ਮੌਨਸੂਨ ਇਜਲਾਸ: ਗੰਭੀਰ ਅਪਰਾਧਾਂ ਲਈ 30 ਦਿਨਾਂ ਦੀ ਹਿਰਾਸਤ ’ਚ ਰਹੇ ਤਾਂ ਪੀਐੱਮ, ਸੀਐੱਮ ਤੇ ਮੰਤਰੀਆਂ ਦੀ ਹੋਵੇਗੀ ਛੁੱਟੀ; ਬਿੱਲ ਲੋਕ ਸਭਾ ਵਿਚ ਪੇਸ਼
ਕਮੇਟੀ ਨੂੰ ਅਗਲੇ ਸੈਸ਼ਨ ਦੇ ਪਹਿਲੇ ਹਫ਼ਤੇ ਦੇ ਅੰਤਿਮ ਦਿਨ ਤਕ ਸਦਨ ਨੂੰ ਆਪਣੀ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਸੰਸਦ ਦਾ ਅਗਲਾ ਸੈਸ਼ਨ (ਸਰਦ ਰੁੱਤ ਸੈਸ਼ਨ) ਨਵੰਬਰ ਦੇ ਤੀਜੇ ਹਫ਼ਤੇ ਹੋਣ ਦੀ ਸੰਭਾਵਨਾ ਹੈ।
ਇਸ ਤੋ ਪਹਿਲਾਂ ਜਿਵੇਂ ਹੀ ਸ਼ਾਹ ਬਿੱਲ ਪੇਸ਼ ਕਰਨ ਲਈ ਉੱਠੇ, ਤ੍ਰਿਣਮੂਲ ਕਾਂਗਰਸ ਪਾਰਟੀ ਦੇ ਨੇਤਾ ਕਲਿਆਣ ਬੈਨਰਜੀ ਦੀ ਅਗਵਾਈ ਹੇਠ ਵਿਰੋਧੀ ਸੰਸਦ ਮੈਂਬਰ ਸਦਨ ਦੇ ਐਨ ਵਿਚਾਲੇ ਆ ਗਏ, ਉਨ੍ਹਾਂ ਬਿੱਲਾਂ ਨੂੰ ਪਾੜ ਦਿੱਤਾ ਅਤੇ ਬਿੱਲ ਦੀਆਂ ਕਾਪੀਆਂ ਸ਼ਾਹ ਦੇ ਮੂੰਹ ’ਤੇ ਸੁੱਟ ਦਿੱਤੀਆਂ। ਚੇਅਰਪਰਸਨ ਅਤੇ ਪ੍ਰੀਜ਼ਾਈਡਿੰਗ ਅਫਸਰ ਨੇ ਤੁਰੰਤ ਸਦਨ ਨੂੰ ਦੁਪਹਿਰ 3 ਵਜੇ ਤੱਕ ਮੁਲਤਵੀ ਕਰ ਦਿੱਤਾ।
ਜਿਵੇਂ ਹੀ ਕਲਿਆਣ ਬੈਨਰਜੀ ਅਤੇ ਹੋਰ ਟੀਐੱਮਸੀ ਸੰਸਦ ਮੈਂਬਰਾਂ ਨੇ ਸ਼ਾਹ ਵੱਲ ਹਮਲਾ ਕੀਤਾ, ਸੰਸਦ ਮੈਂਬਰ ਅਨੁਰਾਗ ਠਾਕੁਰ, ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਗ੍ਰਹਿ ਮੰਤਰੀ ਦੇ ਦੁਆਲੇ ਇੱਕ ਸੁਰੱਖਿਆ ਘੇਰਾ ਬਣਾ ਲਿਆ। ਸਦਨ ਮੁਲਤਵੀ ਹੋਣ ਤੋਂ ਬਾਅਦ ਵੀ, ਲੋਕ ਸਭਾ ਦੇ ਐਨ ਵਿਚਾਲੇ ਹਫੜਾ-ਦਫੜੀ ਵਾਲੇ ਦ੍ਰਿਸ਼ ਦੇਖੇ ਗਏ ਜਿੱਥੇ ਸਾਰੇ ਵਿਰੋਧੀ ਸੰਸਦ ਮੈਂਬਰ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰਾਂ ਨਾਲ ਹੱਥੋਪਾਈ ਕਰਨ ਤੋਂ ਰੁਕ ਗਏ। ਵਿਰੋਧੀ ਧਿਰਾਂ ਨੇ ਸ਼ਾਹ ਨੂੰ ਬਿੱਲ ’ਤੇ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ। ਜਦੋਂ ਸਦਨ ਮੁਲਤਵੀ ਕੀਤਾ ਗਿਆ, ਤਾਂ ਸਦਨ ਦੇ ਐਨ ਵਿਚਾਲੇ ਅਤੇ ਗਲਿਆਰੇ ਬਿੱਲਾਂ ਦੇ ਫਟੇ ਹੋਏ ਟੁਕੜਿਆਂ ਨਾਲ ਭਰੇ ਹੋਏ ਸਨ। ਭਾਜਪਾ ਮੈਂਬਰਾਂ ਨੇ ਬੇਕਾਬੂ ਵਿਰੋਧੀ ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਹੈ।
ਲੋਕ ਸਭਾ ਵਿੱਚ ਦੋ ਬਿੱਲ ਪਾਸ
ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਲੋਕ ਸਭਾ ਵਿੱਚ ਆਨਲਾਈਨ ਗੇਮਿੰਗ ਨੂੰ ਨਿਯਮਤ ਕਰਨ ਵਾਲੇ ‘ਆਨਲਾਈਨ ਗੇਮਜ਼ ਪ੍ਰਮੋਸ਼ਨ ਐਂਡ ਰੈਗੂਲੇਸ਼ਨ ਬਿੱਲ (The Promotion and Regulation of Online Gaming Bill), 2025’ ਨੂੰ ਜ਼ੁਬਾਨੀ ਵੋਟ ਨਾਲ ਪਾਸ ਕੀਤਾ ਗਿਆ। ਇਸ ਦੌਰਾਨ ਸੰਸਦ ਨੇ 550 ਕਰੋੜ ਦੇ ਨਿਵੇਸ਼ ਨਾਲ ਗੁਹਾਟੀ ਵਿੱਚ ਦੇਸ਼ ਦਾ 22ਵਾਂ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (ਆਈਆਈਐੱਮ) ਸਥਾਪਤ ਕਰਨ ਸਬੰਧੀ ਬਿੱਲ ਨੂੰ ਪਾਸ ਕਰ ਦਿੱਤਾ। ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਇਸ ਬਿੱਲ ਨੂੰ ਰਾਜ ਸਭਾ ਵਿੱਚ ਪੇਸ਼ ਕੀਤਾ। ਵਿਰੋਧੀ ਧਿਰ ਦੇ ਵਾਕਆਊਟ ਮਗਰੋਂ ਜ਼ੁਬਾਨੀ ਵੋਟ ਨਾਲ ਇਸ ਬਿੱਲ ਨੂੰ ਪਾਸ ਕੀਤਾ ਗਿਆ। ਲੋਕ ਸਭਾ ਬਿੱਲ ਨੂੰ ਪਹਿਲਾਂ ਹੀ ਪਾਸ ਕਰ ਚੁੱਕੀ ਹੈ।