MONSOON SESSION: ‘ਅਪਰੇਸ਼ਨ ਮਹਾਦੇਵ’ ਤਹਿਤ ਪਹਿਲਗਾਮ ਹਮਲੇ ਦੇ ਤਿੰਨ ਅਤਿਵਾਦੀ ਮਾਰੇ: ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ਵਿੱਚ ਪਹਿਲਗਾਮ ਹਮਲੇ ’ਤੇ ਚੱਲ ਰਹੀ ਬਹਿਸ ਦੌਰਾਨ ਕਿਹਾ ਕਿ ਪਹਿਲਗਾਮ ਵਿੱਚ 26 ਬੇਕਸੂਰਾਂ ਦੀ ਜਾਨ ਲੈਣ ਵਾਲੇ ਤਿੰਨ ਅਤਿਵਾਦੀ ‘ਅਪਰੇਸ਼ਨ ਮਹਾਦੇਵ’ ਤਹਿਤ ਮੁਕਾਬਲੇ ਵਿੱਚ ਮਾਰੇ ਗਏ ਹਨ ਅਤੇ ਇਸ ਹਮਲੇ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਵਿਗਿਆਨਕ ਤੌਰ ’ਤੇ ਸਾਬਤ ਹੋ ਚੁੱਕੀ ਹੈ।
ਸ਼ਾਹ ਨੇ ਰਾਜ ਸਭਾ ਵਿੱਚ ‘ਅਪਰੇਸ਼ਨ ਸਿੰਧੂਰ’ ’ਤੇ ਹੋ ਰਹੀ ਵਿਸ਼ੇਸ਼ ਚਰਚਾ ਵਿੱਚ ਹਿੱਸਾ ਲੈਂਦਿਆਂ ਕਿਹਾ, ‘‘ਪਹਿਲਗਾਮ ਵਿੱਚ ਅਤਿਵਾਦੀ ਹਮਲੇ ਦੇ ਜਵਾਬ ਲਈ ਭਾਰਤ ਮਜ਼ਬੂਤ, ਸਫ਼ਲ ਅਤੇ ਫੈਸਲਾਕੁੰਨ ਸੀ।’’
ਗ੍ਰਹਿ ਮੰਤਰੀ ਨੇ ਕਾਂਗਰਸ ’ਤੇ ਦੋਸ਼ ਲਗਾਉਂਦਿਆ ਕਿਹਾ, ‘‘ਕਾਂਗਰਸ ਆਪਣਾ ਵੋਟ ਬੈਂਕ ਕਾਰਨ ਪਾਕਿਸਤਾਨ ਅਤੇ ਅਤਿਵਾਦੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੁਲੇਮਾਨ ਲਸ਼ਕਰ-ਏ-ਤਾਇਬਾ ਦਾ ਏ ਸ਼੍ਰੇਣੀ ਦਾ ਕਮਾਂਡਰ ਸੀ। ਸਾਡੀਆਂ ਏਜੰਸੀਆਂ ਕੋਲ ਬਹੁਤ ਸਾਰੇ ਸਬੂਤ ਹਨ ਕਿ ਉਹ ਪਹਿਲਗਾਮ ਅਤੇ ਗਗਨਗੀਰ ਅਤਿਵਾਦੀ ਹਮਲਿਆਂ ਵਿੱਚ ਸ਼ਾਮਲ ਸੀ। ਅਫਗਾਨ ਅਤੇ ਜਿਬਰਾਨ ਵੀ ਏ ਸ਼੍ਰੇਣੀ ਦੇ ਅਤਿਵਾਦੀ ਸਨ।’’
ਅਮਿਤ ਸ਼ਾਹ ਨੇ ਕਿਹਾ, ‘‘ਇਹ ਤਿੰਨੋਂ ਉਹ ਅਤਿਵਾਦੀ ਸਨ ਜਿਨ੍ਹਾਂ ਨੇ ਪਹਿਲਗਾਮ ਦੀ ਬੈਸਰਨ ਘਾਟੀ ਵਿੱਚ ਸਾਡੇ ਮਾਸੂਮ ਨਾਗਰਿਕਾਂ ਨੂੰ ਮਾਰਿਆ ਸੀ ਅਤੇ ਤਿੰਨੋਂ ਕੱਲ੍ਹ ਮਾਰੇ ਗਏ ਹਨ। ਮੈਂ ਸਦਨ ਅਤੇ ਪੂਰੇ ਦੇਸ਼ ਵੱਲੋਂ ਫ਼ੌਜ ਦੇ ਪੈਰਾ 4, ਸੀਆਰਪੀਐੱਫ ਅਤੇ ਜੰਮੂ-ਕਸ਼ਮੀਰ ਪੁਲੀਸ ਦੇ ਸਾਰੇ ਜਵਾਨਾਂ ਨੂੰ ਵਧਾਈ ਦਿੰਦੇ ਹਨ।’’
