੱਢਿਆ ਹੈ। ਸਬੰਧਤ ਇਲਾਕਿਆਂ ਵਿਚ ਕੌਮੀ ਆਫ਼ਤ ਰਿਸਪੌਂਸ ਬਲ (NDRF), ਉੜੀਸਾ ਆਫ਼ਤ ਰਿਸਪੌਂਸ ਬਲ (ODRAF) ਅਤੇ ਫਾਇਰ ਸਰਵਿਸ ਤੋਂ 140 ਬਚਾਅ ਟੀਮਾਂ (5,000 ਤੋਂ ਵੱਧ ਕਰਮਚਾਰੀ) ਤਾਇਨਾਤ ਕੀਤੀਆਂ ਗਈਆਂ ਹਨ। ਪ੍ਰਸ਼ਾਸਨ ਨੇ ਪਹਿਲਾਂ ਹੀ ਨੌਂ ਜ਼ਿਲ੍ਹਿਆਂ ਵਿੱਚ 30 ਅਕਤੂਬਰ ਤੱਕ ਸਕੂਲ ਅਤੇ ਆਂਗਣਵਾੜੀ ਕੇਂਦਰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਪੂਰਬੀ ਤੱਟ ਰੇਲਵੇ ਨੇ ਵਾਲਟੇਅਰ ਖੇਤਰ ਅਤੇ ਨਾਲ ਲੱਗਦੇ ਰੂਟਾਂ ਵਿੱਚ ਚੱਲਣ ਵਾਲੀਆਂ ਕੁਝ ਰੇਲਗੱਡੀਆਂ ਨੂੰ ਰੱਦ ਕਰਨ, ਡਾਇਵਰਟ ਕਰਨ ਅਤੇ ਅਸਥਾਈ ਤੌਰ ’ਤੇ ਰੋਕਣ ਦਾ ਐਲਾਨ ਕੀਤਾ ਹੈ। ਸਰਕਾਰੀ ਕਰਮਚਾਰੀਆਂ ਲਈ ਛੁੱਟੀਆਂ ਵੀ 30 ਅਕਤੂਬਰ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ।
ਚੇਨਈ: ਚੱਕਰਵਾਤੀ ਤੂਫਾਨ ਮੋਂਥਾ ਆਂਧਰਾ ਪ੍ਰਦੇਸ਼ ਵੱਲ ਵਧ ਰਿਹਾ ਹੈ ਜਿਸ ਕਰਕੇ ਮੰਗਲਵਾਰ ਨੂੰ ਤਾਮਿਲਨਾਡੂ ਦੇ ਤਿਰੂਵਲੂਰ ਜ਼ਿਲ੍ਹੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਤਿਰੂਵਲੂਰ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਨੁਸਾਰ, ਤਿਰੂਵਲੂਰ ਵਿੱਚ ਪੋਨੇਰੀ ਅਤੇ ਅਵਾਦੀ ਵਿੱਚ ਮੰਗਲਵਾਰ ਸਵੇਰੇ 6 ਵਜੇ ਤੱਕ ਪਿਛਲੇ 24 ਘੰਟਿਆਂ ਵਿੱਚ ਕ੍ਰਮਵਾਰ 72 ਮਿਲੀਮੀਟਰ ਅਤੇ 62 ਮਿਲੀਮੀਟਰ ਮੀਂਹ ਪਿਆ। ਤਿਰੂਵਲੂਰ ਜ਼ਿਲ੍ਹਾ ਕੁਲੈਕਟਰ ਐਮ. ਪ੍ਰਤਾਪ ਨੇ ਭਾਰੀ ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਮੰਗਲਵਾਰ ਨੂੰ ਸਕੂਲਾਂ ਲਈ ਛੁੱਟੀ ਦਾ ਐਲਾਨ ਕੀਤਾ। ਚੇਨਈ ਵਿੱਚ ਖੇਤਰੀ ਮੌਸਮ ਵਿਗਿਆਨ ਕੇਂਦਰ (RMC) ਅਨੁਸਾਰ, ਚੇਂਗਲਪੱਟੂ, ਚੇਨਈ, ਕਾਂਚੀਪੁਰਮ, ਰਾਣੀਪੇਟ, ਤਿਰੂਵਲੂਰ, ਤਿਰੂਵੰਨਮਲਾਈ, ਵੇਲੋਰ, ਤਿਰੂਪੱਤੂਰ, ਵਿੱਲੂਪੁਰਮ, ਟੇਨਕਾਸੀ, ਤਿਰੂਨੇਲਵੇਲੀ, ਥੂਥੂਕੁੜੀ ਅਤੇ ਕੰਨਿਆਕੁਮਾਰੀ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ 'ਤੇ ਗਰਜ ਅਤੇ ਬਿਜਲੀ ਦੇ ਨਾਲ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ। RMC ਨੇ ਮਛੇਰਿਆਂ ਨੂੰ 29 ਅਕਤੂਬਰ ਤੱਕ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਹੈ।