ਗ੍ਰਹਿ ਮੰਤਰੀ ਮੁਤਾਬਕ ਹਮਲਾ 22 ਅਪਰੈਲ ਨੂੰ ਦੁਪਹਿਰ 1 ਵਜੇ ਪਹਿਲਗਾਮ ਦੀ ਬੈਸਰਨ ਘਾਟੀ ਵਿੱਚ ਹੋਇਆ ਸੀ ਅਤੇ ਉਹ ਸ਼ਾਮ 5.30 ਵਜੇ ਸ਼੍ਰੀਨਗਰ ਪਹੁੰਚੇ ਸਨ ਅਤੇ 23 ਅਪ੍ਰੈਲ ਨੂੰ ਇੱਕ ਸੁਰੱਖਿਆ ਮੀਟਿੰਗ ਕੀਤੀ ਗਈ ਸੀ ਅਤੇ ਇਹ ਯਕੀਨੀ ਬਣਾਉਣ ਲਈ ਸਖ਼ਤ ਪ੍ਰਬੰਧ ਕੀਤੇ ਗਏ ਸਨ ਤਾਂ ਕਿ ਬੇਰਹਿਮੀ ਨਾਲ ਕਤਲ ਕਰਨ ਵਾਲੇ ਕਾਤਲ ਦੇਸ਼ ਤੋਂ ਭੱਜ ਨਾ ਸਕਣ। ਪੂਰੀ ਜਾਂਚ ਅਤੇ ਵਿਗਿਆਨਕ ਤਰੀਕਿਆਂ ਤੋਂ ਬਾਅਦ ਇਹ ਪੁਸ਼ਟੀ ਹੋਈ ਹੈ ਕਿ ਇਨ੍ਹਾਂ ਤਿੰਨਾਂ ਅੱਤਵਾਦੀਆਂ ਨੇ 22 ਅਪ੍ਰੈਲ ਨੂੰ ਪਹਿਲਗਾਮ ਦੀ ਬੈਸਰਨ ਘਾਟੀ ਵਿੱਚ 26 ਨਿਰਦੋਸ਼ ਲੋਕਾਂ ਦੀ ਹੱਤਿਆ ਕੀਤੀ ਸੀ।
ਉਨ੍ਹਾਂ ਦੋ ਦਿਨ ਪਹਿਲਾਂ ਕਾਂਗਰਸ ਨੇਤਾ ਅਤੇ ਸਾਬਕਾ ਗ੍ਰਹਿ ਮੰਤਰੀ ਪੀ ਚਿਦੰਬਰਮ ਦੇ ਇੱਕ ਬਿਆਨ ਦਾ ਹਵਾਲਾ ਦਿੰਦਿਆ ਕਿਹਾ ਕਿ ਕਾਂਗਰਸ ਨੇਤਾ ਨੇ ਉਨ੍ਹਾਂ ਤੋਂ ਅਸਤੀਫ਼ਾ ਮੰਗਿਆ ਸੀ ਅਤੇ ਸਵਾਲ ਕੀਤਾ ਸੀ ਕਿ ਸਰਕਾਰ ਕੋਲ ਕੀ ਸਬੂਤ ਹਨ ਕਿ ਪਹਿਲਗਾਮ ਹਮਲੇ ਦੇ ਦੋਸ਼ੀ ਪਾਕਿਸਤਾਨੀ ਅਤਿਵਾਦੀ ਸਨ?
ਅਮਿਤ ਸ਼ਾਹ ਨੇ ਕਿਹਾ, ‘‘ਮੇੈਂ ਸਦਨ ਰਾਹੀਂ ਚਿਦੰਬਰਮ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਉਹ ਕਿਸ ਨੂੰ ਬਚਾਉਣਾ ਚਾਹੁੰਦੇ ਹਨ, ਪਾਕਿਸਤਾਨ, ਲਸ਼ਕਰ-ਏ-ਤਾਇਬਾ ਜਾਂ ਅਤਿਵਾਦੀਆਂ ਨੂੰ। ਦੇਖੋ ਮਹਾਦੇਵ ਕੀ ਕਰਦਾ ਹੈ? ਜਿਸ ਦਿਨ ਇਹ ਸਵਾਲ ਪੁੱਛਿਆ ਗਿਆ ਉਸੇ ਦਿਨ ਤਿੰਨੋਂ ਅਤਿਵਾਦੀ ਮਾਰੇ ਗਏ।’’
ਉਨ੍ਹਾਂ ਕਿਹਾ ਕਿ ਚਿਦੰਬਰਮ ਨੇ ਕਾਂਗਰਸ ਦੀ ਮਾਨਸਿਕਤਾ ਨੂੰ ਪੂਰੀ ਦੁਨੀਆ ਸਾਹਮਣੇ ਨੰਗਾ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਆਪਣੇ ਵੋਟ ਬੈਂਕ ਨੂੰ ਬਚਾਉਣ ਲਈ ਪਾਕਿਸਤਾਨ ਅਤੇ ਲਸ਼ਕਰ-ਏ-ਤਾਇਬਾ ਦਾ ਬਚਾਅ ਕਰਨ ਤੋਂ ਵੀ ਨਹੀਂ ਡਰਦੀ।
ਸ਼ਾਹ ਨੇ ਇੱਕ ਹੋਰ ਕਾਂਗਰਸੀ ਨੇਤਾ ਪ੍ਰਿਥਵੀਰਾਜ ਦੇ ਬਿਆਨ ਕਿ ਨਰਿੰਦਰ ਮੋਦੀ ਸਰਕਾਰ ਕਾਰਵਾਈਆਂ ਨੂੰ ਧਾਰਮਿਕ ਨਾਮ ਦੇਣ ਤੋਂ ਇਲਾਵਾ ਕੁਝ ਨਹੀਂ ਜਾਣਦੀ ਦਾ ਹਵਾਲਾਂ ਦਿੰਦਿਆਂ ਸਦਨ ਵਿੱਚ ਜਵਾਬ ਦਿੱਤਾ ਕਿ ਕਾਂਗਰਸ ਨੂੰ ਇਹ ਨਹੀਂ ਪਤਾ ਕਿ ਜਦੋਂ ਸ਼ਿਵਾ ਜੀ ਮਹਾਰਾਜ ਮੁਗਲਾਂ ਖ਼ਿਲਾਫ਼ ਲੜੇ ਸਨ ਤਾਂ ਉਨ੍ਹਾਂ ਦੀ ਫੌਜ ਦਾ ਜੰਗੀ ਨਾਅਰਾ ‘ਹਰ ਹਰ ਮਹਾਦੇਵ’ ਸੀ। ਉਨ੍ਹਾਂ ਕਿਹਾ ਕਿ ਫੌਜ ਦੇ ਵੱਖ-ਵੱਖ ਹਿੱਸਿਆਂ ਦੇ ਜੰਗੀ ਨਾਅਰੇ ਦੇਵੀ-ਦੇਵਤਿਆਂ ਦੇ ਨਾਮ ’ਤੇ ਰੱਖੇ ਗਏ ਹਨ, ਜਿਨ੍ਹਾਂ ਨੁੂੰ ਭਾਜਪਾ ਨੇ ਨਹੀਂ ਰੱਖਿਆ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ , ‘‘ਵਿਰੋਧੀ ਪੁੱਛ ਰਹੇ ਹਨ ਅਤਿਵਾਦੀ ਅੱਜ ਕਿਉਂ ਮਾਰੇ ਗਏ? ਮੈਂ ਬਦਲੇ ਵਿੱਚ ਤੁਹਾਨੁੂੰ ਪੁੱਛਦਾ ਹਾਂ ਕਿ ਤੁਸੀਂ ਅਤਿਵਾਦੀਆਂ ਨੁੂੰ ਜ਼ਿੰਦਾ ਰੱਖਣਾ ਚਾਹੁੰਦੇ ਹੋ?
ਸ਼ਾਹ ਜਿਉਂ ਹੀ ਆਪਣਾ ਜਵਾਬ ਸ਼ੁਰੂ ਕਰਨ ਲੱਗੇ ਤਾਂ ਕਾਂਗਰਸ ਸਣੇ ਵਿਰੋਧੀਆਂ ਨੇ ਸਦਨ ਵਿੱਚੋਂ ਇਹ ਕਹਿੰਦਿਆਂ ਵਾਕਆਊਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਰਚਾ ਦਾ ਜਵਾਬ ਨਾ ਦੇਣਾ ਸੰਸਦ ਦਾ ਅਪਮਾਨ ਹੈ।ਇਸ ’ਤੇ ਡਿਪਟੀ ਚੇਅਰਮੈਨ ਹਰੀਵੰਸ਼ ਨੇ ਕਿਹਾ ਕਿ ਸਦਨ ਦੀ ਕਾਰੋਬਾਰੀ ਸਲਾਹਕਾਰ ਕਮੇਟੀ ਵਿੱਚ ਪਹਿਲਾਂ ਹੀ ਸੂਚਿਤ ਕੀਤਾ ਗਿਆ ਸੀ ਕਿ ਚਰਚਾ ਦਾ ਜਵਾਬ ਪ੍ਰਧਾਨ ਮੰਤਰੀ ਨਹੀਂ ਸਗੋਂ ਗ੍ਰਹਿ ਮੰਤਰੀ ਦੇਣਗੇ।
ਹੋਰ ਖ਼ਬਰਾਂ ਪੜ੍ਹੋ:ਜਦੋਂ ਮਹਿਲਾਵਾਂ ਦਾ ਸਿੰਧੂਰ ਹੀ ਉੱਜੜ ਗਿਆ ਤਾਂ ਨਾਮ ‘ਅਪਰੇਸ਼ਨ ਸਿੰਧੂਰ’ ਕਿਉਂ ਰੱਖਿਆ: ਜਯਾ ਬੱਚਨ